ਐਨ ਐਨ ਬੀ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਬੰਧਾਂ ਦਰਮਿਆਨ ਹਰਿਆਣਾ ਦੀ ਚੋਣ ਵੱਡੇ ਪਾੜੇ ਦਾ ਆਧਾਰ ਬਣਦੀ ਜਾ ਰਹੀ ਹੈ, ਹਾਲਾਂਕਿ ਇਹ ਸਾਂਝ ਕੋਈ ਨਵੀਂ ਤੇ ਅਨੋਖੀ ਗੱਲ ਨਹੀਂ ਹੈ। ਪੰਜਾਬ ਵਿੱਚ ਤੀਜੀ ਵਾਰੀ ਸੱਤਾ ਦਾ ਸੁਖ ਮਾਣ ਰਹੇ ਗੱਠਜੋੜ ਦੇ ਰਾਜਸੀ ਸਫ਼ਰ ਵਿੱਚ ਤਰੇੜ ਦੀ ਵਜ੍ਹਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀ ਹੋਂਦ ਵੀ ਹੈ। ਇਹ ਐਨ ਡੀ ਏ ਗਠਜੋੜ ਭਾਜਪਾ ਦੀ ਰਣਨੀਤੀ ਤਹਿਤ ਹੈ, ਉਸ ਕਿਸਮ ਦੀ ਮਜਬੂਰੀ ਨਹੀਂ ਹੈ, ਜਿਵੇਂ ਅਟੱਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਹੁੰਦਾ ਸੀ। ਐਨ ਡੀ ਏ ਦਾ ਸੁਭਾਅ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਰਹੇ ਖੱਬੇਪੱਖੀ ਗਠਜੋੜ ਵਰਗਾ ਹੈ, ਜਿਸ ਵਿੱਚ ਮੁਕੰਮਲ ਬਹੁਸੰਮਤੀ ਦੇ ਬਾਵਜੂਦ ਸੀ ਪੀ ਆਈ (ਐਮ) ਗਠਜੋੜ ਦੇ ਧਰਮ ਦਾ ਪਾਲਣ ਕਰਦੀ ਸੀ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ, ਜੋ ਕਿ ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਹਨ, ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਮਾਇਤ ਪਹਿਲਾਂ ਵੀ ਕਰਦਾ ਰਿਹਾ ਹੈ ਅਤੇ ਉਸਨੇ ਵਿ ਲੋਕ ਸਭਾ ਦੀਆਂ ਚੋਣਾਂ ਦਰਮਿਆਨ ਵੀ ਇਹੀ ਕੀਤੀ ਸੀ, ਪਰ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਦਾ ਰਾਜਸੀ ਦ੍ਰਿਸ਼ ਬਦਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਪਹਿਲਾਂ ਨਾਲੋਂ ਪੈਰਾਂ ਸਿਰ ਹੈ। ਪੰਜਾਬ ਵਿੱਚ ਗੱਠਜੋੜ ਦੇ ਸਬੰਧਾਂ ’ਤੇ ਪੈਣ ਵਾਲੇ ਅਸਰ ਦੀ ਗੱਲ ਕਰਦਿਆਂ ਭਾਜਪਾ ਦੇ ਇਸ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਵੱਲੋਂ ਸਾਰੇ ਹਾਲਾਤ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਬਾਦਲ-ਚੌਟਾਲਾ ਯਾਰੀ ਦਾ ਅਸਲ ਵਿਵਾਦ ਦਾ ਰੁਖ਼ ਚੋਣ ਨਤੀਜੇ ਤੈਅ ਕਰਨਗੇ, ਪਰ ਭਾਜਪਾ ਦੇ ਆਗੂਆਂ ਦਾ ਦੱਸਣਾ ਹੈ ਕਿ ਹਾਈ ਕਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦਾ ਮੰਨਣਾ ਹੈ ਕਿ ਗੁਆਂਢੀ ਸੂਬੇ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਮਹਿਜ਼ ਆਪਣੇ ਹਿੱਸੇ ਦੇ ਦੋ ਵਿਧਾਨ ਸਭਾ ਹਲਕਿਆਂ ਤੱਕ ਹੀ ਸੀਮਤ ਨਹੀਂ ਹੈ, ਬਲਕਿ 40 ਦੇ ਕਰੀਬ ਸੀਟਾਂ ਉੱਤੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਰ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਅਤੇ ਇਹ ਸੱਚ ਭਾਜਪਾ ਨੂੰ ਕੁੱਝ ਜ਼ਿਆਦਾ ਹੀ ਰੜਕਣ ਲੱਗਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਪੁਲੀਸ ਅਤੇ ਸਿਵਲ ਅਫ਼ਸਰਾਂ ਵੱਲੋਂ ਹਰਿਆਣਾ ਚੋਣਾਂ ’ਚ ਨਿਭਾਈ ਜਾ ਰਹੀ ਭੂਮਿਕਾ ਦੇ ਮਾਮਲੇ ’ਤੇ ਸੂਬਾਈ ਆਗੂਆਂ ਨੂੰ ਚੌਕਸ ਕੀਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਰਾਜ ਦੇ ਪੁਲੀਸ ਅਤੇ ਸਿਵਲ ਅਧਿਕਾਰੀਆਂ ਦੀ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਜ਼ਿਆਦਾ ਸਰਗਰਮੀ ਦੇ ਤੱਥ ਕੇਂਦਰ ਸਰਕਾਰ ਭੇਜੇ ਹਨ। ਇੱਕ ਭਾਜਪਾ ਆਗੂ ਦਾ ਕਹਿਣਾ ਹੈ ਕਿ ਪੰਜਾਬ ਦੇ ਕੁੱਝ ਅਫ਼ਸਰਾਂ, ਖਾਸ ਕਰ ਪੁਲੀਸ ਅਫ਼ਸਰਾਂ ਦੀ ਹਰਿਆਣਾ ਵਿੱਚ ਸਰਗਰਮੀ ਸਾਫ਼ ਦਿਖਾਈ ਦੇ ਰਹੀ ਹੈ। ਪੰਜਾਬ ਨਾਲ ਲੱਗਦੀ ਹਰਿਆਣਾ ਦੀ ਸਰਹੱਦ ’ਤੇ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਦੇ ਅਫ਼ਸਰ ਸਰਗਰਮ ਦੱਸੇ ਗਏ ਹਨ। ਭਾਜਪਾ ਸੂਤਰਾਂ ਮੁਤਾਬਕ ਪਾਰਟੀ ਦੀ ਪੰਜਾਬ ਇਕਾਈ ਦੇ ਇੱਕ ਸੀਨੀਅਰ ਆਗੂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਦਿੱਲੀ ਬੁਲਾ ਕੇ ਅਫ਼ਸਰਾਂ ਦੀਆਂ ਗਤੀਵਿਧੀਆਂ ਬਾਰੇ ਸੁਚੇਤ ਕਰਦਿਆਂ ਅਕਾਲੀ ਦਲ ਨਾਲ ਗੱਲ ਕਰਨ ਲਈ ਵੀ ਕਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅਗਲੇ ਮਹੀਨੇ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਵੀ ਹੋਣੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਵੀ ਗੱਠਜੋੜ ਪਾਰਟੀਆਂ ਵਿੱਚ ਕੁੜੱਤਣ ਵਧ ਸਕਦੀ ਹੈ। ਕੇਂਦਰ ‘ਚ ਭਾਜਪਾ ਦੇ ਮਜ਼ਬੂਤ ਹੋਣ ਨਾਲ ਸਬੰਧਾਂ ਵਿੱਚ ਲਗਾਤਾਰ ਕੁੜੱਤਣ ਵਧ ਰਹੀ ਹੈ। ਭਾਜਪਾ ਦੇ ਇੱਕ ਮੰਤਰੀ ਵੱਲੋਂ ਸਰਕਾਰ ਨੂੰ ਲਗਾਤਾਰ ਅੱਖਾਂ ਦਿਖਾਈਆਂ ਜਾ ਰਹੀਆਂ ਹਨ। ਇਸ ਮੰਤਰੀ ਵੱਲੋਂ ਆਪਣੇ ਤੌਰ ‘ਤੇ ਫੈਸਲੇ ਲਏ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਨੇ ਭਾਜਪਾ ਦੀ ਅੰਦਰੂਨੀ ਖਾਨਾਜੰਗੀ ਨੂੰ ਵੀ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਨਾਲ ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜੇ ਅਕਾਲੀ-ਭਾਜਪਾ ਗੱਠਜੋੜ ਲਈ ਵੀ ਨਿਰਣਾਇਕ ਸਾਬਤ ਹੋ ਸਕਦੇ ਹਨ।