ਹਾਰ ਦੀ ਸ਼ਰਮਿੰਦਗੀ : ਸਾਰਾ ਦਿਨ ਕਾਂਗਰਸ ਦਾ ਦਫ਼ਤਰ ਹੋਇਆ ਸੁੰਨਸਾਨ ਰਿਹਾ

0
611

ਰਾਹੁਲ-ਸੋਨੀਆ ਦੀ ਅਗਵਾਈ ਹੇਠ ਹਾਰਦੀ ਪਾਰਟੀ ਨੂੰ ਪ੍ਰਿਅੰਕਾ ਦੀ ਲੋੜ ’ਤੇ ਜ਼ੋਰ

Cogress Delhi

ਐਨ ਐਨ ਬੀ

ਨਵੀਂ ਦਿੱਲੀ – ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦਾ ਅਸਰ ਕਾਂਗਰਸ ਦੇ ਦਫਤਰ ਉਤੇ ਸਪਸ਼ਟ ਦਿਖਾਈ ਦਿੱਤਾ, ਜਿੱਥੇ ਸਾਰਾ ਦਿਨ ਸੁੰਨਸਾਨ ਛਾਈ ਰਹੀ। ਇਸੇ ਦੌਰਾਨ ਕੋਈ ਸੌ ਕੁ ਦੇ ਕਰੀਬ ਕਾਂਗਰਸੀ ਵਰਕਰਾਂ ਨੇ ਪ੍ਰਿਅੰਕਾ ਗਾਂਧੀ ਨੂੰ ਕਾਂਗਰਸੀ ਲੀਡਰਸ਼ਿੱਪ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਿਆਂ ਮੁਜ਼ਾਹਰਾ ਕੀਤਾ। ਇਹ ਸੰਕੇਤ ਕਾਂਗਰਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ, ਜਿਸਨੇ ਹੁਣ ਤੱਕ ਰਾਹੁਲ ਗਾਂਧੀ ਨੂੰ ਉਭਾਰਨ ’ਤੇ ਜ਼ੋਰ ਲਗਾਇਆ ਹੈ।

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਦੁਰਦਸ਼ਾ ਬਾਰੇ ਸਫਾਈ ਦੇਣ ਲਈ ਦਫ਼ਤਰ ਵਿੱਚ ਕੋਈ ਪਾਰਟੀ ਆਗੂ ਹਾਜ਼ਰ ਨਹੀਂ ਸੀ। ਸਵੇਰ ਵੇਲੇ ਪਾਰਟੀ ਦੇ ਬੁਲਾਰੇ ਅਜੈ ਮਾਕਨ ਪਾਰਟੀ ਦਫਤਰ ਆਏ ਤੇ ਉਹ ਏਨਾ ਕਹਿ ਕੇ ਦਫਤਰ ਤੋਂ ਚਲੇ ਗਏ, “ਪਾਰਟੀ ਦੋਵਾਂ ਸੂਬਿਆਂ ਵਿੱਚ ਹਾਰ ਵੱਲ ਵਧ ਰਹੀ ਹੈ।”

ਕਾਂਗਰਸ ਦੇ ਇਕ ਵਰਕਰ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਕਾਂਗਰਸੀ ਲੀਡਰਸ਼ਿਪ ਤੇ ਹੇਠਲੇ ਵਰਕਰਾਂ ਵਿੱਚ ਪੈਦਾ ਹੋਇਆ ਖਲਾਅ ਹੈ। ਇਸ ਤੋਂ ਪਹਿਲਾਂ ਸਵੇਰੇ ਕੋਈ ਇਕ ਸੌ ਦੇ ਕਰੀਬ ਮੁਜ਼ਾਹਰਾਕਾਰੀ 24 ਅਕਬਰ ਰੋਡ ਵਿਖੇ ਇਕੱਠੇ ਹੋਏ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਪ੍ਰਿਅੰਕਾ ਗਾਂਧੀ ਦੀਆਂ ਤਸਵੀਰਾਂ ਚੁੱਕ ਕੇ ਮੰਗ ਕੀਤੀ ਕਿ ਕਾਂਗਰਸ ਨੂੰ ਬਚਾਉਣ ਲਈ ਪ੍ਰਿਅੰਕਾ ਗਾਂਧੀ ਅੱਗੇ ਆਵੇ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲ ਕੇ ਕੰਮ ਕਰੇ। ਇਨ੍ਹਾਂ ਵਰਕਰਾਂ ਨੇ ‘ਪ੍ਰਿਅੰਕਾ ਗਾਂਧੀ ਲਿਆਓ-ਕਾਂਗਰਸ ਬਚਾਓ’ ਅਤੇ ‘ਪ੍ਰਿਅੰਕਾ ਲਿਆਓ-ਦੇਸ਼ ਬਚਾਓ’ ਦੇ ਨਾਅਰੇ ਲਗਾਏ। ਮਹਾਰਾਸ਼ਟਰ ਕਾਂਗਰਸ ਦੀ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਨੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ।