ਹਰਿਆਣਾ ਦੇ ਚੋਣ ਨਤੀਜੇ ਅਕਾਲੀ-ਭਾਜਪਾ ਗਠਜੋੜ ਦਾ ‘ਅਸਲੀ ਰੰਗ’ ਦਰਸਾਉਣਗੇ
ਸ਼ਬਦੀਸ਼
ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਹਮਲਾਵਰ ਰੁਖ਼ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਨੇ ਇਨੈਲੋ ਦੇ ਪੱਖ ਵਿੱਚ ਜਾ ਖੜੇ ਹੋਏ ਸ਼੍ਰੋਮਣੀ ਅਕਾਲੀ ਦਲ ਨਾਲ ‘ਡੂੰਘੇ ਮਤਭੇਦ’ ਗੱਲ ਮੰਨ ਲਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ-ਤੀਜੀ ਕਤਾਰ ਦੇ ਆਗੂ ਨਵਜੋਤ ਸਿੱਧੂ ਦੀ ਆਲੋਚਨਾ ਕਰਦੇ ਰਹੇ ਹਨ, ਜਦਕਿ ਸੀਨੀਅਰ ਆਗੂ ਚੁੱਪ ਦੀ ਬੁੱਕਲ ਮਾਰੀ ਬੈਠੇ ਸਨ। ਜਦੋਂ ਮੀਡੀਆ ਪੁੱਛਦਾ ਵੀ ਸੀ ਤਾਂ ‘ਭਾਜਪਾ ਲੀਡਰਸ਼ਿੱਪ ਸਟੈਂਡ ਤੋਂ ਵਾਕਿਫ਼ ਹੈ’ ਆਖ ਕੇ ਸਵਾਲ ਟਾਲ ਦਿੱਤਾ ਜਾਂਦਾ ਸੀ। ਹਰਿਆਣਾ ਵਿਧਾਨ ਸਭਾ ਦੇ ਨਤੀਜੇ ਕੁਝ ਵੀ ਰਹਿਣ, ਅਕਾਲੀ-ਭਾਜਪਾ ਗਠਜੋੜ ਟੁੱਟਣ ਦੀ ਸੰਭਾਵਨਾ ਬਣੇ ਨਾ ਬਣੇ, ਵਿਵਾਦ ਤਿੱਖਾ ਹੋਣਾ ਲਾਜ਼ਮੀ ਹੈ ਅਤੇ ਉਸ ਵਕਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਖਾਮੋਸ਼ੀ ਵੀ ਟੁੱਟ ਸਕਦੀ ਹੈ।
ਨਵਜੋਤ ਸਿੰਘ ਸਿੱਧੂ ਦਾ ਬਾਦਲ ਪਰਿਵਾਰ ਅਤੇ ਪਾਰਟੀ ਵਿਰੁੱਧ ਖੁਲ੍ਹ ਕੇ ਭੜਾਸ ਕੱਢਣਾ ਹੈਰਾਨੀਜਨਕ ਹੈ, ਪਰ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਭਾਜਪਾ ਆਗੂ ਆਰ ਪੀ ਸਿੰਘ ਅਤੇ ਮਿਨਾਕਸ਼ੀ ਲੇਖੀ ਦਾ ਅਕਾਲੀ ਦਲ ਖਿਲਾਫ਼ ਤਿੱਖਾ ਰੁਖ਼ ਗੰਭੀਰ ਸੰਕੇਤ ਮੰਨਿਆ ਜਾ ਰਿਹਾ ਹੈ। ਇਹ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਪ੍ਰਤੀ ਪ੍ਰਧਾਨ ਮੰਤਰੀ ਦੀ ਚੁੱਪ ਤੋਂ ਵੱਖਰਾ ਮਾਮਲਾ ਹੈ। ਪੰਜਾਬ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਸ਼ਿਵ ਸੈਨਾ ਨਹੀਂ ਹੈ, ਤਾਂ ਵੀ ਬਦਲੇ ਹੋਏ ਹਾਲਾਤ ਵਿੱਚ ਸੱਤਾਧਾਰੀ ਵਿੱਚ ਰਹਿ ਕੇ ਸਹਿਣਸ਼ੀਲਤਾ ਦਾ ਦੌਰ ਗੁਜ਼ਰ ਚੁੱਕਾ ਹੈ। ਸੀਨੀਅਰ ਭਾਜਪਾ ਆਗੂ ਸ਼ਾਂਤਾ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਮਾਇਤ ਕੀਤੇ ਜਾਣ ਕਾਰਨ ਭਾਜਪਾ ਲੀਡਰਸ਼ਿਪ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਨੈਲੋ ਦੀ ਮਦਦ ਤੋਂ ਬਿਨਾਂ ਵੀ ਕਈ ਮੁੱਦੇ ਹਨ, ਜਿਨ੍ਹਾਂ ਬਾਰੇ ਪਾਰਟੀ ਗੰਭੀਰਤਾ ਨਾਲ ਸੋਚ ਰਹੀ ਹੈ। ਹਰਿਆਣਾ ਚੋਣਾਂ ਦਾ ਅਮਲ ਖ਼ਤਮ ਹੋਣ ਤੋਂ ਬਾਅਦ ਅਕਾਲੀ ਦਲ ਨਾਲ ਇਨ੍ਹਾਂ ਸਾਰੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ।
ਇਨ੍ਹਾਂ ਹਾਲਾਤ ਵਿੱਚ ਲਗਦਾ ਹੈ ਕਿ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿਰੁੱਧ ਮੋਰਚਾ ਖੋਲ੍ਹਣਾ ਮਹਿਜ਼ ਨਿੱਜੀ ਰੰਜ਼ਸ਼ ਤੱਕ ਸੀਮਤ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਉਸਨੂੰ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਹਿਮਾਇਤ ਦੇ ਹਾਲਾਤ ਬਣ ਰਹੇ ਹਨ, ਜਿਸਦਾ ਉਹ ਇਸਤੇਮਾਲ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨਬਾਜ਼ੀ ’ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਕਈ ਅਕਾਲੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਹਰਿਆਣਾ ਦੇ ਚੋਣ ਨਤੀਜੇ ਪੰਜਾਬ ਦੇ ਗਠਜੋੜ ਦਾ ਭਵਿੱਖ ਤੈਅ ਕਰਨਗੇ। ਜੇ ਭਾਜਪਾ ਮੁਕੰਮਲ ਬਹੁਮਤ ਨਾ ਲੈ ਸਕੀ ਤਾਂ ਬਾਦਲ ਇਨੈਲੋ-ਭਾਜਪਾ ਗਠਜੋੜ ਵਿੱਚ ਸਹਾਈ ਹੋ ਸਕਦੇ ਹਨ। ਇਹ ਕਿਆਸ-ਅਰਾਈਆਂ ਵੀ ਲੱਗ ਰਹੀਆਂ ਹਨ ਕਿ ਜੇ ਚੋਣ ਸਰਵੇਖਣ ਸਹੀ ਸਾਬਿਤ ਹੋਏ ਅਤੇ ਭਾਜਪਾ-ਇਲੈਲੋ ਟੱਕਰ ਵਿੱਚ ਕਾਂਗਰਸ ਪਾਣੀਓਂ ਪਤਲੀ ਪੈ ਗਈ ਤਾਂ ਉਹ ਬਾਹਰ ਰਹਿ ਕੇ ਚੌਟਾਲਿਆਂ ਨੂੰ ਹਿਮਾਇਤ ਦੇ ਸਕਦੀ ਹੈ। ਉਂਜ ਕੇਸਾਂ ਦੇ ਮੱਦੇਨਜ਼ਰ ਇਨੈਲੋ-ਭਾਜਪਾ ਸਾਂਝ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ, ‘‘ਪਾਰਟੀ ਵੱਲੋਂ ਇਸ ਬਾਰੇ ਰਾਜਸੀ ਤੌਰ ’ਤੇ ਰਣਨੀਤੀ ਅਖਤਿਆਰ ਕਰਨ ਬਾਰੇ ਫ਼ੈਸਲਾ ਕਿਸੇ ਮੀਟਿੰਗ ਦੌਰਾਨ ਹੀ ਲਿਆ ਜਾ ਸਕਦਾ ਹੈ।’’
ਕਾਬਲ-ਏ-ਗੌਰ ਹੈ ਕਿ ਪੰਜਾਬ ਸਰਕਾਰ ’ਚ ਸ਼ਾਮਲ ਇਕ ਮੰਤਰੀ ਨੇ ਪਹਿਲਾਂ ਹੀ ਸਰਕਾਰ ਨਾਲ ਅੰਦਰੂਨੀ ਲੜਾਈ ਵਿੱਢੀ ਹੋਈ ਹੈ। ਪੰਜਾਬ ਦੀ ਗਠਜੋੜ ਸਰਕਾਰ ਵਿੱਚ ਭਾਜਪਾ ਦੇ ਚਾਰ ਮੰਤਰੀ, ਇਕ ਡਿਪਟੀ ਸਪੀਕਰ ਅਤੇ ਦੋ ਮੁੱਖ ਸੰਸਦੀ ਸਕੱਤਰ ਹਨ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ। ਜੇ ਸੱਤਾ ਦੇ ਸਮੀਕਰਨਾਂ ਮੁਤਾਬਕ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਠਜੋੜ ਧਰਮ ਭੰਗ ਹੋਣ ਦੇ ਬਾਵਜੂਦ ਕਾਇਮ ਰਹੇਗੀ, ਕਿਉਂਕਿ ਪਾਰਟੀ ਕੋਲ 58 ਵਿਧਾਇਕ ਹਨ ਅਤੇ ਬਹੁਮਤ ਲਈ ਲੋੜੀਂਦੇ 59 ਵਿਧਾਇਕਾਂ ਦੀ ਜ਼ਰੂਰਤ ਤਿੰਨ ਆਜ਼ਾਦ ਵਿਧਾਇਕਾਂ ਨਾਲ ਪੂਰੀ ਹੋ ਜਾਂਦੀ ਹੈ। ਭਾਜਪਾ ਨੂੰ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਉਤਰਨਾ ਸੌਖਾ ਨਹੀਂ ਹੈ।