ਸ਼ਬਦੀਸ਼
ਚੰਡੀਗੜ੍ਹ – ਪੰਜਾਬ ਪ੍ਰੇਮੀਆਂ ਦੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸਦੀ ਤਾਜਾ ਮਿਸਾਲ ਖਰੜ ਦੇ ਇੱਕ ਪ੍ਰੇਮੀ ਜੋੜੇ ਦੀ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੀਤੀ ਖ਼ੁਦਕੁਸ਼ੀ ਹੈ। ਉਹ ਭੇਤਭਰੀ ਹਾਲਤ ਵਿੱਚ ਘਰਾਂ ’ਚੋਂ ਭੱਜ ਗਏ ਸਨ ਤੇ ਹੁਣ ਲਾਸ਼ਾਂ ਮਿਲੀਆਂ ਹਨ। ਮ੍ਰਿਤਕ ਦੀ ਪਛਾਣ ਮੋਹਨ ਸਿੰਘ ਉਰਫ਼ ਸੋਨੂੰ (25) ਵਾਸੀ ਪਿੰਡ ਮੱਛਲੀ ਕਲਾਂ ਵਜੋਂ ਹੋਈ ਹੈ, ਜਿਸਦੀ ਪਿੰਡ ਸਵਾੜਾ ਵਾਸੀ ਲੜਕੀ ਨਾਲ ਦੋਸਤੀ ਸੀ। ਇਹ ਦੋਸਤੀ ਝੰਜੇੜੀ ਵਿੱਚ ਮੋਬਾਈਲ ਫੋਨ ਵੇਚਣ ਅਤੇ ਮੁਰੰਮਤ ਕਰਨ ਦੀ ਦੁਕਾਨਦਾਰ ਖੋਲ੍ਹਣ ਪਿੱਛੋਂ ਹੋਈ ਸੀ ਅਤੇ ਗੱਲ ਵਿਆਹ ਤੱਕ ਪਹੁੰਚ ਗਈ। ਸੋਨੂੰ ਰਾਜਪੂਤ ਬਰਾਦਰੀ ਨਾਲ ਸਬੰਧ ਰੱਖਦਾ ਸੀ, ਜਦਕਿ ਲੜਕੀ ਦਲਿਤ ਪਰਿਵਾਰ ਨਾਲ ਸਬੰਧਤ ਸੀ। ਭਾਰਤ ਦੇ ਜਾਤੀਵਾਦੀ ਸਮਾਜ ਦੀ ਜਕੜ ਵਿੱਚ ਆਏ ਮਾਪੇ ਵਿਆਹ ਦੇ ਖ਼ਿਲਾਫ਼ ਸਨ। ਉਹ ਦੋਵੇਂ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਗਏ ਸਨ ਅਤੇ ਇੱਕ ਹੋਟਲ ਵਿੱਚ ਰੁਕਣ ਦੌਰਾਨ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਗਏ। ਇਸ ਮੌਕੇ ਉਨ੍ਹਾਂ ਦਾ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਆਪਣੀ ਗੂੜੀ ਦੋਸਤੀ ਦਾ ਖੁਲਾਸਾ ਕੀਤਾ ਅਤੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਧਰ, ਹਿਮਾਚਲ ਪੁਲੀਸ ਨੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿੱਚ ਭੇਜ ਦਿੱਤੀਆਂ ਹਨ। ਇਸ ਗੱਲ ਦੀ ਪੁਸ਼ਟੀ ਆਨੰਦਪੁਰ ਸਾਹਿਬ ਥਾਣਾ ਦੇ ਐਸ.ਐਚ.ਓ. ਗੁਰਮੁੱਖ ਸਿੰਘ ਨੇ ਕੀਤੀ ਹੈ, ਜਦਕਿ ਖ਼ਬਰ ਲਿਖੇ ਜਾਣ ਤੱਕ ਖਰੜ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਸੀ।
ਪਟਿਆਲਾ ’ਚ ਖ਼ੁਦਕੁਸ਼ੀਆਂ
ਓਧਰ ਪਟਿਆਲਾ ਸ਼ਹਿਰ ਵਿੱਚ ਖੁਦਕੁਸ਼ੀ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਬੀਤੇ ਸਵਾ ਮਹੀਨੇ ਵਿੱਚ ਹੀ ਅੱਧੀ ਦਰਜਨ ਘਟਨਾਵਾਂ ਪਾਵਰ ਗਈਆਂ ਹਨ। ਹਾਲੇ ਚਾਰ ਦਿਨ ਪਹਿਲਾਂ ਹੀ ਇੱਕ ਰੇਡੀਓ ਐਂਕਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸਦੀ ਫੇਸਬੁੱਕ ਤੇ ਸੋਸ਼ਲ ਮੀਡੀਆ ’ਤੇ ਖਾਸੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਇੰਜਨੀਅਰਿੰਗ ਕਰਦੇ 22 ਸਾਲਾ ਲਵਪ੍ਰੀਤ ਸਿੰਘ ਨੇ ਵੀ ਫਾਹਾ ਲੈ ਜੀਵਨ ਲੀਲ੍ਹਾ ਖ਼ਤਮ ਕਰ ਲਈ। ਇਸ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ। ਇਸ ਸਬੰਧੀ ਥਾਣਾ ਤ੍ਰਿਪੜੀ ਦੀ ਪੁਲੀਸ ਨੇ ਧਾਰਾ 174 ਤਹਿਤ ਪੜਤਾਲ ਕਰ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਮਹਿੰਦਰਾ ਕਾਲੋਨੀ ਦੇ ਵਸਨੀਕ ਹਰੀਸ਼ ਕੁਮਾਰ (35 ਸਾਲਾ) ਨੇ ਵੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਉਹ ਸ਼ਹਿਰ ਵਿੱਚ ਹੀ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਸੀ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਦਿਨ ਚੜ੍ਹਨ ’ਤੇ ਪਤਾ ਲੱਗਾ। ਇਸ ਸਬੰਧੀ ਪੁਲੀਸ ਚੌਕੀ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਕਮਿਸ਼ਨ ਤੋਂ ਸ਼ਰਨ ਮੰਗਣ ਵਾਲੇ ‘ਪ੍ਰੇਮੀ ਜੋੜਿਆਂ’ ਦੀ ਗਿਣਤੀ ਵਧੀ
ਇਨ੍ਹਾਂ ਘਟਨਾਵਾਂ ਦੌਰਾਨ ਰਾਜ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸ਼ਰਨ ਵਿੱਚ ਪੁੱਜਣ ਵਾਲੇ ‘ਪ੍ਰੇਮੀ ਜੋੜਿਆਂ’ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਘਰ ਤੋਂ ਭੱਜ ਕੇ ਵਿਆਹ ਕਰਵਾਉਣ ਅਤੇ ਬਾਅਦ ਵਿੱਚ ਪੁਲੀਸ ਤੋਂ ਬਚਣ ਲਈ ਕਮਿਸ਼ਨ ਦਾ ਦਰਵਾਜ਼ਾ ਖੜ੍ਹਕਾਉਣ ਵਾਲੇ ਜੋੜੇ ਸ਼ਾਮਲ ਹਨ। ਬੀਤੇ ਤਿੰਨ ਸਾਲਾਂ ਵਿੱਚ ਮਾਪਿਆਂ ਦੀ ਇੱਛਾ ਦੇ ਉਲਟ ਵਿਆਹ ਕਰਵਾਉਣ ਵਾਲੇ 1640 ਜੋੜਿਆਂ ਨੇ ਕਮਿਸ਼ਨ ਕੋਲ ਸ਼ਰਨ ਆਏ ਹਨ। ਕਮਿਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ ਪ੍ਰੇਮੀ ਜੋੜਿਆਂ ਵੱਲੋਂ ਸ਼ਰਨ ਲੈਣ ਦਾ ਪਲੇਠਾ ਕੇਸ 2011 ਵਿੱਚ ਆਇਆ ਸੀ ਅਤੇ ਪਹਿਲੇ ਸਾਲ ਹੀ ਇਹ ਗਿਣਤੀ ਕਈ ਸੈਂਕੜਿਆਂ ਨੂੰ ਪਾਰ ਕਰ ਗਈ ਸੀ, ਜਦਕਿ ਕਮਿਸ਼ਨ ਸਥਾਪਤ ਹੋਣ ਦੇ ਪਹਿਲੇ 13 ਸਾਲਾਂ ਦੌਰਾਨ ਬਹੁਤ ਥੋੜ੍ਹੇ ਕੇਸ ਆਏ ਸਨ ਅਤੇ ਉਨ੍ਹਾਂ ਦਾ ਵੇਰਵਾ ਵੀ ਦਰਜ ਨਹੀਂ ਹੈ।
ਦਰਅਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਵੈ-ਇੱਛਾ ਨਾਲ ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਲਈ ਜ਼ਿਲ੍ਹਾ ਪੱਧਰ ’ਤੇ ਸ਼ੈਲਟਰ ਹੋਮ ਖੋਲ੍ਹਣ ਦੇ ਹੁਕਮਾਂ ਬਾਅਦ ਹੀ ਕਮਿਸ਼ਨ ਕੋਲ ਅਰਜ਼ੀਆਂ ਦਾ ਵਹਾਅ ਸ਼ੁਰੂ ਹੋਇਆ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਕਹਿਰ ਨੇ ਵੀ ਖੌਫ਼ ਪੈਦਾ ਕੀਤਾ ਹੈ ਅਤੇ ਗਵਾਂਢੀ ਰਾਜ ਪੰਜਾਬ ਦੇ ਨੌਜਵਾਨ ਜੋੜੇ ਵੀ ਸੁਰੱਖਿਆ ਪ੍ਰਤੀ ਫਿਕਰਮੰਦ ਹੋਏ ਹਨ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜ ਭਰ ਦੇ ਸ਼ੈਲਟਰ ਹੋਮਾਂ ਵਿੱਚ ਰਿਹਾਇਸ਼ ਤੇ ਪੁਲੀਸ ਦੀ ਸੁਰੱਖਿਆ ਮਿਲ਼ ਜਾਂਦੀ ਹੈ। ਇਹ ਪ੍ਰੇਮੀ ਜੋੜਿਆਂ ਦਾ ਸਹਾਰਾ ਵੀ ਹੈ ਤੇ ਲੋੜ ਵੀ ਬਣ ਗਈ ਹੈ। ਇਸੇ ਮਕਸਦ ਨਾਲ ਹੀ ਉਹ ਮਨੁੱਖੀ ਅਧਿਕਾਰ ਕਮਿਸ਼ਨ ਦਾ ਰੁਖ਼ ਕਰਦੇ ਹਨ। ਕਮਿਸ਼ਨ ਕੋਲ ਸਾਲ 2011 ਵਿੱਚ ਸ਼ਰਨ ਲੈਣ ਲਈ ਅਰਜ਼ੀ ਦੇਣ ਵਾਲੇ ਪ੍ਰੇਮੀ ਜੋੜਿਆਂ ਦੀ ਗਿਣਤੀ 297 ਸੀ, ਜੋ 2012 ਵਿੱਚ ਵਧ ਕੇ 427 ਅਤੇ 2013 ਵਿੱਚ 519 ਹੋ ਗਈ। ਸਤੰਬਰ 2014 ਤੱਕ 397 ਪ੍ਰੇਮੀ ਜੋੜੇ ਸ਼ਰਨ ਲੈਣ ਲਈ ਅਰਜ਼ੀ ਦੇ ਚੁੱਕੇ ਹਨ।
ਕਮਿਸ਼ਨ ਵੱਲੋਂ ਪ੍ਰੇਮੀ ਜੋੜਿਆਂ ਨੂੰ ਸ਼ਰਨ ਦੇਣ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਤਫ਼ਤੀਸ਼ ਕੀਤੀ ਜਾਂਦੀ ਹੈ ਕਿ ਦੋਹਾਂ ਦੀ ਆਪਸੀ ਰਜ਼ਾਮੰਦੀ ਦਾ ਸਬੂਤ ਲਿਆ ਜਾਂਦਾ ਹੈ। ਇਸ ਰਾਹ ਪਏ ਜੋੜੇ ਪੰਜਾਬ ਦੀ ਤਸਵੀਰ ਪੇਸ਼ ਕਰਨ ਲਈ ਕਾਫੀ ਹਨ, ਜਦਕਿ ਘਰੋਂ ਭੱਜ ਕੇ ਅਤੇ ਲੁਕ-ਛਿਪ ਕੇ ਦਿਨਕਟੀ ਕਰਦੇ ਜੋੜਿਆਂ ਦੀ ਤਲਖ਼ ਹਕੀਕਤ ਦਾ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ। ਅਜਿਹੇ ਪ੍ਰੇਮੀ ਜੋੜਿਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ, ਜੋ ਅਦਾਲਤਾਂ ਵਿੱਚ ਵਿਆਹ ਕਰਾਉਣ ਤੋਂ ਬਾਅਦ ਸਿੱਧੇ ਹੀ ਸ਼ੈਲਟਰ ਹੋਮ ਵਿੱਚ ਪੁੱਜ ਜਾਂਦੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਆਹ ਕਰਾਉਣ ਲਈ ਘਰੋਂ ਭੱਜੇ ਜੋੜਿਆਂ ਅਤੇ ਮਾਪਿਆਂ ਵਿੱਚ ਟਕਰਾਅ ਦੀਆਂ ਹਿੰਸਕ ਵਾਰਦਾਤਾਂ ਤੇ ਨਿਰਾਸ਼ਾਵਸ ਖੁਦਕੁਸ਼ੀਆਂ ਦਾ ਸਿਲਸਿਲਾ ‘ਪ੍ਰਗਤੀਸ਼ੀਲ ਪੰਜਾਬ’ ਲਈ ਸ਼ੀਸ਼ੇ ਦੀ ਨਿਆਈ ਹੈ, ਜਿਸ ਵਿੱਚੋਂ 21ਵੀਂ ਸਦੀ ਦੇ ਪੰਜਾਬ ਦੀ ਤਸਵੀਰ ਵੇਖੀ ਜਾ ਸਕਦੀ ਹੈ।