ਹਰਿਆਣਾ ਵਿੱਚ ਚੌਟਾਲਾ ਲਹਿਰ ਚੱਲ ਰਹੀ ਹੈ : ਚੰਦੂਮਾਜਰਾ
ਐਨ ਐਨ ਬੀ
ਅੰਬਾਲਾ – ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰੁੱਸਿਆਂ ਨੂੰ ਮਨਾਉਣ ਲਈ ਉਮੀਦਵਾਰ ਅਤੇ ਪਾਰਟੀਆਂ ਦੇ ਆਗੂ ਜ਼ੋਰਦਾਰ ਯਤਨ ਕਰ ਰਹੇ ਹਨ। ਕੋਈ ਆਗੂ ਸਰਕਾਰ ਬਣਨ ’ਤੇ ਕੋਈ ਅਹੁਦਾ ਦੇਣ ਦਾ ਵਾਅਦਾ ਕਰਕੇ ਅਤੇ ਕੋਈ ਕੰਮ-ਕਾਜ ਵਿੱਚ ਮਦਦ ਕਰਵਾਉਣ ਦਾ ਲਾਰਾ ਲਾ ਕੇ ਰੁੱਸਿਆਂ ਮਨਾਉਣ ਦੇ ਯਤਨ ਕਰਦੇ ਨਜ਼ਰ ਆਉਂਦੇ ਹਨ। ਰੁੱਸੇ ਹੋਏ ਆਗੂ ਅਤੇ ਉਨ੍ਹਾਂ ਦੇ ਹਮਾਇਤੀ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਕਈ ਵਾਰ ਨਾਲ ਚੱਲ ਪੈਂਦੇ ਹਨ। ਕਈ ਆਪਣੀ ਨਾਰਾਜ਼ਗੀ ਕੱਢਣ ਲਈ ਕਿਸੇ ਹੋਰ ਪਾਰਟੀ ਦਾ ਦਾਮਨ ਫੜਨ ਦੇ ਰਾਹ ਪੈ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਅਤੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦਿਨ ਦੀ ਸ਼ੁਰੂਆਤ ਅੰਬਾਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਪੂਨੀਆ ਨੂੰ ਟਿਕਟ ਦੇਣ ਤੋਂ ਨਾਰਾਜ਼ ਅਕਾਲੀ ਅਤੇ ਇਨੈਲੋ ਆਗੂਆਂ ਨੂੰ ਮਨਾਉਣ ਨਾਲ ਕੀਤੀ। ਉਹ ਨਾਰਾਜ਼ ਆਗੂਆਂ ਨੂੰ ਮਨਾਉਣ ਵਿੱਚ ਸਫਲ ਹੋ ਗਏ। ਪ੍ਰੋ. ਚੰਦੂਮਾਜਰਾ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਮੱਖਣ ਸਿੰਘ ਲੁਬਾਣਾ ਦੇ ਘਰ ਗਏ ਤੇ ਉਨ੍ਹਾਂ ਨੂੰ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਸਰਗਰਮ ਹੋਣ ਲਈ ਮਨਾਇਆ ਅਤੇ ਉਸ ਦੇ ਕੁਝ ਹਮਾਇਤੀਆਂ ਨੇ ਆਪਣੇ ਮਨ ਦਾ ਗੁਬਾਰ ਕੱਢਦਿਆਂ ਪੁੱਛਿਆ ਕਿ ਪਹਿਲਾਂ ਟਿਕਟ ਦੇਣ ਦਾ ਲਾਰਾ ਕਿਉਂ ਲਾਇਆ ਗਿਆ ਸੀ ਤੇ ਬਾਅਦ ਵਿੱਚ ਟਿਕਟ ਕਿਉਂ ਕੱਟੀ ਹੈ ?
ਯਾਦ ਰਹੇ ਕਿ ਲੁਬਾਣਾ ਪੂਰੇ ਹਲਕੇ ਦਾ ਦੋ ਵਾਰੀ ਗੇੜਾ ਲਾ ਚੁੱਕੇ ਹਨ ਤੇ ਕਾਫੀ ਪੈਸਾ ਵੀ ਖਰਚ ਕਰ ਚੁੱਕੇ ਹਨ ਅਤੇ ਹੁਣ ਭਾਈਚਾਰੇ ਤੇ ਹਲਕੇ ਵਿੱਚ ਬੇਇੱਜ਼ਤੀ ਹੋਈ ਮਹਿਸੂਸ ਕਰਦੇ ਹਨ। ਪ੍ਰੋ. ਚੰਦੂਮਾਜਰਾ ਦਾ ਜਵਾਬ ਸੀ ਕਿ ਇਸ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਗੋਬਿੰਦਗੜ੍ਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਦੀਪ ਸਿੰਘ ਭਾਨੋਹੇੜੀ, ਜਸਵਿੰਦਰ ਸਿੰਘ ਸੋਂਧਾ, ਬਲਬੀਰ ਸਿੰਘ ਇੰਜੀਨੀਅਰ ਤੇ ਹੋਰ ਆਗੂ ਪਾਰਟੀ ਟਿਕਟ ਲੈਣ ਦੇ ਦਾਅਵੇਦਾਰ ਸਨ। ਪਾਰਟੀ ਨੇ ਟਿਕਟ ਕਿਸੇ ਇਕ ਨੂੰ ਹੀ ਦੇਣੀ ਸੀ। ਇਸ ਕਰਕੇ ਹੁਣ ਨਾਰਾਜ਼ਗੀ ਦਾ ਸਮਾਂ ਨਹੀਂ ਹੈ।
ਅਕਾਲੀ ਦਲ ਦੇ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਵੱਖ-ਵੱਖ ਸੁਆਲਾਂ ਦੇ ਜੁਆਬ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦਾ ਇਨੈਲੋ ਨਾਲ ਸਮਝੌਤਾ ਹੈ। ਪਾਰਟੀ ਹਰਿਆਣਾ ਵਿੱਚ ਇਨੈਲੋ ਉਮੀਦਵਾਰਾਂ ਦੀ ਮਦਦ ਕਰੇਗੀ। ਲੋੜ ਪੈਣ ’ਤੇ ਉਹ ਭਾਜਪਾ ਅਤੇ ਇਨੈਲੋ ਨੂੰ ਨੇੜੇ ਲਿਆਉਣ ਦਾ ਵੀ ਯਤਨ ਕਰੇਗੀ। ਇਹ ਪੁੱਛੇ ਜਾਣ ‘ਤੇ ਕੀ ਲੋਕ ਸਭਾ ਦੇ ਮੁਕਾਬਲੇ ਹਰਿਆਣਾ ਵਿੱਚ ਮੋਦੀ ਦੀ ਲਹਿਰ ਮੱਧਮ ਪੈ ਚੁੱਕੀ ਹੈ ਤਾਂ ਉਨ੍ਹਾਂ ਕਿਹਾ, ”ਹਰਿਆਣਾ ਵਿੱਚ ਚੌਟਾਲਾ ਲਹਿਰ ਚੱਲ ਰਹੀ ਹੈ। ਇਹ ਲਹਿਰ ਹਰਿਆਣਾ ਦੀ ਸਿਆਸਤ ਵਿੱਚ ਕਾਂਗਰਸ ਸਰਕਾਰ ਦਾ ਖਾਤਮਾ ਕਰ ਦੇਵੇਗੀ।”
ਅੰਬਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁਰਜਰ ਵੀ ਰੁੱਸਿਆਂ ਨੂੰ ਮਨਾਉਣ ਲਈ ਆਏ ਹੋਏ ਸਨ ਤੇ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਨੈਲੋ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਆਗੂ ਜਸਬੀਰ ਸਿੰਘ ਮਲੌਰ ਨੂੰ ਭਾਜਪਾ ਦੀ ਮਦਦ ਕਰਨ ਲਈ ਮਨਾ ਲਿਆ। ਮਲੌਰ ਅਤੇ ਉਸ ਦੇ ਸਾਥੀਆਂ ਨੇ ਟਿਕਟ ਨਾ ਮਿਲਣ ਕਰਕੇ ਭਾਜਪਾ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਇਸੇ ਤਰ੍ਹਾਂ ਕੁਝ ਹੋਰ ਹਲਕਿਆਂ ਵਿੱਚ ਵੀ ਰੁੱਸਿਆਂ ਨੂੰ ਮਨਾਉਣ ਦੇ ਯਤਨ ਜਾਰੀ ਹਨ।