ਐਨ ਐਨ ਬੀ
ਨਿਊਯਾਰਕ – ਪਾਕਿਸਤਾਨ ਨੇ ਇਹ ਮੰਨਿਆ ਹੈ ਕਿ ਭਾਰਤ ਤੇ ਉਸ ਦੇ ਵਿਦੇਸ਼ ਸਕੱਤਰਾਂ ਵਿਚਾਲੇ ਤਜਵੀਜ਼ਤ 25 ਅਗਸਤ ਦੀ ਇਸਲਾਮਾਬਾਦ ਵਿੱਚ ਮੀਟਿੰਗ ਦੇ ਐਨ ਨੇੜੇ ਉਸ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਵੱਲੋਂ ਹੁਰੀਅਤ ਆਗੂਆਂ ਨਾਲ ਮੀਟਿੰਗਾਂ ਕਰਨਾ ‘ਸ਼ਾਇਦ ਪੂਰੀ ਤਰ੍ਹਾਂ ਸਹੀ’ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤਾਂ ਕਾਫੀ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ।
ਇਥੇ ਕੁਝ ਭਾਰਤੀ ਪੱਤਰਕਾਰਾਂ ਨਾਲ ਵੱਖ-ਵੱਖ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਜੇ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਕਸ਼ਮੀਰ ਮਸਲਾ ਵੀ ਵਿਚਾਰਿਆ ਜਾਣਾ ਸੀ। ਕਸ਼ਮੀਰ ਮਸਲਾ ਹੱਲ ਕਰਨ ਲਈ ਹੁਰੀਅਤ ਕਾਨਫਰੰਸ ਦੇ ਆਗੂਆਂ ਦੇ ਵਿਚਾਰ ਜਾਣ ਲੈਣੇ ਵੀ ਜ਼ਰੂਰੀ ਸੀ।
ਉਨ੍ਹਾਂ ਮੰਨਿਆ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰ ਵਜੋਂ ਗੱਲਬਾਤ ਸ਼ੁਰੂ ਕਰਨ ਜਾ ਰਹੇ ਹੋਣ ਤਾਂ ਅਜਿਹੀ ਮੀਟਿੰਗ ਉਸ ਸਮੇਂ ਹੋਣੀ ਠੀਕ ਨਹੀਂ ਸੀ। ਇਸ ਨੂੰ ਗਲਤੀ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਦਾ ਗੱਲਬਾਤ ਨਾ ਕਰਨ ਲਈ ਸੁਨੇਹਾ ਉਸ ਸਮੇਂ ਮਿਲਿਆ ਜਦੋਂ ਹੁਰੀਅਤ ਆਗੂ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਸਫਾਰਤਖਾਨੇ ਵਿੱਚ ਪਹੁੰਚ ਚੁੱਕੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ ਸਕੱਤਰਾਂ ਦੀ ਗੱਲਬਾਤ ਨੂੰ ਰੱਦ ਕਰਨਾ, ਭਾਰਤ ਸਰਕਾਰ ਦਾ ਫੈਸਲਾ ਉੱਚਿਤ ਨਹੀਂ ਸੀ।
ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਬਿਆਨ ਕਿ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਸ਼ੁਰੂ ਕਰਨ ਦੀ ਲੋੜ ਹੈ, ਨੂੰ ਉਤਸ਼ਾਹਪੂਰਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹੁਣ ਭਾਰਤ ਦੱਸੇ ਕਿ ਵਿਦੇਸ਼ ਸਕੱਤਰਾਂ ਦੀ ਗੱਲਬਾਤ ਕਦੋਂ ਸ਼ੁਰੂ ਕੀਤੀ ਜਾਏ।