ਐਨ ਐਨ ਬੀ
ਸੰਗਰੂਰ – ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਗੁਰਪ੍ਰੀਤ ਸਿੰਘ ਖੇੜੀ ਨੇ ਕਿਹਾ ਕਿ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਮਜ਼ਦੂਰ ਵਰਗ ਨੂੰ ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਵਲੋਂ ਮਜ਼ਦੂਰਾਂ ਦੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ ਹੀ ਨਹੀਂ ਕੀਤੀ ਜਾ ਰਹੀ ਸਗੋਂ ਪਹਿਲਾਂ ਚੱਲ ਰਹੀਆਂ ਸਕੀਮਾਂ ਵੀ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਦਮ ਤੋੜ ਰਹੀਆਂ ਹਨ ਅਤੇ ਗਰੀਬ ਵਰਗ ਲਈ ਲਾਹੇਵੰਦ ਸਾਬਤ ਨਹੀਂ ਹੋ ਰਹੀਆਂ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਨਰੇਗਾ ਸਕੀਮ ਬੰਦ ਪਈ ਹੈ ਅਤੇ ਮਜ਼ਦੂਰ ਵਰਗ ਨੂੰ ਤਿੰਨ-ਤਿੰਨ ਮਹੀਨੇ ਕੀਤੇ ਕੰਮਾਂ ਦੀ ਅਜੇ ਤੱਕ ਉਜਰਤ ਨਹੀਂ ਮਿਲੀ। ਇਸਤੋਂ ਇਲਾਵਾ ਸਸਤੇ ਰਾਸ਼ਨ ਦੀ ਸਰਕਾਰੀ ਸਕੀਮ ਵੀ ਸਰਕਾਰ ਪੱਖੀ ਧਨਾਢ ਲੋਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਜਦੋਂ ਕਿ ਗਰੀਬ ਲੋਕ ਸਸਤੇ ਰਾਸ਼ਨ ਤੋਂ ਵਾਂਝੇ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਨੇ ਕਿਹਾ ਕਿ ਸਰਕਾਰ ਲਗਾਤਾਰ ਮਜ਼ਦੂਰ ਵਰਗ ਦੇ ਹੱਕਾਂ ਨੂੰ ਕੁਚਲ ਰਹੀ ਹੈ ਅਤੇ ਸੰਵਿਧਾਨਕ ਤੌਰ ਤੇ ਮਜ਼ਦੂਰਾਂ ਦੇ ਬਣਕੇ ਹੱਕ ਨਹੀਂ ਦਿੱਤੇ ਜਾ ਰਹੇ। ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਵਿਚ ਬਣਦਾ ਤੀਜਾ ਹਿੱਸਾ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਜਾਣ, ਨਰੇਗਾ ਸਕੀਮ ਨੂੰ ਚਾਲੂ ਕੀਤਾ ਜਾਵੇ, ਮਜ਼ਦੂਰਾਂ ਦੇ ਰਹਿੰਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਪੰਚਾਇਤੀ ਜ਼ਮੀਨਾਂ ਵਿਚ ਬਣਦਾ ਹੱਕ ਦਿੱਤਾ ਜਾਵੇ। ਰੋਸ ਧਰਨੇ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਪ੍ਰਦੀਪ ਕਸਬਾ, ਹਰਭਜਨ ਸਿੰਘ ਧੰਦੀਵਾਲ, ਲਾਭ ਸਿੰਘ ਚਾਂਗਲੀ, ਜਰਨੈਲ ਸਿੰਘ ਕਾਤਰੋਂ ਆਦਿ ਨੇ ਵੀ ਸੰਬੋਧਨ ਕੀਤਾ।