ਸ਼ਬਦੀਸ਼
ਚੰਡੀਗੜ੍ਹ – ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਤੋਂ ਵੀ ਸਪੱਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਭਾਜਪਾ ਦੀ ਅੱਖ ਦਲਿਤ ਵਰਗ ’ਤੇ ਟਿਕ ਗਈ ਹੈ, ਜੋ ਪੇਂਡੂ ਖੇਤਰ ਵਿੱਚ ਕਮਜ਼ੋਰ ਪਈ ਕਾਂਗਰਸ ਦਾ ਆਧਾਰ ਖੋਹ ਕੇ ਸੱਤਾ ਲਈ ਗਠਜੋੜ ਦੀ ਪ੍ਰਮੁਖ ਧਿਰ ਸ਼੍ਰੋਮਣੀ ਅਕਾਲੀ ਦਲ ਲਈ ਵੀ ਚੁਣੌਤੀ ਹੋਵੇਗੀ। ਇਹ ਭਾਜਪਾ ਦਾ ਖ਼ਾਸ ਏਜੰਡਾ ਹੈ, ਕਿਉਂਕਿ ਸ਼ਹਿਰੀ ਖੇਤਰ ਦੇ ਵਪਾਰਕ ਤਬਕੇ ਪ੍ਰਤੀਨਿਧਤਾ ਪਹਿਲਾਂ ਹੀ ਕਰ ਰਹੀ ਹੈ, ਜਿਸਦੇ ਹਿੰਦੁਤਵਵਾਦੀ ਰੁਝਾਨ ਵਾਲ਼ੇ ਕਾਂਗਰਸੀ ਭਾਜਪਾ ਵੱਲ ਤਿਲਕ ਸਕਦੇ ਹਨ। ਇਸ ਤੋ ਲਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰੀ ਮੰਡਲ ਵਿਸਤਾਰ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸੰਕੇਤ ਨਹੀਂ ਹੈ। ਇਹ ਨੀਤੀ ਭਾਜਪਾ ਲਗਭਗ ਸਾਰੇ ਮੁਲਕ ਵਿੱਚ ਲਾਗੂ ਕਰਨ ਜਾ ਰਹੀ ਹੈ, ਜਿਸਦਾ ਐਨ ਡੀ ਏ ਦੀਆਂ ਹੋਰ ਸਹਿਯੋਗੀ ਪਾਰਟੀਆਂ ’ਤੇ ਵੀ ਅਸਰ ਪੈ ਸਕਦਾ ਹੈ।
ਪੰਜਾਬ ਭਾਜਪਾ ਦੀ ਰਣਨੀਤੀ ਦੇ ਅਮਲ ਦੀ ਪ੍ਰਯੋਗਸ਼ਾਲਾ ਬਣਨ ਜਾ ਰਿਹਾ ਹੈ। ਹੁਸ਼ਿਆਰਪੁਰ ਸੀਟ ਤੋਂ ਵਿਜੇ ਸਾਂਪਲਾ ਅਤੇ ਭਾਜਪਾ ਦੀ ਪੰਜਾਬ ਭਾਜਪਾ ਦੇ ਇੰਚਾਰਜ ਤੇ ਆਗਰਾ ਤੋਂ ਐਮ.ਪੀ. ਰਾਮ ਸੁੰਦਰ ਕਥੇਰੀਆ ਵੀ ਦਲਿਤ ਆਗੂ ਹਨ। ਇਹ ਦੋਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਹਨ, ਜੋ ਪੰਜਾਬ ਦੀ ਲਗਪਗ 31.9 ਫੀਸਦੀ ਦਲਿਤ ਆਬਾਦੀ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੈ। ਇਹ ਓਦੋਂ ਹੋਇਆ ਹੈ, ਜਦੋਂ ਅਕਾਲੀ ਆਗੂ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਹੋਰ ਮਹਿਕਮੇ ਦਾ ਚਾਰਜ ਦਿੱਤੇ ਜਾਣ ਦੀਆਂ ਉਮੀਦਾਂ ਲਗਾਈ ਬੈਠੇ ਸਨ। ਉਸਨੂੰ ਵਾਧੂ ਮਹਿਕਮਾ ਤਾਂ ਕੀ ਦੇਣਾ ਸੀ, ਸਗੋਂ ਉਸਦੇ ਨਾਲ਼ ਸਾਧਵੀ ਨਿਰੰਜਨ ਜਯੋਤੀ ਨੂੰ ਮੰਤਰੀ ਬਣਾ ਕੇ ਬਿਠਾ ਦਿੱਤਾ ਗਿਆ ਹੈ। ਫੂਡ ਪ੍ਰਾਸੈਸਿੰਗ ਬਹੁਤ ਹਲਕਾ ਜਿਹਾ ਮੰਤਰਾਲਾ ਗਿਣਿਆ ਜਾਂਦਾ ਹੈ ਅਤੇ ਯੂ ਪੀ ਏ ਸਰਕਾਰ ਵੇਲੇ ਖੇਤੀਬਾੜੀ ਮੰਤਰਾਲੇ ਦਾ ਹਿੱਸਾ ਹੀ ਹੁੰਦਾ ਸੀ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਕੋਲ ਫੂਡ ਪ੍ਰਾਸੈਸਿੰਗ ਲਈ ਘੱਟ ਹੀ ਵਿਹਲ ਹੁੰਦੀ ਸੀ।
ਅਕਾਲੀ-ਭਾਜਪਾ ਗਠਜੋੜ ਦੇ ਬਦਲਦੇ ਸਮੀਕਰਨ ਇਸ ਤੋਂ ਵੀ ਜ਼ਾਹਰ ਹੋ ਜਾਂਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ’ਚੋਂ ਕਿਸੇ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਦੇ ਹਾਰ ਵੇ ਅਕਾਲੀ-ਭਾਜਪਾ ਸਬੰਧਾਂ ਵਿੱਚ ਉੱਭਰੀਆਂ ਤਰੇੜਾਂ ਪੂਰੇ ਜਾਣ ਦੇ ਸੰਕੇਤ ਤੁਰੰਤ ਮਿਲ਼ ਗਏ ਸਨ, ਪਰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਦੀ ਹਮਾਇਤ ਕਰਨ ਨਾਲ ਭਾਜਪਾ ਲੀਡਰਸ਼ਿਪ ਨੂੰ ਚੜ੍ਹਿਆ ਤਾਅ ਸ਼ਾਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਬਾਅਦ ਆਏ ਤੱਤੇ-ਠੰਢੇ ਬਿਆਨਾਂ ਵਿੱਚ ਭਾਜਪਾ ਮੋਹਰੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ‘ਬਚਕੇ ਮੋੜ ਤੋਂ’ ਦੀ ਹਾਲਤ ਵਿੱਚ ਹੈ। ਕੇਂਦਰ ਵਿੱਚ ਯੂ ਪੀ ਏ ਸਰਕਾਰ ਵੇਲ਼ੇ ਅਕਾਲੀ ਦਲ ਭਾਜਪਾ ’ਤੇ ਭਾਰੂ ਸੀ ਅਤੇ ਕੇਂਦਰ ਖ਼ਿਲਾਫ਼ ਭੜਾਸ ਕੱਢ ਕੇ ਵੀ ਆਪਣੀ ਪੁਜ਼ੀਸ਼ਨ ਬਣਾਈ ਰੱਖਦਾ ਸੀ। ਹੁਣ ਦੋਵਾਂ ਪੱਖਾਂ ਤੋਂ ਕਮਜ਼ੋਰ ਪੈ ਗਿਆ ਹੈ। ਇਹੀ ਹਾਲਤ ਕਿਸੇ ਵੇਲ਼ੇ ਮਹਾਰਾਸ਼ਟਰ ਭਾਜਪਾ ਦੀ ਸੀ, ਜਿਸਨੂੰ ਸ਼ਿਵ ਸੈਨਾ ਦੇ ਹੇਠਾਂ ਲੱਗ ਕੇ ਰਹਿਣਾ ਪੈਂਦਾ ਸੀ। ਪੰਜਾਬ ਭਾਜਪਾ ਦੇ ਤੇਵਰ ਅਤੇ ਦਿੱਲੀ ਵਿਚਲੇ ਭਾਜਪਾ ਆਗੂਆਂ ਦਾ ‘ਸਹੀ ਸਮਾਂ ਆਉਣ ’ਤੇ ਹੀ ‘ਗਠਜੋੜ ਦਾ ਜਾਇਜ਼ਾ’ ਲੈਣ ਦੇ ਸੰਕੇਤ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹਨ। ਜੇ ਸੀਨੀਅਰ ਲੀਡਰਸ਼ਿਪ ਪੰਜਾਬ ਵਿੱਚ ਪਾਰਟੀ ਕੇਡਰ ਦੀਆਂ ਇੱਛਾਵਾਂ ਅਤੇ ਪਾਰਟੀ ਦੀ ਬਿਹਤਰੀ ਲਈ ਕੋਈ ਸਖ਼ਤ ਫੈਸਲਾ ਲੈਂਦੀ ਹੈ, ਤਾਂ 2017 ਤੱਕ ਹਾਲਾਤ ਖਾਸੇ ਬਦਲ ਚੁੱਕੇ ਹੋਣਗੇ।