15 ਪੰਜਾਬੀ ਉਮੀਦਵਾਰਾਂ ਵਿੱਚੋਂ 9 ਭਾਜਪਾ ਦੇ ਖਾਤੇ ਵਿੱਚ ਗਏ, ਅਕਾਲੀ-ਇਨੋਲੋ ਠੁੱਸ
ਐਨ ਐਨ ਬੀ
ਚੰਡੀਗੜ੍ਹ – ਇਸਨੂੰ ਜਾਟਵਾਦ ਦਾ ਅੰਤ ਨਾ ਵੀ ਕਿਹਾ ਜਾਵੇ, ਪਰ ਇਹ ਸੱਚ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਾਟ ਚਿਹਰੇ ਦੀ ਅਣਹੋਂਦ ਵਿੲਚ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ ਹੈ। ਇਸੇ ਦੌਰਾਨ 15 ਪੰਜਾਬੀ ਵਿਧਾਨ ਸਭਾ ਵਿੱਚ ਪੁੱਜਣ ’ਚ ਸਫ਼ਲ ਹੋ ਗਏ ਹਨ। ਇਨ੍ਹਾਂ ਚੋਂ 9 ਪੰਜਾਬੀ ਉਮੀਦਵਾਰ ਭਾਜਪਾ ਦੀ ਟਿਕਟ ’ਤੇ ਜੇਤੂ ਰਹੇ ਹਨ, ਜਦਕਿ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਉੱਤਰੇ ਪੰਜਾਬੀਆਂ ’ਚੋ ਕੋਈ ਵੀ ਜਿੱਤ ਹਾਸਲ ਨਹੀਂ ਕਰ ਸਕਿਆ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਜੱਦੀ ਜ਼ਿਲ੍ਹੇ ਤੇ ਰੋਹਤਕ ਸ਼ਹਿਰ ਤੋਂ ਕਾਂਗਰਸ ਦੇ ਪੰਜਾਬੀ ਉਮੀਦਵਾਰ ਬੀ.ਬੀ.ਬੱਤਰਾ ਚੋਣ ਹਾਰ ਗਏ ਹਨ।
ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਪੰਜ ਦਾਅਵੇਦਾਰਾਂ ਵਿੱਚ ਦੋ ਪੰਜਾਬੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇਕ ਕਰਨਾਲ ਤੋਂ ਜੇਤੂ ਰਹੇ ਮਨੋਹਰ ਲਾਲ ਖੱਟੜ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਪ੍ਰਕਾਸ਼ ਗੁਪਤਾ ਨੂੰ 63,750 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਹ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾਂਦੇ ਹਨ। ਇਸ ਅਹੁਦੇ ਲਈ ਦੂਜੇ ਪੰਜਾਬੀ ਦਾਅਵੇਦਾਰ ਅਨਿਲ ਵਿਜ ਹਨ, ਜਿਨ੍ਹਾਂ ਨੇ ਅੰਬਾਲਾ ਕੈਂਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਿਹੋਵਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪੰਜਾਬੀ ਉਮੀਦਵਾਰ ਜਸਵਿੰਦਰ ਸਿੰਘ ਸੰਧੂ ਲਗਾਤਾਰ ਦੋ ਵਾਰ ਚੋਣ ਹਾਰਨ ਤੋਂ ਬਾਅਦ ਇਸ ਵਾਰ ਜਿੱਤ ਗਏ ਹਨ। ਇੰਡੀਅਨ ਨੈਸ਼ਨਲ ਲੋਕ ਦਲ ਦੀ ਟਿਕਟ ’ਤੇ ਚੋਣ ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਵਿੱਚ ਰਤੀਆ ਹਲਕੇ ਤੋਂ ਪ੍ਰੋ.ਰਾਵਿੰਦਰ ਸਿੰਘ ਬਲਿਆਲਾ, ਬਰਵਾਲਾ ਵਿਧਾਨ ਸਭਾ ਹਲਕੇ ਤੋਂ ਵੇਦ ਨਾਰੰਗ, ਜੀਂਦ ਤੋਂ ਡਾ. ਹਰੀ ਚੰਦ ਮਿੱਡਾ ਤੇ ਰਾਣੀਆ ਤੋਂ ਰਾਮ ਚੰਦਰ ਹਨ। ਇੰਡੀਅਨ ਨੈਸ਼ਨਲ ਲੋਕ ਦਲ ਨੇ ਸਮਝੌਤੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਦਿੱਤੀਆਂ ਸਨ ਤੇ ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਪੰਜਾਬੀ ਉਮੀਦਵਾਰ ਬਲਕੌਰ ਸਿੰਘ ਚੋਣ ਜਿੱਤਣ ਵਿੱਚ ਸਫ਼ਲ ਰਹੇ ਹਨ। ਇਸ ਹਲਕੇ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਉਮੀਦਵਾਰ ਸ਼ੀਸ਼ਪਾਲ ਦੇ ਹੱਕ ਵਿੱਚ ਕਾਲਾਂਵਾਲੀ ਵਿੱਚ ਰੈਲੀ ਕੀਤੀ ਸੀ। ਇਸ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਦੇ ਹੱਥ ਹਾਰ ਲੱਗੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਆਗੂਆਂ ਨੇ ਰੈਲੀਆਂ ਕੀਤੀਆਂ ਸਨ।
ਪਹਿਲੀ ਵਾਰ 13 ਇਸਤਰੀ ਵਿਧਾਇਕ
ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਭ ਤੋਂ ਵੱਧ 13 ਮਹਿਲਾ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ 116 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਹਰਿਆਣਾ ਵਿਧਾਨ ਸਭਾ ਚੋਣ ਵਿੱਚ ਸਭ ਤੋਂ ਵੱਧ ਭਾਜਪਾ ਦੀਆਂ ਅੱਠ, ਕਾਂਗਰਸ ਦੀਆਂ ਤਿੰਨ ਤੇ ਇਨੈਲੋ ਅਤੇ ਹਜਕਾਂ ਦੀ ਇਕ-ਇਕ ਮਹਿਲਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਦੂਜੀ ਵਾਰ ਜੇਤੂ ਰਹੀਆਂ ਵਿਧਾਇਕਾਂ ਵਿੱਚ ਸਾਬਕਾ ਮੰਤਰੀ ਗੀਤਾ ਭੁੱਕਲ, ਕਿਰਨ ਚੌਧਰੀ, ਰੇਣੂਕਾ ਬਿਸ਼ਨੋਈ, ਸ਼ਕੁੰਤਲਾ ਖਟਕ, ਸੰਤੋਸ਼ ਚੌਹਾਨ ਸਰਵਾਨ ਤੇ ਕਵਿਤਾ ਜੈਨ ਸ਼ਾਮਲ ਹਨ। ਪਹਿਲੀ ਵਾਰ ਜੇਤੂ ਮਹਿਲਾਵਾਂ ਵਿੱਚ ਸੰਤੋਸ਼ ਯਾਦਵ, ਸੀਮਾ ਤ੍ਰਿਖਾ, ਨੈਨਾ ਸਿੰਘ ਚੌਟਾਲਾ, ਲਤਿਕਾ ਸ਼ਰਮਾ, ਰੋਹਿਤਾ ਰਿਵਾੜੀ, ਬਿਮਲਾ ਚੌਧਰੀ ਤੇ ਪ੍ਰੇਮ ਲਤਾ ਸ਼ਾਮਲ ਹਨ।
ਮੁੱਖ ਮੰਤਰੀ ਦੇ ਅਹੁਦੇ ਲਈ ਦੌੜ ਵਿੱਚ ਖੱਟਰ ਸਭ ਤੋਂ ਮੋਹਰੀ
ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਮਨੋਹਰ ਲਾਲ ਖੱਟਰ ਸਭ ਤੋਂ ਅੱਗੇ ਹਨ। ਭਾਜਪਾ ਦੇ ਉੱਚ ਭਰੋਸੇਯੋਗ ਸੂਤਰਾਂ ਅਨੁਸਾਰ ਕਰਨਾਲ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤੇ ਸ੍ਰੀ ਖੱਟੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪਸੰਦ ਵਜੋਂ ਅੱਗੇ ਆਏ ਹਨ। ਹਰਿਆਣਾ ਭਾਜਪਾ ਦੇ ਪ੍ਰਧਾਨ ਰਾਮ ਬਿਲਾਸ ਸ਼ਰਮਾ ਦਾ ਨਾਂ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰਿਆ ਗਿਆ ਹੈ। ਭਾਜਪਾ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਲਿਆਂ ਕੋਈ ਵੀਹ ਮਿੰਟ ਮੀਟਿੰਗ ਕੀਤੀ ਤੇ ਸਮਝਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਮਨੋਹਰ ਲਾਲ ਖੱਟਰ ਦੇ ਨਾਂ ਉੱਤੇ ਸਹਿਮਤ ਹਨ।