ਤੱਟਵਰਤੀ ਖੇਤਰਾਂ ਵਿੱਚ ਭਾਰੀ ਨੁਕਸਾਨ ਦੇ ਖ਼ਦਸ਼ੇ ਦੌਰਾਨ ਹੋਵੇਗੀ ਤੂਫ਼ਾਨ ਦੀ ਆਮਦ
ਐਨ ਐਨ ਬੀ
ਹੈਦਰਾਬਾਦ/ਭੁਵਨੇਸ਼ਵਰ – ਖ਼ਤਰਨਾਕ ਸਮੁੰਦਰੀ ਤੂਫਾਨ ‘ਹੁਦਹੁਦ’ ਦੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ’ਚ ਆਉਣ ਦੇ ਆਸਾਰ ਵੇਖਦਿਆਂ ਸੂਬਾ ਸਰਕਾਰ ਨੇ ਤਬਾਹੀ ਰੋਕਣ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਥਲ ਅਤੇ ਜਲ ਸੈਨਾ ਨੂੰ ਬਚਾਅ ਤੇ ਰਾਹਤ ਕਾਰਜਾਂ ਲਈ ਚੌਕਸ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਲੱਖ 11 ਹਜ਼ਾਰ ਲੋਕਾਂ ਨੂੰ ਪੰਜ ਤੱਟੀ ਜ਼ਿਲ੍ਹਿਆਂ ‘ਚੋਂ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਕੱਢਣ ਦੇ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਹਾਲਾਤ ਉੱਪਰ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ‘ਹੁਦਹੁਦ’ ਦੀ ਦਿਸ਼ਾ ਬਾਰੇ ਇਸਰੋ ਤੋਂ ਤਸਵੀਰਾਂ ਮੰਗੀਆਂ ਹਨ। ਤੂਫਾਨ ਕਰਕੇ ਪੰਜ ਜ਼ਿਲ੍ਹਿਆਂ ਦੇ 436 ਪਿੰਡਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਸਰਕਾਰ ਨੇ 370 ਰਾਹਤ ਕੈਂਪ ਵੀ ਤਿਆਰ ਕਰ ਲਏ ਹਨ।
ਐਨ ਡੀ ਆਰ ਐਫ ਦੀਆਂ 39 ਟੀਮਾਂ ਤਾਇਨਾਤ
ਉੜੀਸਾ ‘ਚ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ‘ਚ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਦੋ ਹਵਾਈ ਉਡਾਣਾਂ ਅਤੇ 39 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਇਲਾਕਿਆਂ ‘ਚ ਤੇਜ਼ ਬਾਰਸ਼ ਦੀਆਂ ਰਿਪੋਰਟਾਂ ਹਨ ਪਰ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਇਸ ਦੀ ਰਫਤਾਰ ਵੱਧ ਕੇ 195 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਸਮੁੰਦਰ ‘ਚ ਵੀ ਉੱਚੀਆਂ ਲਹਿਰਾਂ ਉੱਠਣ ਦੀ ਆਸ਼ੰਕਾ ਜ਼ਾਹਰ ਕੀਤੀ ਗਈ ਹੈ ਅਤੇ ਭਾਰੀ ਬਾਰਸ਼ ਵੀ ਹੋ ਸਕਦੀ ਹੈ। ਕੌਮੀ ਸੰਕਟ ਪ੍ਰਬੰਧਨ ਕਮੇਟੀ ਨੇ ਬੈਠਕ ਕਰਕੇ ਰਾਹਤ ਕਾਰਜਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਨ ਡੀ ਆਰ ਐਫ ਦੀਆਂ 39 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ‘ਚ 1680 ਤੋਂ ਵੱਧ ਬਚਾਅ ਕਰਮੀ ਹਨ। ਇਸ ਦੇ ਨਾਲ 199 ਰਬੜ ਦੀਆਂ ਕਿਸ਼ਤੀਆਂ ਅਤੇ ਹੋਰ ਸਾਜ਼ੋ-ਸਾਮਾਨ ਵੀ ਤਿਆਰ ਰੱਖਿਆ ਗਿਆ। ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।