26.9 C
Chandigarh
spot_img
spot_img

Top 5 This Week

Related Posts

ਹਰਿਆਣਾ ਵਿੱਚ ‘ਕੌਣ ਬਣੇਗਾ ਮੁੱਖ ਮੰਤਰੀ’ ਲਗਭਗ ਤੈਅ, ਮਹਾਰਾਸ਼ਟਰ ਵਿੱਚ ਕਵਾਇਦ ਜਾਰੀ

ਕੈਪਟਨ ਅਭਿਮੰਨੀਯੂ ਹਰਿਆਣਾ ਵਿੱਚ ਗ਼ੈਰ-ਜਾਟ ਮੁੱਖ ਮੰਤਰੀ ਦੇ ਚੱਕਰਵਿਊ ’ਚ ਫਸ ਕੇ ਰਹਿ ਗਏ

Modi

 

 ਐਨ ਐਨ ਬੀ

ਚੰਡੀਗੜ੍ਹ -ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਦੀ ਹਰਿਆਣਾ ਇਕਾਈ ਵਿੱਚ ਪਰਦੇ ਪਿੱਛੇ ਜੋੜ-ਤੋੜ ਦੀ ਕਵਾਇਦ ਤੇਜ਼ ਹੋ ਗਈ ਹੈ, ਜਦਕਿ ਇਸ ਬਾਰੇ ਫੈਸਲੇ ਲਈ ਪਾਰਟੀ ਦੇ ਸੰਸਦੀ ਬੋਰਡ ਵੱਲੋਂ ਨਿਯੁਕਤ ਦੋ ਆਬਜ਼ਰਵਰ ਅੱਜ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਨਵੇਂ ਮੁੱਖ ਮੰਤਰੀ ਦੇ 22 ਅਕਤੂਬਰ ਨੂੰ ਹਲਫ ਲੈਣ ਦੀ ਸੰਭਾਵਨਾ ਹੈ, ਜਦਕਿ ਪਾਰਟੀ ਹਾਈ ਕਮਾਂਡ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਵਿੱਚ ਸੰਘ ਪ੍ਰਚਾਰਕ ਰਹੇ ਮੋਹਨ ਲਾਲ ਖੱਟਰ ਦਾ ਨਾਮ ਤੈਅ ਹੋ ਚੁੱਕਾ ਹੈ। ਉਹ ਕਿਸੇ ਵਕਤ ਹਰਿਆਣਾ ਦੇ ਇੰਚਾਰਜ਼ ਰਹੇ ਨਰਿੰਦਰ ਮੋਦੀ ਦੇ ਕਾਫ਼ੀ ਕਰੀਬੀ ਰਹੇ ਹਨ ਅਤੇ ਗ਼ੈਰ-ਜਾਟ ਪੰਜਾਬੀ ਨੇਤਾ ਹਨ। ਨਰਿੰਦਰ ਮੋਦੀ-ਅਮਿਤ ਸ਼ਾਹ ਜੋੜੀ ਨੇ ਹਰਿਆਣਾ ਦੇ 22 ਫ਼ੀਸਦੀ ਜਾਟ ਵੋਟਰ ਨੂੰ ਭੂਪਿੰਦਰ ਸਿੰਘ ਹੁੱਡਾ ਤੇ ਓਮ ਪ੍ਰਕਾਸ਼ ਚੌਟਾਲਾ ਵਿਚਾਲੇ ਵੰਡਣ ਦੀ ਰਣਨੀਤੀ ਤਹਿਤ 78 ਫ਼ੀਸਦੀ ਵੋਟਰ ’ਤੇ ਟੇਕ ਰੱਖੀ ਸੀ। ਇਸ ਰਣਨੀਤੀ ਤਹਿਤ ਭਾਜਪਾ ਨੂੰ ਸੱਤ ਜਾਟ ਵਿਧਾਇਕ ਵੀ ਮਿਲ਼ ਗਏ ਹਨ ਅਤੇ ਉਹ ਪੂਰਨ ਬਹੁਤਮਤ ਤੱਕ ਵੀ ਪਹੁੰਚ ਗਈ ਹੈ। ਇਸ ਨੀਤੀ ਤਹਿਤ ਗ਼ੈਰ-ਜਾਟ ਮੁੱਖ ਮੰਤਰੀ ਬਣਾਏ ਜਾਣ ਉਤੇ ਸਹਿਮਤੀ ਹੈ। ਭਾਜਪਾ ਨਵੇਂ ਚੁਣੇ 47 ਵਿਧਾਇਕਾਂ ਦੀ ਮੀਟਿੰਗ ਵਿੱਚ ਮੋਹਨ ਲਾਲ ਖੱਟਰ ਦੇ ਨਾਂ ’ਤੇ ਮੋਹਰ ਲਾ ਸਕਦੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਵੱਲੋਂ ਨਿਯੁਕਤ ਦੋ ਆਬਜ਼ਰਵਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਤੇ ਪਾਰਟੀ ਦੇ ਮੀਤ ਪ੍ਰਧਾਨ ਦਿਨੇਸ਼ ਸ਼ਰਮਾ ਕਰਨਗੇ।
ਭਾਜਪਾ ਦੇ ਸੀਨੀਅਰ ਆਗੂ ਮੁੱਖ ਮੰਤਰੀ ਬਣਨ ਦੇ ਇੱਛੁਕ ਵਿਧਾਇਕਾਂ ਦੇ ‘ਜਮਹੂਰੀ ਦਾਅਵੇ’ ਪੇਸ਼ ਕਰਨ ਦੀ ਅਜਿਹੀ ‘ਆਜ਼ਾਦੀ’ ਦੇਵੇਗੀ, ਜਿਸ ਤਹਿਤ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੋਵੇਗਾ। ਇਹ ਹਾਈਕਮਾਂਡ ਮੋਦੀ-ਸ਼ਾਹ ਜੋੜੀ ਤੱਕ ਸਿਮਟੀ ਹੋਣ ਦਾ ਤੱਥ ਹਰ ਸਿਆਸੀ ਮਾਹਰ ਜਾਣਦਾ ਹੈ। ਉਂਜ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰਾਂ ਵਿੱਚ ਅਨਿਲ ਵਿੱਜ ਸਮੇਤ ਭਾਜਪਾ ਦੇ ਸੂਬਾਈ ਪ੍ਰਧਾਨ ਰਾਮਬਿਲਾਸ  ਸ਼ਰਮਾ, ਆਰ ਐਸ ਐਸ ਦੇ ਸਾਬਕਾ ਮੈਂਬਰ ਐਮ ਐਲ ਖੱਟਰ, ਪਾਰਟੀ ਬੁਲਾਰੇ ਕੈਪਟਨ ਅਭਿਮਨਯੂ, ਪਾਰਟੀ ਦੇ ਕਿਸਾਨ ਸੈੱਲ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਸ਼ਾਮਲ ਹਨ।

ਬ੍ਰਾਹਮਣ ਸਮਾਜ ਨਾਲ ਸਬੰਧਤ ਰਾਮਬਿਲਾਸ ਸ਼ਰਮਾ ਨੂੰ ਭਾਜਪਾ ਦੇ ਕੇਂਦਰੀ ਆਗੂਆਂ ਦਾ ਥਾਪੜਾ ਹਾਸਲ ਹੈ। ਉਹ ਬੰਸੀ ਲਾਲ ਤੇ ਚੌਟਾਲਾ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਓਧਰ ਮੂਲ ਰੂਪ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਖੱਟਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨੇੜੇ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਬਾਰੇ ਫੈਸਲਾ ਕਰਦੇ ਸਮੇਂ ਪਾਰਟੀ ਨੂੰ ਕੇਂਦਰੀ ਮੰਤਰੀਆਂ ਸੁਸ਼ਮਾ ਸਵਰਾਜ, ਕ੍ਰਿਸ਼ਨ ਪਾਲ ਗੁੱਜਰ ਅਤੇ ਰਾਓ ਇੰਦਰਜੀਤ ਸਿੰਘ ਦੇ ਨਾਵਾਂ ਨੂੰ ਵੀ ਚੇਤੇ ਵਿੱਚ ਰੱਖਣਾ ਹੋਵੇਗਾ। ਕੈਪਟਨ ਅਭਿਮਨਯੂ ਨੂੰ ਰਾਜ ਵਿੱਚ ਪਾਰਟੀ ਦੇ ਜਾਟ ਚਿਹਰੇ ਵਜੋਂ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸ਼ਾਹ ਦਾ ਆਸ਼ੀਰਵਾਦ ਹਾਸਲ ਰਿਹਾ ਹੈ। ਅਨਿਲ ਵਿੱਜ ਪਿਛਲੇ ਦਹਾਕੇ ਵਿੱਚ ਰਾਜ ਵਿੱਚ ਪਾਰਟੀ ਦਾ ਮਜ਼ਬੂਤ ਚਿਹਰਾ ਰਹੇ ਹਨ।
1966 ਵਿੱਚ ਰਾਜ ਦੇ ਹੋਂਦ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਦਾ ਅਹੁਦਾ ਜ਼ਿਆਦਾਤਰ ਜਾਟ ਭਾਈਚਾਰੇ ਕੋਲ ਹੀ ਰਿਹਾ ਹੈ। ਇਨ੍ਹਾਂ ਵਿੱਚ ਬੰਸੀ ਲਾਲ, ਦੇਵੀ ਲਾਲ, ਓਮ ਪ੍ਰਕਾਸ਼ ਚੌਟਾਲਾ ਤੇ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਹਨ, ਜਦੋਂਕਿ ਗੈਰ ਜਾਟ ਮੁੱਖ ਮੰਤਰੀਆਂ ਵਿੱਚ ਭਜਨ ਲਾਲ, ਭਾਗਵਤ ਦਿਆਲ ਸ਼ਰਮਾ  ਤੇ ਬਨਾਰਸੀ ਦਾਸ ਗੁਪਤਾ ਸ਼ਾਮਲ ਸਨ।

Popular Articles