ਐਨ ਐਨ ਬੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੇ ਸਾਥੀ ਮੰਤਰੀਆਂ ਦਰਮਿਆਨ ਵਿਭਾਗਾਂ ਦੀ ਵੰਡ ਕਰ ਦਿੱਤੀ, ਪਰ ਆਪਣੇ ਕੋਲ 18 ਵਿਭਾਗ ਰੱਖੇ ਹਨ। ਇਸ ਤੋਂ ਸਪਸ਼ਟ ਹੈ ਕਿ ਸੂਬਾਈ ਮੰਤਰੀ ਮੰਡਲ ਦਾ ਵਿਸਤਾਰ ਛੇਤੀ ਹੀ ਕੀਤਾ ਜਾਵੇਗਾ। ਮੁੱਖ ਮੰਤਰੀ ਕੋਲ ਗ੍ਰਹਿ, ਬਿਜਲੀ, ਕੰਟਰੀ ਤੇ ਟਾਊਨ ਪਲੈਨਿੰਗ, ਅਰਬਨ ਅਸਟੇਟਸ, ਆਮ ਪ੍ਰਸ਼ਾਸਨ ਅਤੇ ਸਥਾਨਕ ਸਰਕਾਰਾਂ ਸਮੇਤ 18 ਮਹਿਕਮੇ ਹੋਣਗੇ।
ਮੰਤਰੀ ਮੰਡਲ ਵਿੱਚ ਦੋਇਮ ਨੰਬਰ ਰਾਮ ਬਿਲਾਸ ਸ਼ਰਮਾ ਨੂੰ ਸਿੱਖਿਆ ਤੇ ਭਾਸ਼ਾਵਾਂ, ਟਰਾਂਸਪੋਰਟ, ਤਕਨੀਕੀ ਸਿੱਖਿਆ, ਖੁਰਾਕ ਤੇ ਸਪਲਾਈ ਸਮੇਤ 9 ਵਿਭਾਗ ਦਿੱਤੇ ਗਏ ਹਨ। ਕੈਪਟਨ ਅਭਿਮਨਿਊ ਕੋਲ ਵਿੱਤ, ਮਾਲ ਤੇ ਆਬਕਾਰੀ, ਸਨਅਤ ਤੇ ਵਣਜ, ਵਾਤਾਵਰਨ ਸਮੇਤ 13 ਵਿਭਾਗ ਹੋਣਗੇ। ਇੰਜ ਹੀ ਓ.ਪੀ. ਧਨਖੜ ਨੂੰ ਖੇਤੀਬਾੜੀ, ਵਿਕਾਸ ਤੇ ਪੰਚਾਇਤਾਂ ਅਤੇ ਸਿੰਜਾਈ ਸਮੇਤ ਪੰਜ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਜ ਦੇ ਸਭ ਤੋਂ ਸੀਨੀਅਰ ਭਾਜਪਾ ਵਿਧਾਇਕ ਅਨਿਲ ਵਿੱਜ ਨੂੰ ਸਿਹਤ ਤੇ ਮੈਡੀਕਲ ਸਿੱਖਿਆ, ਖੇਡਾਂ ਤੇ ਨੌਜਵਾਨ ਮਾਮਲਿਆਂ ਸਮੇਤ 5 ਵਿਭਾਗ ਸੌਂਪੇ ਗਏ ਹਨ। ਰਾਓ ਨਰਬੀਰ ਸਿੰਘ ਨੂੰ ਲੋਕ ਨਿਰਮਾਣ ਅਤੇ ਜਨ ਸਿਹਤ ਵਿਭਾਗ ਦਿੱਤੇ ਗਏ ਹਨ ਜਦੋਂ ਕਿ ਸ੍ਰੀਮਤੀ ਕਵਿਤਾ ਜੈਨ ਨੂੰ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦਾ ਚਾਰਜ ਸੌਂਪਿਆ ਗਿਆ ਹੈ। ਰਾਜ ਮੰਤਰੀ ਬਿਕਰਮ ਸਿੰਘ ਠੇਕੇਦਾਰ ਨੂੰ ਸਹਿਕਾਰਤਾ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗਾਂ ਦੇ ਸੁਤੰਤਰ ਚਾਰਜ ਦਿੱਤੇ ਗਏ ਹਨ।
ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੂੰ ਕੋਈ ਆਜ਼ਾਦ ਚਾਰਜ ਨਹੀਂ ਮਿਲਿਆ। ਉਹ ਸਮਾਜਿਕ ਨਿਆਂ ਤੇ ਸ਼ਕਤੀਕਰਨ ਵਿਭਾਗਾਂ ਸਮੇਤ ਚਾਰ ਵਿਭਾਗਾਂ ਵਿੱਚ ਕੈਬਨਿਟ ਮੰਤਰੀਆਂ ਦੇ ਸਹਾਇਕ ਦੀ ਭੂਮਿਕਾ ਨਿਭਾਉਣਗੇ। ਇੰਜ ਹੀ, ਕਰਨ ਦੇਵ ਕੰਬੋਜ ਨੂੰ ਵੀ ਖਾਦ ਤੇ ਸਪਲਾਈ ਅਤੇ ਟਰਾਂਸਪੋਰਟ ਸਮੇਤ ਚਾਰ ਵਿਭਾਗ ਸੌਂਪੇ ਗਏ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਸੁਤੰਤਰ ਚਾਰਜ ਉਨ੍ਹਾਂ ਕੋਲ ਨਹੀਂ।