ਹਰਿਆਣਾ : ਵੱਡੇ ਨੇਤਾਵਾਂ ਦੀ ਦੂਸ਼ਣਬਾਜ਼ੀ ਭਖਾਈ ਚੋਣ ਮੁਹਿੰਮ

0
1141

PM Modi at a campaign rally

ਸ਼ਬਦੀਸ਼

ਚੰਡੀਗੜ੍ਹ – ਹਰਿਆਣਾ ਦੀ ਚੋਣ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਬਸਪਾ ਸੁਪਰੀਮੋ ਮਾਇਆਵਤੀ ਵਰਗੇ ਨੇਤਾਵਾਂ ਨੇ ਪੂਰੀ ਤਰ੍ਹਾਂ ਭਖਾ ਦਿੱਤੀ ਹੈ। ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਹਰ ਬੁਰਾਈ ਤੇ ਸਮੱਸਿਆ ਦੀ ਜੜ੍ਹ ਕਾਂਗਰਸ ਹੈ, ਜਦਕਿ ਸੋਨੀਆ ਗਾਂਧੀ ਲੋਕ ਸਭਾ ਚੋਣਾਂ ਦੌਰਾਨ ‘ਝੂਠੇ ਵਾਅਦੇ’ ਕਰਨ ਵਾਲੀ ਭਾਜਪਾ ਕੋਲੋਂ ਹਿਸਾਬ ਪੁੱਛ ਰਹੇ ਹਨ। ਬਸਪਾ ਸੁਪਰੀਮੋ ਮਾਇਆਵਤੀ ਗਰੀਬਾਂ ਦੇ ਕਲਿਆਣ ਦੀ ਸੱਚੀ ਦਾਅਵੇਦਾਰੀ ਦਾ ਦਮ ਭਰ ਰਹੇ ਹਨ ਅਤੇ ਓਮ ਪ੍ਰਕਾਸ਼ ਚੌਟਾਲਾ ਆਖ ਰਹੇ ਹਨ ਕਿ ਸਾਨੂੰ ਸੱਤਾ ਦਾ ਲਾਲਚ ਨਹੀਂ ਹੈ। ਅਸੀਂ ਤਾਂ ਚੌਧਰੀ ਦੇਵੀ ਲਾਲ ਦੇ ਸੁਪਨੇ ਪੂਰੇ ਕਰਨ ਲਈ ਚੋਣ ਮੈਦਾਨ ਵਿੱਚ ਹਾਂ। ਇਹਦੇ ਨਾਲ ਹੀ ਇਲਜਾਮਾਂ ਦੀ ਝੜੀ ਵੀ ਲੱਗੀ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਨੈਸ਼ਨਲ ਲੋਕ ਦਲ ’ਤੇ ਹਮਲਾ ਕਰਦੇ ਹੋਏ ਲੋਕਾਂ ਨੂੰ ਸਵਾਲ ਕੀਤਾ ਕਿ ਤਿਹਾੜ ਜੇਲ੍ਹ ਜਾ ਕੇ ਕੰਮ ਕਰਵਾਉਣਾ ਆਸਾਨ ਹੈ ਜਾਂ ਫਿਰ ਉਹ ਚੰਡੀਗੜ੍ਹ ਜਾਣਾ ਪਸੰਦ ਕਰਨਗੇ? ਭਾਜਪਾ ਵੱਲੋਂ ਮੋਦੀ ਲਹਿਰ ਦੇ ਦਮ ’ਤੇ ਚੋਣ ਲੜਨ ਦਾ ਤਹੱਈਆ ਕੀਤਾ ਹੈ, ਜੋ ਕਹਿ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਹਰਿਆਣਾ ਦੀ ਕਿਸਮਤ ਨਿਸਚਤ ਕਰਨ ਜਾ ਰਹੀਆਂ ਹਨ। ਇਥੇ ਅਜਿਹੀ ਸਰਕਾਰ ਨਹੀਂ ਬਣਨੀ ਚਾਹੀਦੀ, ਜਿਸ ਨਾਲ ਦਿੱਲੀ ਤੇ ਹਰਿਆਣਾ ਵਿਚਾਲੇ ਫਾਟਕ ਬੰਦ ਹੋ ਜਾਣ, ਸਗੋਂ ਉਹ ਸਰਕਾਰ ਬਣਾਈ ਜਾਵੇ, ਜਿਸਦੀ ਦਿੱਲੀ ਨਾਲ ਸਾਂਝ ਹੋਵੇ। ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਐਨ ਡੀ ਏ ਦੀ ਕੇਂਦਰ ਸਰਕਾਰ ਵੱਲੋਂ ਵਿਰੋਧੀ ਸੁਰ ਵਾਲੀ ਰਾਜ ਸਰਕਾਰ ਨਾਲ ਵਿਤਕਰੇਬਾਜੀ ਦਾ ਮੁੱਢ ਦੱਸ ਰਹੇ ਹਨ।

ਨਰਿੰਦਰ ਮੋਦੀ ਕਾਂਗਰਸ ’ਤੇ ਕਟਾਖ਼ਸ਼ ਕਰਦਿਆਂ ਆਖ ਰਹੇ ਹਨ ਕਿ ਉਹ ਲੋਕ ਸਾਡੇ ਕੋਲੋਂ 60 ਦਿਨਾਂ ਦਾ ਹਿਸਾਬ ਮੰਗ ਰਹੇ ਹਨ, ਜਿਨ੍ਹਾਂ ਨੇ 60 ਸਾਲਾਂ ਵਿੱਚ ਕੁਝ ਵੀ ਨਹੀਂ ਕੀਤਾ। ਉਹ ਦੇਸ਼ ਦੇ ਹਾਲਾਤ ਦੱਸਣ ਦੀ ਥਾਂ ਦੁਨੀਆਂ ਭਰ ਵਿੱਚ ‘ਹਿੰਦੋਸਤਾਨ ਦੀ ਗੂੰਜ’  ਦਾ ਗੁੱਡਾ ਬੰਨ੍ਹ ਰਹੇ ਹਨ। ਉਹ ਆਖਦੇ ਹਨ, “ਇਹ ਗੂੰਜ ਮੋਦੀ ਕਰਕੇ ਨਹੀਂ ਹੈ, ਸਗੋਂ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਕਰਕੇ ਹੈ, ਜਿਨ੍ਹਾਂ ਨੇ ਬਹੁਮਤ ਦੇ ਕੇ ਕੇਂਦਰ ਵਿੱਚ ਸਥਿਰ ਅਤੇ ਮਜ਼ਬੂਤ ਸਰਕਾਰ ਬਣਵਾਈ। ਇਸੇ ਕਰਕੇ ਚੀਨ, ਜਾਪਾਨ ਅਤੇ ਅਮਰੀਕਾ ਤੱਕ ਸਾਡੀ ਗੱਲ ਸੁਣੀ ਜਾਂਦੀ ਹੈ।”

ਉੱਚੀ ਆਵਾਜ਼ ਦਾ ਸੱਚ ਹੋਣਾ ਜ਼ਰੂਰੀ ਨਹੀਂ ਹੈ : ਸੋਨੀਆ

Sonia

ਓਧਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛ ਰਹੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਦਾ ਕੀ ਬਣਿਆ ਹੈ? ਕੀ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਦਾ ਕੀਤਾ ਵਾਅਦਾ ਕੀ ਪੂਰਾ ਹੋ ਗਿਆ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਦੇ ਸਹਾਰੇ ਅਜਿਹਾ ਮਾਹੌਲ ਸਿਰਜਣ ਵਿੱਚ ਲੱਗੇ ਹਨ, ਜਿਵੇਂ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਅਗਵਾਈ ਹੇਠ ਕੁਝ ਵੀ ਨਾ ਹੋਇਆ ਹੋਵੇ ਤੇ ਉਹਦੇ ਪ੍ਰਧਾਨ ਮੰਤਰੀ ਬਣਨ ਨਾਲ ਰਾਤੋ-ਰਾਤ ਮੁਲਕ ਦੀ ਕਿਸਮਤ ਬਦਲਣ ਜਾ ਰਹੀ ਹੋਵੇ।

ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਦਿਆਂ ਸੋਨੀਆਂ ਗਾਂਧੀ ਨੇ ਕਿਹਾ ਕਿ ਊਣਾ ਭਾਂਡਾ ਹੀ ਵਧੇਰੇ ਉਛਲਦਾ ਹੈ। ਉੱਚਾ ਬੋਲਣ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਤੁਸੀਂ ਸੱਚ ਵੀ ਬੋਲਦੇ ਹੋ। ਉਨ੍ਹਾਂ ਕਿਹਾ, “ਰਾਸ਼ਟਰ ਦਾ ਨਿਰਮਾਣ ਇਕ ਦਿਨ ਵਿੱਚ ਨਹੀਂ ਹੋ ਜਾਂਦਾ ਤੇ ਦੇਸ਼ ਦੇ ਵਿਕਾਸ ਲਈ ਸਾਲਾਂਬੱਧੀ ਸਖ਼ਤ ਘਾਲਣਾ ਕਰਨੀ ਪੈਂਦੀ ਹੈ। ਇਸ ਲਈ ਸਹੀ ਭਾਵਨਾ ਤੇ ਕੁਰਬਾਨੀ ਦਾ ਮਾਦਾ ਚਾਹੀਦਾ ਹੈ।”

ਦੇਸ਼ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਦਿੱਤਾ: ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਂਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ‘ਉੱਚੀ ਆਵਾਜ਼ ਵਿੱਚ ਬੋਲਣ’ ਦੇ ਹਮਲਾਵਰ ਰੁਖ਼ ਦਾ ਜਵਾਬ ਦਿੰਦਿਆਂ  ਦੇਸ਼ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਦੇਣ ਦੀ ਗੱਲ ਕਰਦੇ ਹਨ। ਸੋਨੀਪਤ ਜ਼ਿਲ੍ਹੇ ਦੇ ਬਰੋਦਾ ਵਿਧਾਨ ਸਭਾ ਹਲਕੇ ਵਿੱਚ ਅੱਜ ਚੋਣ ਰੈਲੀ ਨੂੰ ਸੰਬੋਧਨ  ਕਰਦਿਆਂ ਉਨ੍ਹਾਂ ਕਿਹਾ ਕਿ  ਕਾਂਗਰਸ ਪ੍ਰਧਾਨ ਸੋਨੀਆ, ਲੋਕ ਸਭਾ ਚੋਣਾਂ ਵਿੱਚ ਹਾਰ ਨੂੰ ਅਜੇ ਭੁਲੇ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਚੀਖਣ ਵਾਲਿਆਂ ਦਾ ਦਰਦ ਸੁਣਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਬੋਲਣ ਵਾਲੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਬੁਲਟ ਪਰੂਫ ਸ਼ੀਸ਼ੇ ਦੀ ਆੜ ਵਿੱਚ ਭਾਸ਼ਣ ਨਹੀਂ ਕੀਤਾ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਵਿੱਚ ਨਿਵੇਸ਼ ਲਈ ਅਕਾਰਸ਼ਿਤ ਕਰ ਰਹੇ ਹਨ ਅਤੇ ਉਨ੍ਹਾਂ ‘ਮੇਕ ਇਨ ਇੰਡੀਆ’ ਦਾ ਨਾਅਰਾ ਦਿੱਤਾ ਹੈ।

ਹਰਿਆਣਾ ‘ਚ ਭਾਜਪਾ ਸਰਕਾਰ ਬਣੇਗੀ: ਸੁਸ਼ਮਾ ਸਵਰਾਜ

ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਹੁਣ ਤੱਕ ਹਰਿਆਣਾ ਵਿੱਚ ਲੁੱਟ-ਖਸੁੱਟ ਦਾ ਰਾਜ ਸੀ, ਪਰ ਭਾਜਪਾ ਦੇ ਸ਼ਾਸਨ ਵਿੱਚ ਹਰ ਇਕ ਵਿਅਕਤੀ ਨੂੰ ਨਿਆਂ ਤੇ ਸਨਮਾਨਜਨਕ ਹਿੱਸੇਦਾਰੀ ਮਿਲੇਗੀ। ਉਨ੍ਹਾਂ ਕਿਹਾ ਭਾਜਪਾ ਹਰਿਆਣਾ ਵਿੱਚ 50 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੀ ਹੈ ਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਸਭਾ ਚੋਣਾਂ ਵਾਂਗ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਵੀ ਨਿਰਧਾਰਤ ਟੀਚਾ ਹਾਸਲ ਕਰਕੇ ਸਰਕਾਰ ਬਣਾਏਗੀ।

ਭਾਜਪਾ ਸ਼ੇਖਚਿੱਲੀ ਜਿਹੇ ਸੁਪਨੇ ਲੈ ਰਹੀ ਹੈ : ਚੌਟਾਲਾ

Chautala

ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਕਾਂਗਰਸ ਅਤੇ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਸ ਨੂੰ ਸੱਤਾ ਦੀ ਭੁੱਖ ਨਹੀਂ ਹੈ, ਉਹ ਤਾਂ ਚੌਧਰੀ ਦੇਵੀ ਲਾਲ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ, ਜਿਸ ਨੇ ਵੀ ਪੀ ਸਿੰਘ ਦੇ ਪੱਖ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਕੁਰਬਾਨ ਕਰ ਦਿੱਤੀ ਸੀ। ਇਤਿਹਾਸ ਕੁਰਬਾਨੀ ਕਰਨ ਵਾਲੇ ਨੂੰ ਭਗਵਾਨ ਰਾਮ, ਕ੍ਰਿਸ਼ਨ, ਮਹਾਂਵੀਰ, ਬੁੱਧ ਜਿਹੇ  ਮਹਾਪੁਰਸ਼ਾਂ ਨੂੰ ਮੰਨਦਾ ਹਾਂ।  ਲੋਕ ਸਾਨੂੰ ਪਿਆਰ ਕਰਦੇ ਹਨ, ਹਮਾਇਤ ਦਿੰਦੇ ਹਨ, ਕਿਉਂਕਿ ਅਸੀਂ ਬੀਤੇ ਸਾਲਾਂ ’ਚ ਵਧੀਆ ਕੰਮ ਕੀਤੇ ਸਨ। ਭਵਿੱਖ ਵਿੱਚ ਹੋਰ ਵੀ ਵਧੀਆ ਕੰਮ ਕਰਾਂਗੇ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਹਰਿਆਣੇ ਨੂੰ ਪਿਛਾਂਹ ਵੱਲ ਲੈ ਗਈ ਹੈ ਅਤੇ ਭਾਜਪਾ ਸੱਤਾ ਦੀ ਭੁੱਖੀ ਹੈ ਅਤੇ ਸ਼ੇਖਚਿਲੀ ਵਾਂਗ ਰਾਜ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ।

ਭਾਜਪਾ ਭਾਨੂਮਤੀ ਦਾ ਕੁਣਬਾ ਹੈ : ਹੁੱਡਾ
ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਤੇ ਇਨੈਲੋ ਦੀ ਅਸਲੀਅਤ ਜਾਣ ਲੈਣ। ਉਨ੍ਹਾਂ ਕਿਹਾ ਕਿ ਭਾਜਪਾ ਤਾਂ ਭਾਨੂਮਤੀ ਦਾ ਕੁਣਬਾ ਹੈ, ਇੰਪੋਰਟ ਕੀਤਾ ਚੀਨੀ ਮਾਲ ਹੈ ਤੇ ਇਨੈਲੋ ਜੇਲ੍ਹ ਵਿੱਚ ਬੈਠ ਕੇ ਸਰਕਾਰ ਚਲਾਉਣ ਦੇ ਸੁਪਨੇ ਦੇਖ ਰਹੀ ਹੈ। ਉਹ ਅੰਬਾਲਾ ਛਾਉਣੀ ਦੇ ਦਸਹਿਰਾ ਮੈਦਾਨ ’ਚ ਕਾਂਗਰਸ ਉਮੀਦਵਾਰ ਚੌਧਰੀ ਨਿਰਮਲ ਸਿੰਘ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਕੋਲ ਸਿਰਫ਼ ਇਕੋ ਮੁੱਦਾ ਹੈ ਕਿ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਹੈ, ਇਸ ਲਈ ਹਰਿਆਣਾ ’ਚ ਵੀ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ।

 ਗ਼ਰੀਬਾਂ ਦੀ ਭਲਾਈ ਬਸਪਾ ਦਾ ਮੁੱਖ ਮਕਸਦ: ਮਾਇਆਵਤੀ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਰਨਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਬਸਪਾ ਹੀ ਗ਼ਰੀਬਾਂ ਦੇ ਭਲੇ ਦੀ ਗੱਲ ਕਰਦੀ ਹੈ ਅਤੇ ਹਰਿਆਣਾ ਵਿੱਚ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਹੁਣ ਸਹੀ ਤੇ ਗਲਤ ਦੀ ਪਛਾਣ ਕਰਕੇ ਲੋਕਾਂ ਦੇ ਭਲੇ ਦੀ ਗੱਲ ਕਰਨ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ। ਅਜਿਹੀਆਂ ਪਾਰਟੀਆਂ ਤੋਂ ਬਚਣਾ ਚਾਹੀਦਾ ਹੈ, ਜੋ ਚੋਣਾਂ ਨੇੜੇ ਗ਼ਰੀਬਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਸਰਕਾਰ ਬਣਨ ’ਤੇ ਗ਼ਰੀਬਾਂ ਨੂੰ ਭੁੱਲ ਜਾਂਦੀਆਂ ਹਨ। ਹਰਿਆਣਾ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ’ਤੇ ਹੀ ਗ਼ਰੀਬਾਂ ਦਾ ਭਲਾ ਹੋ ਸਕਦਾ ਹੈ।

ਮਇਆਵਤੀ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ, ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਬੇਰੁਜ਼ਗਾਰੀ ਖਤਮ ਹੋਣ ਦੀ ਕੋਈ ਆਸ ਨਹੀਂ ਹੈ। ਇਹਦੇ ਲਈ ਰਾਜ ਸਰਕਾਰਾਂ ਨੂੰ ਜਨਤਾ ਨਾਲ ਜੁੜ ਕੇ ਸਕੀਮਾਂ ਤਿਆਰ ਕਰਨੀਆਂ ਪੈਂਦੀਆਂ ਹਨ, ਜਿਵੇਂ ਉਤਰ ਪ੍ਰਦੇਸ਼ ਵਿੱਚ ਬਸਪਾ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਦੋਂ ਚੌਟਾਲਾ ਸਰਕਾਰ ਸੀ, ਉਸ ਮੌਕੇ ਵੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜੋ ਪੂਰੇ ਨਹੀਂ ਹੋਏ। ਅਜਿਹੀਆਂ ਪਾਰਟੀਆਂ ਗ਼ਰੀਬਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕਰਦੀਆਂ। ਗ਼ਰੀਬਾਂ ਨੂੰ ਆਪਣੇ ਛੋਟੇ ਤੋਂ ਛੋਟੇ ਕੰਮ ਕਰਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਸੂਬੇ ਦੀਆਂ ਸਰਕਾਰਾਂ ਨੇ ਆਪਣੀਆਂ ਸਕੀਮਾਂ ਦਾ ਲਾਭ ਸਿਰਫ਼ ਅਮੀਰਾਂ ਨੂੰ ਹੀ ਦਿੱਤਾ, ਜਦਕਿ ਗ਼ਰੀਬਾਂ ਨੂੰ ਸਿਰਫ਼ ਲਾਰਿਆਂ ਨਾਲ ਹੀ ਸਾਰਿਆ। ਇਸ ਰੈਲੀ ਮੌਕੇ ਪਾਰਟੀ ਦੇ ਹੋਰ ਕਈ ਆਗੂ ਤੇ ਉਮੀਦਵਾਰ ਹਾਜ਼ਰ ਸਨ।