ਐਨ ਐਨ ਬੀ
ਸਿਰਸਾ – ਜ਼ਿਲ੍ਹੇ ਦੇ ਨਵੇਂ ਬਣੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਖੱਬੇ ਪੱਖੀ ਨੌਜਵਾਨ ਜਗਤਾਰ ਸਿੰਘ ਜੱਗਾ ਨੂੰ ਚੋਣ ਮੈਦਾਨ ਵਿੱਚ ਹੈ, ਜਦਕਿ ਕਾਂਗਰਸ ਨੇ ਹਰਿਆਣਾ ਯੋਜਨਾ ਬੋਰਡ ਦੇ ਸਾਬਕਾ ਡਿਪਟੀ ਚੇਅਰਮੈਨ ਤੇ ਪਿਛਲੀ ਵਾਰ ਚੋਣ ਹਾਰ ਚੁੱਕੇ ਚੌਧਰੀ ਰਣਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਤੋਂ ਭਾਜਪਾ ਵਿੱਚ ਛਾਲ ਮਾਰਨ ਵਾਲੇ ਸਾਬਕਾ ਸਿੰਚਾਈ ਮੰਤਰੀ ਜਗਦੀਸ਼ ਨਹਿਰਾ ਬੀ ਜੇ ਪੀ ਦੇ ਉਮੀਦਵਾਰ ਹਨ। ਨਵੀਂ ਬਣੀ ਹਰਿਆਣਾ ਲੋਕਹਿਤ ਪਾਰਟੀ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੋਬਿੰਦ ਕਾਂਡਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਇਨੈਲੋ ਨੇ ਨਵੇਂ ਚਿਹਰੇ ਰਾਮ ਚੰਦਰ ਕੰਬੋਜ ’ਤੇ ਦਾਅ ਲਗਾਇਆ ਹੈ। ਹਜਕਾਂ ਤੇ ਬਸਪਾ ਵੱਲੋਂ ਵੀ ਨਵੇਂ ਚਿਹਰੇ ਲੈ ਕੇ ਚੋਣ ਮੈਦਾਨ ਵਿੱਚ ਹਨ।
ਨਵੀਂ ਚੋਣ ਹਦਬੰਦੀ ਦੇ ਤਹਿਤ ਦੜਬਾ ਕਲਾਂ ਵਿਧਾਨ ਸਭਾ ਹਲਕੇ ਨੂੰ ਤੋੜ ਕੇ ਨਵੇਂ ਬਣੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਸੀ.ਪੀ.ਆਈ. ਦੇ ਉਮੀਦਵਾਰ ਕਾਮਰੇਡ ਜਗਤਾਰ ਸਿੰਘ ਜੱਗਾ ਇਲਾਕੇ ਦੇ ਇਕ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਕਿਸਾਨਾਂ ਮਜ਼ਦੂਰਾਂ ਸੰਘਰਸ਼ਸ਼ੀਲ ਨੇਤਾ ਵਜੋਂ ਇਲਾਕੇ ਵਿੱਚ ਪਛਾਣ ਹੈ। ਇਲਾਕੇ ਦੇ ਉੱਘੇ ਨੌਜਵਾਨ ਸਿਆਸਤਦਾਨ ਵਜੋਂ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਬਾਹਰ ਵੀ ਚੰਗਾ ਰਸੂਖ ਹੈ ਅਤੇ ਉਹ ਪੰਜਾਬੀ ਹੋਣ ਕਾਰਨ ਵੀ ਇਲਾਕੇ ਵਿੱਚੋਂ ਚੰਗੀਆਂ ਵੋਟਾਂ ਲੈਣ ਦੀ ਸਮਰੱਥਾ ਰੱਖਦੇ ਹਨ। ਓਧਰ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਨੇ ਕੰਬੋਜ ਬਰਾਦਰੀ ਨਾਲ ਸਬੰਧਤ ਰਾਮ ਚੰਦਰ ਕੰਬੋਜ ਨੂੰ ਉਮੀਦਵਾਰ ਬਣਾ ਕੇ ਸਿਆਸੀ ਚਾਲ ਚਲਾਈ ਹੈ। ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਨੈਲੋ ਨੇ ਕੰਬੋਜ ਬਿਰਾਦਰੀ ਦੇ ਕ੍ਰਿਸ਼ਨ ਕੰਬੋਜ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਹ ਕਾਂਗਰਸ ਦੇ ਕੱਦਵਾਰ ਨੇਤਾ ਚੌਧਰੀ ਰਣਜੀਤ ਸਿੰਘ ਨੂੰ ਹਰਾ ਕੇ ਜਿੱਤੇ ਸਨ, ਪਰ ਉਨ੍ਹਾਂ ਨੇ ਇਨੈਲੋ ਨੂੰ ਛੱਡ ਕੇ ਨਵੀਂ ਬਣੀ ਹਰਿਆਣਾ ਲੋਕਹਿਤ ਪਾਰਟੀ ਦਾ ਪੱਲਾ ਫੜ ਲਿਆ ਹੈ। ਇਨੈਲੋ ਉਮੀਦਵਾਰ ਰਾਮ ਚੰਦਰ ਕੰਬੋਜ ਵੀ ਰਾਣੀਆਂ ਇਲਾਕੇ ਦਾ ਹੀ ਜੰਮਪਲ ਹੈ ਪ੍ਰੰਤੂ ਚੌਧਰੀ ਰਣਜੀਤ ਸਿੰਘ ਅਤੇ ਭਾਜਪਾ ਉਮੀਦਵਾਰ ਸਾਬਕਾ ਮੰਤਰੀ ਚੌਧਰੀ ਜਗਦੀਸ਼ ਨਹਿਰਾ ਦੇ ਮੁਕਾਬਲੇ ਸਿਆਸੀ ਪੱਖੋਂ ਬਹੁਤ ਪਿੱਛੇ ਹੈ।
ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਜ਼ਿਆਦਾ ਜਨਆਧਾਰ ਨਹੀਂ ਹੈ ਪਰ ਐਤਕੀਂ ਸਾਬਕਾ ਮੰਤਰੀ ਜਗਦੀਸ਼ ਨਹਿਰਾ ਨੂੰ ਉਮੀਦਵਾਰ ਬਣਾ ਕੇ ਪਾਰਟੀ ਮੋਦੀ ਲਹਿਰ ਦਾ ਫਾਇਦਾ ਲੈਣਾ ਚਾਹੁੰਦੀ ਹੈ। ਜੇਕਰ ਕਾਂਗਰਸ ਦੀ ਗੁੱਟਬਾਜ਼ੀ ਜਾਰੀ ਰਹੀ ਤਾਂ ਇਸ ਦਾ ਫਾਇਦਾ ਇਨੈਲੋ, ਭਾਜਪਾ ਤੇ ਹਲੋਪਾ ’ਚੋਂ ਕਿਸੇ ਨਾ ਕਿਸੇ ਲਾਜਮੀ ਮਿਲ ਸਕਦਾ ਹੈ।