ਹਰਿਆਣਾ ਚੋਣਾਂ : ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ

0
1226

ਭਾਜਪਾ ਦੇ ਪੱਖ ’ਚ ਗਏ ਪ੍ਰੇਮੀਆਂ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ  

Dera

ਸ਼ਬਦੀਸ਼

ਚੰਡੀਗੜ੍ਹ – ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਆਖਰੀ ਦਿਨ ਭਾਜਪਾ ਨਰਿੰਦਰ ਮੋਦੀ ਦਾ ਜਾਦੂ ਮੁੜ ਚੱਲਣ ਦੀ ਉਡੀਕ ਕਰਦੀ ਨਜ਼ਰ ਆ ਰਹੀ ਸੀ। ਉਹ ਆਸਾਂ ਨੂੰ ਬੂਰ ਪੈਣ ਦੀ ਸੰਭਾਵਨਾ ਵੇਖ ਕੇ ਖੁਸ਼ ਹੋ ਸਕਦੀ ਹੈ, ਕਿਉਂਕਿ ਹਰਿਆਣਾ ਵਿੱਚ ਡੇਰਾ ਸੱਚਾ ਸੌਦਾ ਨੇ ਸਿਆਸੀ ਮਾਹਰਾਂ ਨੂੰ ਹੈਰਾਨ ਕਰਦੇ ਹੋਏ ਭਾਜਪਾ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਓਦੋਂ ਹੋਇਆ ਹੈ, ਜਦੋਂ ਜਨਤਕ ਪੱਧਰ ’ਤੇ ਹੋਣ ਵਾਲਾ ਜ਼ਬਰਦਸਤ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਅਤੇ ਉਮੀਦਵਾਰਾ ਤੇ ਉਨ੍ਹਾਂ ਦੇ ਹਮਾਇਤੀ ਘਰੋ ਘਰੀ ਸੰਪਰਕ ਕਰਨ ਕਰਦੇ ਹੋਏ  ਬੂਥ ਪੱਧਰੀ ਪ੍ਰਬੰਧਾਂ ਵਿਚ ਜੁੱਟ ਗਏ ਹਨ। ਡੇਰਾ ਸੱਚਾ ਸੌਦਾ ਦੇ ਰਾਜਨੀਤਕ ਵਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ, ਜਿਸ ਦਾ ਅਸਰ ਪੰਜ ਤੋਂ ਵੱਧ ਜ਼ਿਲ੍ਹਿਆਂ ਵਿਚ ਪੈਣ ਦੇ ਆਸਾਰ ਹਨ। ਇਸ ਫੈਸਲੇ ਤੋਂ ਬਾਅਦ ਡੇਰੇ ਦੇ ਸਰਧਾਲੂਆਂ ਦੇ ਘਰਾਂ ‘ਤੇ ਕਮਲ ਦੇ ਫੁੱਲ ਵਾਲੀਆਂ ਝੰਡੀਆਂ ਸੱਜਣੀਆਂ ਸ਼ੁਰੂ ਹੋ ਗਈਆਂ ਹਨ।

ਡੇਰੇ ਵੱਲੋਂ ਸੱਤਾ ਨਾਲ ਨੇੜਤਾ ਦੀ ਸਿਆਸਤ

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਡੇਰਾ ਸੱਚਾ ਸੌਦਾ ਨੂੰ ਰੰਗ ਦਾ ਪੱਤਾ ਬਣਾ ਲਿਆ ਹੈ। ਇਸ ਫੈਸਲੇ ਦਾ ਅਸਰ ਸਿਰਸਾ, ਫਤਿਆਬਾਦ, ਕੈਥਲ, ਕੁਰੂਕਸ਼ੇਤਰ, ਅੰਬਾਲਾ ਅਤੇ ਕਰਨਾਲ ਜ਼ਿਲੇ ਦੇ ਹਲਕਿਆਂ ਵਿਚ ਪਵੇਗਾ। ਡੇਰੇ ਦੇ ਰਾਜਨੀਤਕ ਵਿੰਗ ਨੇ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਗੁਣ, ਦੋਸ਼ ਦੇ ਆਧਾਰ ਉੱਤੇ ਉਮੀਦਵਾਰਾਂ ਨੂੰ ਵੋਟਿੰਗ ‘ਤੇ ਜ਼ੋਰ ਰਿਹਾ ਹੈ। ਡੇਰੇ ਵਲੋਂ ਹਮਾਇਤ ਕਰਨ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਜਨਤਾ ਪਾਰਟੀ ਅਤੇ  ਸਭ ਤੋਂ ਵੱਧ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਣ ਦੇ ਆਸਾਰ ਹਨ। ਇਹ ਨੁਕਸਾਨ ਅਕਾਲੀ ਦਲ ਦੇ ਸਹਿਯੋਗ ਕਾਰਨ ਇਨੈਲੋ ਨੂੰ ਵੀ ਹੋ ਸਕਦਾ ਹੈ। ਹੁਣ ਤੱਕ ਲੁਕਵੇਂ ਰੂਪ ਵਿੱਚ ਅਤੇ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕਰਦੇ ਡੇਰਾ ਸੱਚਾ ਸੌਦਾ ਦਾ ਸਿਆਸੀ ਰੁਖ਼ ਭਵਿੱਖੀ ਸਿਆਸਤ ਨੂੰ ਕਿਵੇਂ ਪ੍ਰਭਾਵਤ ਕਰੇਗਾ ਜਾਂ ਇਸ ‘ਗ਼ਲਤੀ’ ਕਾਰਨ ਪ੍ਰਭਾਵਤ ਹੋਵੇਗਾ, ਇਹ ਕਾਬਲ-ਏ-ਬਹਿਸ ਮੁੱਦਾ ਬਣ ਗਿਆ ਹੈ।

ਆਪਨੇ ਭਾਜਪਾ ਖ਼ਿਲਾਫ਼ ਕਾਰਵਾਈ ਮੰਗੀ

Rajeev

ਓਧਰ ਆਮ ਆਦਮੀ ਪਾਰਟੀ ਹਰਿਆਣਾ ਨੇ ਡੇਰਾ ਸੱਚਾ ਸੌਦਾ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਹਮਾਇਤ ਖਿਲਾਫ਼ ਚੋਣ ਕਮਿਸ਼ਨ ਕੋਲੋਂ ਭਾਜਪਾ ਖ਼ਿਲਾਫ਼ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਹਰਿਆਣਾਂ ਦੇ ਮੁੱਖ ਬੁਲਾਰੇ ਰਾਜੀਵ ਗੋਦਾਰਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਬਾਬਾ ਰਾਮ ਰਹੀਮ ਖਿਲਾਫ ਗੰਭੀਰ ਕਿਸਮ ਦੇ ਕੇਸ ਚਲ ਰਹੇ ਹਨ ਅਤੇ ਕਈ ਕੇਸਾਂ ਵਿੱਚ ਸੀ.ਬੀ.ਆਈ. ਜਾਂਚ ਕਰ ਰਹੀ ਹੈ। ਇਹ ਕੇਸ ਕੇਂਦਰ ਸਰਕਾਰ ਦੇ ਪ੍ਰਭਾਵੀ ਦਖਲ ਨਾਲ ਡੇਰਾ ਮੁਖੀ ਦਾ ਫਾਇਦਾ ਕਰਨ ਵੱਲ ਮੁੜ ਸਕਦੇ ਹਨ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਡੇਰੇ ਤੇ ਭਾਜਪਾ ਵਿਚਾਲੇ ‘ਸੌਦੇਬਾਜ਼ੀ’ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ। ਰਾਜੀਵ ਗੋਂਦਾਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਤੇ ਧਰਮ ਦੇ ਗਠਜੋੜ ਦੇ ਖ਼ਿਲਾਫ਼ ਹੈ। ਪਾਰਟੀ ਮੰਨਦੀ ਹੈ ਕਿ ਇਹ ਵੱਖ-ਵੱਖ ਖੇਤਰ ਹਨ ਤੇ ਇਨ੍ਹਾਂ ਦਾ ਇਕ-ਦੂਜੇ ਵਿੱਚ ਦਖਲ ਲੋਕਤੰਤਰ ਲਈ ਖਤਰਨਾਕ ਸਾਬਤ ਹੁੰਦਾ ਹੈ। ਡੇਰਾ ਸੱਚਾ ਸੌਦਾ ਦਾ ਚੋਣ ਰਾਜਨੀਤੀ ਵਿੱਚ ਦਖਲ ਦੇਣਾ ਲੋਕਤੰਤਰ ਦੀ ਭਾਵਨਾ ਅਤੇ ਕਾਨੂੰਨ ਦੇ ਖ਼ਿਲਾਫ਼ ਹੈ।

ਯਾਦ ਰਹੇ ਕਿ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਡੇਰਾ ਮੁਖੀ ਨੂੰ ਮਿਲ਼ ਰਹੇ ਸਨ. ਓਦੋਂ ਤੱਕ ਪ੍ਰਧਾਨ ਮੰਤਰੀ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦੇ ਸ਼ਬਦ ਰੈਲੀ ਵਿੱਚ ਬੋਲ ਚੁੱਕੇ ਸਨ ਅਤੇ ਉਨ੍ਹਾਂ ਸ਼ਬਦਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਜਾ ਚੁੱਕਾ ਸੀ।

 

ਹਰ ਧਿਰ ਨੇ ਪੂਰੀ ਵਾਹ ਲਾਉਣ ਵਿੱਚ ਕਸਰ ਨਹੀਂ ਰਹਿਣ ਦਿੱਤੀ

Sonia GandhiPM Modhichautla

ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਲਈ 1350 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 15 ਅਕਤੂਬਰ ਨੂੰ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਜਾਏਗਾ ਅਤੇ 19 ਅਕਤੂਬਰ ਨੂੰ ਚੋਣ ਫਤਵਾ ਸਾਹਮਣੇ ਆਵੇਗਾ। ਇਸ ਵਾਰ ਦੀ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਕਾਰ ਦਾਅ ’ਤੇ ਹੈ ਅਤੇ ਉਨ੍ਹਾਂ ਭਾਜਪਾ ਦੇ ਹੱਕ ਵਿਚ ਚੋਣ ਮੁਹਿੰਮ ਮਘਾਉਣ ਲਈ ਪੂਰੀ ਵਾਹ ਲਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਹੋਰ ਭਾਜਪਾ ਆਗੂਆਂ ਤੇ ਫਿਲਮੀ ਕਲਾਕਾਰ ਵੀ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਨਜ਼ਰ ਆਏ ਹਨ।

ਦਸ ਸਾਲਾਂ ਤੱਕ ‘ਨੰਬਰ ਵੰਨ ਹਰਿਆਣਾ’ ਦਾ ਪ੍ਰਚਾਰ ਕਰਦੇ ਰਹੇ ਭੂਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਸਮੇਤ ਕਈ ਕਾਂਗਰਸੀ ਆਗੂਆਂ ਦਾ ਸਹਾਰਾ ਲਿਆ ਹੈ। ਓਧਰ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਕਈ ਆਗੂ  ਤੇ ਮੰਤਰੀ ਇੰਡੀਅਨ ਨੈਸ਼ਨਲ ਲੋਕ ਦਲ ਦੇ  ਉਮੀਦਵਾਰਾਂ ਦੇ ਹੱਕ ਵਿਚ ਪੂਰਾ ਤਾਣ ਲਾ ਰਹੇ ਸਨ। ਭਾਜਪਾ ਦੇ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਤਿੱਖਾ ਰੁਖ਼ ਧਾਰਨ ਕਰਕੇ ਅਕਾਲੀ-ਭਾਜਪਾ ਗਠਜੋੜ ਵਿਚਾਲੇ ਖਿਚੋਤਾਣ ਵਧਾ ਦਿੱਤੀ ਹੈ, ਜਿਸਦਾ ਅਮਲੀ ਪ੍ਰਗਟਾਵਾ ਚੋਣਾਂ ਤੋਂ ਬਾਅਦ ਸਾਹਮਣੇ ਆ ਸਕਦਾ ਹੈ। ਸਿਆਸੀ ਮਾਹਰ ਗਠਜੋੜ ਧਰਮ ਦੀ ਕੁੜੱਤਣ ਵਧਣ ਦੇ ਸਵਾਲ ’ਤੇ ਇੱਕਮਤ ਹਨ, ਪਰ ਇਸ ਗਠਜੋੜ ਦੇ ‘ਟੁੱਟ ਗਈ ਤੜੱਕ ਕਰਕੇ’ ਵਰਗੇ ਹਾਲਾਤ ਵਿੱਚ ਦਾਖਲ ਹੋਣ ਬਾਰੇ ਸ਼ੰਕਾ ਹੀ ਪ੍ਰਗਟ ਕਰ ਰਹੇ ਹਨ।

ਜਿੱਥੋਂ ਹਰਿਆਣਾ ਜਨਹਿੱਤ ਕਾਂਗਰਸ, ਹਰਿਆਣਾ ਲੋਕ ਵਿਕਾਸ ਪਾਰਟੀ, ਹਰਿਆਣਾ ਜਨ ਚੇਤਨਾ ਪਾਰਟੀ ਦਾ ਸਬੰਧ ਹੈ, ਇਨ੍ਹਾਂ ਦੇ ਆਗੂਆਂ ਨੇ ਚੋਣ ਪ੍ਰਚਾਰ ਲਈ ਪੂਰੀ ਵਾਹ ਲਾਈ ਹੈ ਅਤੇ ਦੋਵੇਂ ਕਮਿਊਨਿਸਟ ਪਾਰਟੀਆਂ ਦੇ ਕੇਂਦਰੀ ਆਗੂ ਵੀ ਉਮੀਦਵਾਰਾਂ ਦੇ ਹੱਕ ਵਿਚ ਗੇੜੇ ਲਾ ਗਏ ਹਨ, ਪਰ ਬਹੁਤ ਥੋੜ੍ਹੀਆਂ ਸੀਟਾਂ ਹੋ ਸਕਦੀਆਂ ਹਨ, ਜਿੱਥੇ ਇਨ੍ਹਾਂ ਵਿਚੋਂ ਕਿਸੇ ਪਾਰਟੀ ਨੇ ਤਿਕੋਣੀ ਟੱਕਰ ਨੂੰ ਚੌਕੋਣੀ ਬਣਾ ਕੇ  ਲਾਹਾ ਲੈਣ ਦੀ ਸਥਿਤੀ ਤੱਕ ਜਾਣਾ ਹੈ। 90 ਮੈਂਬਰੀ ਵਿਧਾਨ ਸਭਾ ਦੇ ਬਹੁਤੇ ਹਲਕਿਆਂ ਵਿਚ ਕਾਂਗਰਸ, ਭਾਜਪਾ ਅਤੇ ਇਨੈਲੋ ਦੀ ਟੱਕਰ ਹੀ ਨਜ਼ਰ ਆ ਰਹੀ ਹੈ। ਇਸ ਦੇਸ਼ ਦੇ ਮਹਿੰਗੇ ਚੋਣ ਪ੍ਰਚਾਰ ਵਿੱਚ ਹੋਰ ਕੋਈ ਇਨ੍ਹਾਂ ਨਾਲ ਭਿੜਨ ਦੇ ਕਾਬਲ ਵੀ ਨਹੀਂ ਹੈ। ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਮੂੰਹ ਪਰਨੇ ਡਿੱਗਣ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਬਾਹਰ ਬੈਠੀ ਤਬਸਰਾ ਫਰਮਾ ਰਹੀ ਹੈ।