ਹਰਿਆਣਾ ਚੋਣਾਂ : ਨਰਿੰਦਰ ਮੋਦੀ ਵੱਲੋਂ ਕਾਂਗਰਸ ਤੇ ਚੌਟਾਲਾ ਪਰਿਵਾਰ ’ਤੇ ਸਿੱਧੇ ਹਮਲੇ ਜਾਰੀ

0
1058

ਬਾਹੂਬਲੀਆਂ ਤੋਂ ਹਰਿਆਣਾ ਦੀ ਖਲਾਸੀ ਜ਼ਰੂਰੀ : ਮੋਦੀ

 Modi

ਐਨ ਐਨ ਬੀ

ਕੁਰੂਕਸ਼ੇਤਰ/ਹਿਸਾਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਟਾਲਾ ਪਰਿਵਾਰ ਤੇ ਕਾਂਗਰਸ ਉਤੇ ਤਿੱਖੇ ਹਮਲੇ ਕੀਤੇ। ਚੌਟਾਲਾ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਾਹੂਬਲੀਆਂ ਤੋਂ ਸੂਬੇ ਦਾ ਛੁਟਕਾਰਾ ਕਰਾਉਣ ਤੇ ਨਾਲ ਹੀ ਰਾਬਰਟ ਵਾਡਰਾ ਦੇ ਜ਼ਮੀਨੀ ਸੌਦਿਆਂ ਦਾ ਜ਼ਿਕਰ ਛੇੜ ਕੇ ਰਾਜ ਨੂੰ ਕਾਂਗਰਸ ਦੀ ਪਰਿਵਾਰਵਾਦੀ ਸਿਆਸਤ ਨੂੰ ਨਿਸ਼ਾਨਾ ਬਣਾਇਆ। ਉਹ  ਕੁਰੂਕਸ਼ੇਤਰ, ਹਿਸਾਰ, ਫਰੀਦਾਬਾਦ ‘ਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਦਾ ਸਪਸ਼ਟ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਸੂਬੇ ‘ਤੇ ਜੋ ਲੋਕ ਰਾਜ ਕਰਦੇ ਰਹੇ ਹਨ, ਉਹ ਬਾਹੂਬਲੀ ਸਨ। ਸੂਬੇ ਦਾ ਇਨ੍ਹਾਂ ਤੋਂ ਛੁਟਕਾਰਾ ਕਰਵਾ ਕੇ ਹੀ ਆਮ ਮਨੁੱਖ ਨੂੰ ਚੰਗਾ ਸ਼ਾਸਨ ਦੇਣ, ਬਜ਼ੁਰਗਾਂ ਦਾ ਮਾਣ-ਸਤਿਕਾਰ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।

ਚੌਟਾਲਾ ‘ਤੇ ਤਿੱਖਾ ਸੁਰ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕ ਜੇਲ੍ਹ ਤੋਂ ਹੀ ਹਰਿਆਣਾ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਦੇ ਸੁਪਨੇ ਦੇਖ ਰਹੇ ਹਨ, ਪਰ ਉਨ੍ਹਾਂ ਨੂੰ ਜੇਲ੍ਹ ਤੋਂ ਮਦਦ ਦੀ ਜਾਂ ਜੇਲ੍ਹ ‘ਚ ਬੰਦ ਗੁੰਡਿਆਂ ਦੀ ਇਮਦਾਦ ਦੀ ਲੋੜ ਨਹੀਂ। ਪਰਿਵਾਰਵਾਦੀ ਸਿਆਸਤ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਵੀ ਸੱਤਾ ‘ਚ ਆਇਆ, ਉਸ ਦਾ ਪਰਿਵਾਰ ਸੂਬੇ ‘ਚ ਰਾਜ ਕਰਨ ਲੱਗ ਪਿਆ ਅਤੇ ਰਾਜ ਨੂੰ ਲੁੱਟ-ਲੁੱਟ ਕੇ ਖਾ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਅਕਤੀਵਾਦ, ਪਰਿਵਾਰਵਾਦੀ, ਸਭਿਆਚਾਰ ਤੇ ਭਾਈ-ਭਤੀਜਾਵਾਦ, ਜਮਹੂਰੀਅਤ ਲਈ ਵੱਡਾ ਖਤਰਾ ਹਨ ਤੇ ਇਸੇ ਕਰਕੇ ਹਰਿਆਣਾ ਦੀ ਹੋਣੀ ਬਦਲਣੀ ਜ਼ਰੂਰੀ ਹੈ।
ਨਰਿੰਦਰ ਮੋਦੀ ਨੇ ਕਾਫੀ ਤੇਜ਼ ਸੁਰ ਵਿੱਚ ਕਿਹਾ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਸ੍ਰੀਮਤੀ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਤੇ ਡੀ ਐਲ ਐਫ ਦੇ ਜ਼ਮੀਨ ਸੌਦੇ ਨੂੰ ਕਾਨੂੰਨੀ ਤੌਰ ‘ਤੇ ਸਹੀ ਕਰਵਾ ਦਿੱਤਾ ਹੈ, ਕਿਉਂਕਿ ਉਸਨੂੰ ਪਤਾ ਹੀ ਹੈ ਕਿ ਚੋਣਾਂ ਤੋਂ ਬਾਅਦ ਦਾਮਾਦ ਦੇ ਪੱਖ ਵਿੱਚ ਕੁਝ ਵੀ ਨਹੀਂ ਹੋ ਸਕਣਾ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਗੰਭੀਰ ਮੁੱਦੇ ਦਾ ਨੋਟਿਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਨੂੰ ਪਤਾ ਸੀ ਕਿ ਚੋਣਾਂ ਮਗਰੋਂ ਤਾਂ ਇਨ੍ਹਾਂ ਗੈਰਕਾਨੂੰਨੀ ਸੌਦਿਆਂ ਨੂੰ ਕੋਈ ਕਲੀਅਰੈਂਸ ਨਹੀਂ ਮਿਲਣੀ, ਸੋ ਉਪਰੋਂ (ਕਾਂਗਰਸ ਹਾਈ ਕਮਾਨ) ਦਬਾਅ ਹੇਠ ਅਜਿਹਾ ਫੈਸਲਾ ਲੈਣ ਦੀ ਦਲੇਰੀ ਕਰ ਵਿਖਾਈ ਹੈ।

ਜ਼ਮੀਨ ਬਾਰੇ ਦੋਸ਼ ਸਿੱਧ ਹੋਣ ‘ਤੇ ਅਹੁਦਾ ਛੱਡ ਦਿਆਂਗਾ : ਹੁੱਡਾ

ਓਧਰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਰਾਬਰਟ ਵਾਡਰਾ ਦੀ ਸ਼ਮੂਲੀਅਤ ਵਾਲੇ ਜ਼ਮੀਨੀ ਸੌਦਿਆਂ ਨਾਲ ਉਨ੍ਹਾਂ ਦੀ ਸਰਕਾਰ ਦਾ ਕੋਈ ਲੈਣ-ਦੇਣ ਨਹੀਂ ਹੈ। ਅਜਿਹੀਆਂ ਸ਼ਿਕਾਇਤਾਂ ਕਰਨ ਵਾਲੇ ਇਸਦੀ ਜਾਂਚ ਲਈ ਲੋਕਪਾਲ ਤੱਕ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੋਸ਼ ਲਾਉਣਾ ਗੁੰਮਰਾਹਕੁਨ ਸਿਆਸਤ ਹੈ। ਜੇਕਰ ਕੋਈ ਸਿੱਧ ਕਰ ਦੇਵੇ ਕਿ ਵਾਡਰਾ ਨੂੰ ਦਿੱਤੀ ਗਈ ਜ਼ਮੀਨ ਦੇ ਇਕ ਇੰਚ ਨਾਲ ਵੀ ਸਰਕਾਰ ਦਾ ਵਾਹ ਵਾਸਤਾ ਹੈ, ਤਾਂ ਉਹ ਹੁਣੇ ਅਹੁਦਾ ਛੱਡਣ ਲਈ ਤਿਆਰ ਹਨ।