ਸੁਸ਼ਮਾ ਸਵਰਾਜ ਡੇਰਾ ਸੱਚਾ ਸੌਦਾ ਵਿੱਚ ਨਤਮਸਤਕ ਹੋਈ
ਐਨ ਐਨ ਬੀ
ਸਿਰਸਾ – ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਪਰਿਵਾਰਵਾਦ ਤੇ ਭਾਈ ਭਤੀਜਾਵਾਦ ਦੇ ਸ਼ਾਸਨ ਤੋਂ ਮੁਕਤੀ ਲਈ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਬਣਾਉਣ ‘ਤੇ ਜ਼ੋਰ ਦਿੱਤਾ ਹੈ।
ਇਸ ਚੋਣ ਰੈਲੀ ਵਿੱਚ ਡੇਰਾ ਸੱਚਾ ਸੌਦਾ ਦਾ ਜ਼ਿਕਰ ਵੀ ਹਾਂ-ਪੱਖੀ ਪ੍ਰਸੰਗ ਵਿੱਚ ਕੀਤਾ ਗਿਆ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਪ੍ਰੋ. ਗਣੇਸ਼ੀ ਲਾਲ ਡੇਰਾ ਮੁਖੀ ਦੀ ਹਮਾਇਤ ਲਈ ਮੁਲਾਕਾਤ ਵੀ ਕਰਨ ਗਏ। ਵਿਦੇਸ਼ ਮੰਤਰੀ ਦੀ ਡੇਰਾ ਮੁਖੀ ਕੋਲ ਫੇਰੀ ਨੂੰ ਕਾਫੀ ਗੁਪਤ ਰੱਖਣ ਦੇ ਯਤਨ ਕੀਤੇ ਗਏ, ਪਰ ਤਾਂ ਵੀ ਕੇਂਦਰੀ ਮੰਤਰੀ ਦੀ 15 ਮਿੰਟਾਂ ਤੱਕ ਚੱਲੀ ਮੁਲਾਕਾਤ ਦੀ ਖ਼ਬਰ ਬਾਹਰ ਆ ਗਈ। ਵੈਸੇ ਹਰਿਆਣਾ ਦੀਆਂ ਕਰੀਬ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਡੇਰਾ ਸੱਚਾ ਸੌਦਾ ਦੀ ਪਰਿਕਰਮਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਰੈਲੀ ਦਾ ਅਹਿਮ ਸਿਆਸੀ ਪੱਖ ਨਰਿੰਦਰ ਮੋਦੀ ਤੋਂ ਸਿਵਾ ਕਈ ਬੁਲਾਰਿਆਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਉਣਾ ਰਿਹਾ। ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਕਾਂਗਰਸ ਨੇ ਹਰਿਆਣਾ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਦਾ ਜਿਹੜਾ ਵਿਕਾਸ ਪਿਛਲੇ 50 ਸਾਲਾਂ ਵਿੱਚ ਨਹੀਂ ਹੋ ਸਕਿਆ, ਉਸ ਨੂੰ ਹੁਣ ਅਗਲੇ ਪੰਜਾਂ ਸਾਲਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਮੇਰਾ ਰਾਜਨੀਤਕ ਪਾਲਣ ਪੋਸ਼ਣ ਹਰਿਆਣਾ ਵਿੱਚ ਹੋਇਆ ਹੈ। ਇਸ ਕਰਕੇ ਇਸ ਰਾਜ ਦਾ ਮੇਰੇ ‘ਤੇ ਕਾਫੀ ਕਰਜ਼ਾ ਹੈ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਵਿੱਚ ਵੀ ਹਰਿਆਣਾ ਦੇ ਲੋਕਾਂ ਨੇ ਮੇਰਾ ਪੂਰਾ ਸਾਥ ਦੇ ਕੇ ਕੇਂਦਰ ਵਿੱਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਬਣਾਈ ਹੈ। ਹੁਣ ਉਸ ਕਰਜ਼ੇ ਨੂੰ ਮੋੜਨ ਦਾ ਵਕਤ ਆ ਗਿਆ ਹੈ। ਇਹ ਕਰਜ਼ ਚੌਮੁਖੀ ਵਿਕਾਸ ਕਰਕੇ ਵਿਆਜ ਸਮੇਤ ਮੋੜਿਆ ਜਾਵੇਗਾ।”
ਉਨ੍ਹਾਂ ਨੇ ਸਿਰਸਾ ਜ਼ਿਲ੍ਹੇ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਪੈਕੇਜ ਦੇਣ ਦੀ ਚਰਚਾ ਕੀਤੀ, ਜਿੱਥੇ ਡੇਰਾ ਸੱਚਾ ਸੌਦਾ ਆਬਾਦ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੂੰ ਕਈ ਸਾਲ ਪਹਿਲਾਂ ਪ੍ਰਣਾਮ ਕਰਨ ਦਾ ਮੌਕਾ ਮਿਲਿਆ ਸੀ। ਇਸ ਜ਼ਿਕਰ ਦਾ ਰੈਲੀ ਵਿੱਚ ਹਾਜ਼ਰ ਡੇਰਾ ਸ਼ਰਧਾਲੂਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਹਰਿਆਣਾ ਦੀ ਪਿਛਲੇ 25 ਸਾਲਾਂ ਦੀ ਰਾਜਨੀਤੀ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਸਾਲਾਂ ਵਿੱਚ ਪੰਜ ਪਰਿਵਾਰਾਂ ਦਾ ਹੀ ਰਾਜ ਰਿਹਾ ਹੈ, ਜਿਨ੍ਹਾਂ ਨੇ ਹਰਿਆਣਾ ਦਾ ਭਲਾ ਨਾ ਕਰਕੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਘਰ ਭਰੇ ਹਨ ਅਤੇ ਸਿਆਸੀ ਵਿਰੋਧ ਦੇ ਨਾ ਹੇਠ ਨੂਰਾ ਕੁਸ਼ਤੀ ਹੀ ਕੀਤੀ ਹੈ। ਸਿਰਸਾ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਇਹ ਜ਼ਿਲ੍ਹਾ ਇੱਕ ਟਾਪੂ ਵਰਗਾ ਹੈ, ਜਿਸ ਦੇ ਵਿਕਾਸ ਲਈ ਜ਼ਿਆਦਾ ਉਪਰਾਲਿਆਂ ਦੀ ਲੋੜ ਹੈ। ਉਹ ਸਿਰਸਾ ਦੇ ਵਿਕਾਸ ਲਈ ਇਕ ਵਿਸ਼ੇਸ਼ ਪੈਕੇਜ ਦੀ ਸਿਫਾਰਸ਼ ਕਰਨਗੇ ਤੇ ਸਿਰਸਾ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ।”
ਬਾਦਲ-ਚੌਟਾਲਾ ਸਾਂਝ ਦਾ ਖੁੱਲ੍ਹ ਕੇ ਵਿਰੋਧ
ਦਿੱਲੀ ਵਿਧਾਨ ਸਭਾ ਦੇ ਮੈਂਬਰ ਆਰ.ਪੀ. ਸਿੰਘ ਅਤੇ ਕਾਲਾਂਵਾਲੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰਿਆਣਾ ਵਿੱਚ ਇਨੈਲੋ ਦੀ ਹਮਾਇਤ ਕਰਨ ‘ਤੇ ਸਖ਼ਤ ਇਤਰਾਜ਼ ਕੀਤਾ ਅਤੇ ਕਿਹਾ ਕਿ ਬਾਦਲ ਹਰਿਆਣਾ ਦੇ ਹਿੱਤਾਂ ਦਾ ਵਿਰੋਧੀ ਬਣ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖੀ ਦੇ ਨਾਂ ‘ਤੇ ਝੂਠ ਵੇਚ ਰਿਹਾ ਹੈ ਅਤੇ ਨਸ਼ਿਆਂ ਦੀ ਸਿਆਸਤ ਕਰ ਰਿਹਾ ਹੈ। ਇਸ ਮੌਕੇ ਸਿਰਸਾ ਲੋਕ ਸਭਾ ਖੇਤਰ ਦੇ 8 ਵਿਧਾਨ ਸਭਾ ਹਲਕਿਆਂ ਦੇ ਭਾਜਪਾ ਦੇ ਉਮੀਦਵਾਰ ਸਟੇਜ ਉੱਤੇ ਮੌਜੂਦ ਸਨ। ਮੰਚ ਸੰਚਾਲਣ ਸਾਬਕਾ ਮੰਤਰੀ ਪ੍ਰੋ. ਗਣੇਸ਼ੀ ਲਾਲ ਨੇ ਕੀਤਾ ਅਤੇ ਉਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਡੇਰਾ ਸੱਚਾ ਸੌਦਾ ਵਿੱਚ ਨਤਮਸਤਕ ਹੋਣ ਗਏ ਸਨ। ਯਾਦ ਰਹੇ ਕਿ ਪਰਿਵਾਰਵਾਦ ਦਾ ਵਿਰੋਧ ਕਰਦੀ ਭਾਜਪਾ ਅਗੂ ਸੁਸ਼ਮਾ ਸਵਰਾਜ ਦੀ ਛੋਟੀ ਭੈਣ ਵੀ ਵਿਧਾਨ ਸਭਾ ਚੋਣ ਲੜ ਰਹੀ ਹੈ ਅਤੇ ਉਹ ਭੈਣ ਦੇ ਹੱਕ ਵਿੱਚ ਬੋਲਦਿਆਂ ‘ਕੇਂਦਰੀ ਵਿਦੇਸ਼ ਮੰਤਰੀ ਝੂੰਗੇ ਵਿੱਚ ਮਿਲੇਗੀ” ਦਾ ਪ੍ਰਚਾਰ ਕਰਦੀ ਆ ਰਹੀ ਹੈ।