ਸ਼ਬਦੀਸ਼
ਚੰਡੀਗੜ੍ਹ – ਆਮਿਰ ਖ਼ਾਨ ਦੀ ‘ਲਗਾਨ’ ਤੋਂ ਉਡਨੇ ਸਿੱਖ ਮਿਲਖਾ ਸਿੰਘ ਦੇ ਜੀਵਨ ਤੋਂ ਪ੍ਰੇਰਤ ਫ਼ਿਲਮ ਦੀ ਸਫ਼ਲਤਾ ਬਾਅਦ ‘ਮੈਰੀ ਕਾੱਮ’ ਨੇ ਵੀ ਅੱਛਾ-ਖਾਸੀ ਵਪਾਰਕ ਸਫ਼ਲਤਾ ਹਾਸਿਲ ਕੀਤੀ ਹੈ ਅਤੇ 7 ਨਵੰਬਰ ਨੂੰ ਕਬੱਡੀ ਖੇਡ ’ਤੇ ਆਧਾਰਤ ਹਿੰਦੀ ਫੀਚਰ ਫਿਲਮ ‘ਬਦਲਾਪੁਰ ਬੌਇਜ਼’ ਰਿਲੀਜ਼ ਹੋਣ ਜਾ ਰਹੀ ਹੈ। ਇਸਦੀ ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਨਿਰਦੇਸ਼ਕ ਸ਼ੈਲੇਸ਼ ਵਰਮਾ ਨੇ ਦੱਸਿਆ ਕਿ ਇਹ ਹਿੰਦੀ ਭਾਸ਼ਾ ਵਿੱਚ ਬਣੀ ਪਹਿਲੀ ਫ਼ਿਲਮ ਹੈ, ਜਿਸਨੇ ਕੌਮੀ ਖੇਡ ਕਬੱਡੀ ਨੂੰ ਕੇਂਦਰ ਵਿੱਚ ਰੱਖ ਕੇ ਕਿਸਾਨੀ ਜੀਵਨ ਦੀ ਤਲਖ਼ ਹਕੀਕਤ ਬਿਆਨ ਕਰਨ ਦਾ ਯਤਨ ਕੀਤਾ ਹੈ। ਇਹ ਫ਼ਿਲਮ ਦੱਖਣ ਭਾਰਤੀ ਸਿਨੇਮਾ ਦੀ ਹਿੱਟ ਫ਼ਿਲਮ ‘ਵੀਨਿਲਾ ਕਬਾਡੀ’ ਦਾ ਰੀਮੇਕ ਹੈ, ਪਰ ਨਿਰਦੇਸ਼ਕ ਬਣੇ ਸ਼ੈਲੇਸ਼ ਵਰਮਾ ਦਾ ਦਾਅਵਾ ਹੈ ਕਿ ਇਸਦੀ 80 ਫ਼ੀਸਦੀ ਕਹਾਣੀ ਮੌਲਿਕਤਾ ਦਾ ਪ੍ਰਭਾਵ ਪੈਦਾ ਕਰਨ ਵਾਲੀ ਹੈ।
ਸ਼ੈਲੇਸ਼ ਵਰਮਾ ਮੁਤਾਬਕ ਉਹ 1200 ਤੋਂ ਵੱਧ ਟੀ ਵੀ ਐਪੀਸੋਡ ਅਤੇ 20 ਫਿਲਮਾਂ ਦੀ ਕਹਾਣੀ ਲਿਖ ਚੁੱਕੇ ਹਨ, ਜਦਕਿ ਪਹਿਲਾ ਮੌਕਾ ਹੈ, ਜਦੋਂ ਉਹ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਕਹਾਣੀ ਲੈ ਕੇ ਬਿਹਤਰ ਫ਼ਿਲਮਾਂ ਬਣੀਆਂ ਹਨ, ਤਾਂ ਵੀ ਮਨ ਵਿੱਚ ਰਹਿ ਜਾਂਦਾ ਹੈ ਕਿ ਮੈਂ ਨਿਰਦੇਸ਼ਕ ਨਾਲੋਂ ਕੁਝ ਵੱਖਰਾ ਆਖਣਾ ਚਾਹੁੰਦਾ ਸਾਂ। ਇਹ ਫ਼ਿਲਮ ਮੇਰੇ ਆਪਣੇ ਸੰਕਲਪ ਨੂੰ ਸਕਰੀਨ ’ਤੇ ਸਾਕਾਰ ਕਰੇਗੀ।
ਉਨ੍ਹਾਂ ਕਿਹਾ ਕਿ ਫਿਲਮ ਦਾ ਨਾਂ ਉਤਰ ਪ੍ਰਦੇਸ਼ ਦੇ ਬਦਲਾਪੁਰ ਪਿੰਡ ਤੋਂ ਪ੍ਰੇਰਤ ਹੈ, ਪਰ ਇਸਦੀ ਸ਼ੂਟਿੰਗ ਰਾਜਿਸਥਾਨ ਵਿੱਚ ਕੀਤੀ ਗਈ ਹੈ। ਇਹ ‘ਬੇਕਾਰ’ ਲਗਦੇ ਪੇਂਡੂ ਲੜਕਿਆਂ ਦੀ ਕਹਾਣੀ ਹੈ, ਜਿਨ੍ਹਾਂ ਅੰਦਰ ‘ਕੁਝ’ ਕਰਨ ਦੀ ਚਾਹਤ ਮੌਜੂਦ ਹੈ। ਇਸ ਫ਼ਿਲਮ ਦੇ ਨੌਜਵਾਨ ਕਬੱਡੀ ਦੇ ਦੀਵਾਨੇ ਹਨ ਤੇ ਇਸ ਖੇਡ ਵਿੱਚ ਆਪਣਾ ਨਾਂ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਜਨੂੰਨ ਨਾ ਸਿਰਫ਼ ਖੁਦ ਲਈ ਹੈ, ਬਲਕਿ ਪਿੰਡ ਲਈ ਵੀ ਹੈ, ਜੋ ਕਿਸਾਨੀ ਜੀਵਨ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੈ।
ਫ਼ਿਲਮ ਦੇ ਹੀਰੋ ਨਿਸ਼ਾਨ ਨੇ ਦੱਸਿਆ ਕਿ ਇਸ ਲੇਖਕ-ਨਿਰਦੇਸ਼ਕ ਨਾਲ ਕੰਮ ਕਰਨ ਦਾ ਤਜ਼ਰਬਾ ਬਹੁਤ ਵਧੀਆ ਰਿਹਾ ਹੈ ਅਤੇ ਸੱਚ ਦੀ ਪੇਸ਼ਕਾਰੀ ਲਈ ਪ੍ਰੋਫੈਸ਼ਨਲ ਕਬੱਡੀ ਖਿਡਾਰੀਆਂ ਦੇ ਇਸਤੇਮਾਲ ਨਾਲ ਪ੍ਰਭਾਵਸ਼ਾਲੀ ਫ਼ਿਲਮ ਬਣੀ ਹੈ, ਜੋ ਜਨਤਾ ਨੂੰ ਪਸੰਦ ਆਵੇਗੀ। ਹੀਰੋਇਨ ਪੂਜਾ ਗੁਪਤਾ ਨੇ ਵੀ ਫਿਲਮ ਕਾਫ਼ੀ ਮਿਹਨਤ ਨਾਲ ਬਣਾਈ ਹੋਣ ਦਾ ਜ਼ਿਕਰ ਕੀਤਾ। ਉਹ ਹੁਣ ਤੱਕ ਦੱਖਣ ਭਾਰਤੀ ਫ਼ਿਲਮਾਂ ਵਿੱਚ ਨਜ਼ਰ ਆਈ ਹੈ ਜਾਂ ਫਿਰ ਕੁਝ ਹਿੰਦੀ ਫ਼ਿਲਮਾਂ ਵਿੱਚ ਛੋਟੀ-ਮੋਟੀ ਭੂਮਿਕਾ ਅਦਾ ਕੀਤੀ ਹੈ। ਇਸ ਦਾ ਸੰਗੀਤ ਸ਼ਮੀਰ ਟੰਡਨ ਤੇ ਸਚਿਨ ਗੁਪਤਾ ਨੇ ਦਿੱਤਾ ਹੈ। ਗੀਤ ਸਮੀਰ ਅੰਜਾਨ ਨੇ ਲਿਖੇ ਹਨ। ਇਨ੍ਹਾਂ ਨੂੰ ਆਵਾਜ਼ ਸੁਖਵਿੰਦਰ ਸਿੰਘ, ਮਹਾਂਲਕਸ਼ਮੀ ਆਇਰ, ਸ਼੍ਰੇਰਆ ਘੋਸ਼ਾਲ, ਜਾਵੇਦ ਅਲੀ ਤੇ ਰਿਤੁ ਪਾਠਕ ਨੇ ਦਿੱਤੀ ਹੈ।