ਐਨ ਐਨ ਬੀ
ਯੋਰੋਸ਼ਲਮ – ਅਮਰੀਕਾ-ਇੰਗਲੈਂਡ ਹਮਲੇ ਦੌਰਾਨ ਅੜੇ ਰਹੇ ਅਤੇ ਪਿੱਛੋਂ ਫਾਂਸੀ ’ਤੇ ਲਟਕਾਏ ਗਏ ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਉਤੇ ਨਵੇਂ ਇਲਜ਼ਾਮ ਲਗਾਏ ਜਾ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ 1981 ਵਿੱਚ ਇਸਰਾਈਲ ਦੇ ਪ੍ਰਧਾਨ ਮੰਤਰੀ ਮੇਨਾਚੇਮ ਬੇਗਿਨ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ ਸੀ। ਅਸਲ ਵਿੱਚ ਇਸਰਾਈਲ ਨੇ 1981 ਵਿੱਚ ਹਵਾਈ ਹਮਲਾ ਕਰਕੇ ਇਰਾਕ ਦਾ ਪਰਮਾਣੂ ਰਿਐਕਟਰ ਤਬਾਹ ਕਰ ਦਿੱਤਾ ਸੀ ਤੇ ਸੱਦਾਮ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ।
ਇਹ ਜਾਣਕਾਰੀ ਸਦਾਮ ਹੁਸੈਨ ਦੇ ਅਟਾਰਨੀ ਬਡਾਈ ਅਰੇਫ ਅਲ ਨੇ ਹਵਾਲੇ ਨਾਲ ਅਲ ਕਿਉਦਸ ਅਲ ਅਰਬੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਹੈ। ਬਡਾਈ ਨੇ ਆਪਣੀਆਂ ਯਾਦਾਂ ਬਾਰੇ ਲਿਖੀ ਕਿਤਾਬ ਵਿੱਚ ਜ਼ਿਕਰ ਕੀਤਾ ਕਿ ਉਸ ਨੇ ਇਸਰਾਈਲ ਪ੍ਰਧਾਨ ਮੰਤਰੀ ਨੂੰ ਅਗਵਾ ਕਰਨ ਦੀ ਸਾਜਿਸ਼ ਬਾਰੇ ਇਰਾਕ ਦੇ ਉੱਚ ਖੁਫੀਆ ਅਧਿਕਾਰੀਆਂ ਤੋਂ ਸੁਣਿਆ ਸੀ। ਇਰਾਕੀ ਖੁਫੀਆ ਏਜੰਸੀਆਂ ਦਾ ਦਾਅਵਾ ਸੀ ਕਿ ਇਸ ਚੁਣੌਤੀ ਨੂੰ ਸਵੀਕਾਰ ਕਰਨ ਲਈ ਫਲਸਤੀਨ ਵਿੱਚ ਸਰਗਰਮ ਬਾਗੀ ਤਿਆਰ ਹਨ ਤੇ ਸੱਦਾਮ ਉਸ ਨੂੰ ਅਗਵਾ ਕਰਵਾ ਕੇ ਬਗ਼ਦਾਦ ਲਿਆਉਣਾ ਚਾਹੁੰਦਾ ਸੀ।
ਜ਼ਿਕਰਯੋਗ ਹੈ ਕਿ 7 ਜੂਨ, 1981 ਨੂੰ ਇਸਰਾਈਲ ਜੰਗੀ ਜਹਾਜ਼ਾਂ ਨੇ 960 ਕਿਲੋਮੀਟਰ ਲੰਬੀ ਉਡਾਣ ਭਰ ਕੇ ਓਸੀਰਾਕ ਵਿਖੇ ਇਰਾਕ ਦਾ ਪਰਮਾਣੂ ਟਿਕਾਣਾ ਬੰਬਾਰੀ ਕਰਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।