21.5 C
Chandigarh
spot_img
spot_img
spot_img

Top 5 This Week

Related Posts

ਪੰਜਾਬ ਕਾਂਗਰਸ ਵੱਲੋਂ ਬਾਦਲ ਵਿਰੋਧੀ ਧਰਨਾ ਮੁਲਤਵੀ

 Follow us on Instagram, Facebook, X, Subscribe us on Youtube  

ਬਾਜਵਾ ਨੂੰ ਨਹੀਂ ਪਤਾ ਪ੍ਰਨੀਤ ਕੌਰ ਕਦੋਂ ਚੁੱਕੇਗੀ ਸਹੁੰ

bajwaaa

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 29 ਸਤੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ   ਦਿੱਤੇ  ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ।  ਸ੍ਰੀ ਬਾਜਵਾ ਨੇ ਅੱਜ ਦਾਅਵਾ ਕੀਤਾ ਕਿ ਇਹ ਧਰਨਾ ਬਾਦਲ ਸਰਕਾਰ ਵੱਲੋਂ ਗੋਡੇ ਟੇਕਣ ਕਾਰਨ ਮੁਲਤਵੀ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ 29 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰਾਂ ਨੂੰ ਮੀਟਿੰਗ ਲਈ ਸੱਦ ਲਿਆ ਹੈ। ਉਨ੍ਹਾਂ ਕਿਹਾ ਕਿ 29 ਸਤੰਬਰ ਨੂੰ ਕਾਂਗਰਸ ਦੇ ਕਿਸਾਨ ਤੇ ਮਜ਼ਦੂਰ ਦਲ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ਉੱਤੇ ਧਰਨੇ ਮਾਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਬਰਕਰਾਰ ਹੈ। ਇਸ ਤੋਂ ਇਲਾਵਾ ਉਹ ਵਫ਼ਦ ਸਮੇਤ 30 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਮਿਲ ਕੇ ਰਾਜ ਦੇ ਕਿਸਾਨਾਂ ਦੇ ਗੰਭੀਰ ਮੁੱਦਿਆਂ ਬਾਰੇ ਮੈਮੋਰੰਡਮ ਦੇ ਕੇ ਬਾਦਲ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਚਿੱਠਾ ਖੋਲ੍ਹਣਗੇ।
ਦੱਸਣਯੋਗ ਹੈ ਕਿ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਵੱਲੋਂ 29 ਸਤੰਬਰ ਨੂੰ ਹੀ ਪ੍ਰਨੀਤ ਕੌਰ ਦੀ ਜਿੱਤ ਦੀ ਖੁਸ਼ੀ ਵਿੱਚ ਇੱਥੇ ਕਾਂਗਰਸੀ ਵਿਧਾਇਕਾਂ ਨੂੰ ਲੰਚ ’ਤੇ ਸੱਦਿਆ ਹੈ। ਇਸੇ ਦਿਨ ਹੀ ਵਿਧਾਇਕ ਪ੍ਰਨੀਤ ਕੌਰ ਨੇ ਵਿਧਾਇਕ ਵਜੋਂ ਅਹੁਦੇ ਦੀ ਸਹੁੰ ਚੁੱਕਣੀ ਹੈ। ਇਸ ਕਰਕੇ ਪਿਛਲੇ ਦਿਨਾਂ ਤੋਂ ਇਹ ਚਰਚਾ ਭਾਰੂ ਸੀ ਕਿ ਸ੍ਰੀ ਬਾਜਵਾ ਵੱਲੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਧਰਨਾ ਦੇਣ ਅਤੇ ਦੂਸਰੇ ਪਾਸੇ ਕਾਂਗਰਸੀ ਵਿਧਾਇਕਾਂ ਵੱਲੋਂ ਲੰਚ ਉਪਰ ਇਕੱਠੇ ਹੋਣ ਕਾਰਨ ਪਾਰਟੀ ਵਿਚਲੀ ਫੁੱਟ ਇਕ ਵਾਰ ਫਿਰ ਜੱਗ ਜ਼ਾਹਿਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਸ੍ਰੀ ਬਾਜਵਾ ਨੇ ਅੱਜ ਆਲ ਟਰੇਡ ਐਂਡ ਇੰਡਸਟਰੀਜ਼ ਮੰਡੀ ਗੋਬਿੰਦਗੜ੍ਹ ਦੇ ਬੈਨਰ ਹੇਠ ਉਦਯੋਗਪਤੀਆਂ ਦੀਆਂ 9 ਐਸੋਸੀਏਸ਼ਨਾਂ ਦਾ ਉਨ੍ਹਾਂ ਨੂੰ ਲਿਖਿਆ ਪੱਤਰ ਪੱਤਰਕਾਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਇਨ੍ਹਾਂ ਐਸੋਸੀਏਸ਼ਨਾਂ ਨੇ  ਧਰਨਾ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।
ਸ੍ਰੀ ਬਾਜਵਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਕੁਝ ਵਿਧਾਇਕਾਂ ਵੱਲੋਂ ਉਨ੍ਹਾਂ ਵਿਰੁੱਧ ਉਠਾਈ ਆਵਾਜ਼ ਮਹਿਜ਼ ਛੋਟੇ-ਮੋਟੇ ਗਿਲੇ-ਸ਼ਿਕਵੇ ਹੀ ਹਨ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਨੇ ਇਤਰਾਜ਼ ਕੀਤਾ ਸੀ ਕਿ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹਲਕੇ ਵਿੱਚ ਇੱਕ ਆਗੂ ਨੂੰ ਸੈੱਲ ਦੀ ਅਹੁਦੇਦਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸ੍ਰੀ ਜ਼ੀਰਾ ਨੇ ਵਿਧਾਇਕ ਨੂੰ ਮਿਲ ਕੇ ਗੁੱਸਾ-ਗਿਲਾ ਦੂਰ ਕਰ ਲਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਵਿਧਾਇਕ ਦਲ ਪਾਰਟੀ ਤੋਂ ਵੱਖਰਾ  ਨਹੀਂ ਹੈ, ਸਗੋਂ ਉਹ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੱਕ ਹਿੱਸਾ ਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਨੇ ਉਨ੍ਹਾਂ ਵੱਲੋਂ ਅਚਨਚੇਤ 29 ਸਤੰਬਰ ਨੂੰ ਧਰਨਾ  ਦੇਣ ਦੇ ਕੀਤੇ ਐਲਾਨ ਤੋਂ ਪਹਿਲਾਂ ਹੀ ਵਿਧਾਇਕ ਪ੍ਰਨੀਤ ਕੌਰ ਤੇ ਹੋਰ ਵਿਧਾਇਕਾਂ ਲਈ ਲੰਚ ਦਾ ਪ੍ਰੋਗਰਾਮ ਰੱਖਿਆ ਸੀ ਅਤੇ ਇਸ ਵਿੱਚ ਕੋਈ ਮੱਤਭੇਦ ਨਹੀਂ ਹੈ।
ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਸ੍ਰੀ ਬਾਦਲ ਵੱਲੋਂ ਸੰਗਤ ਦਰਸ਼ਨਾਂ ਵਿੱਚ ਬੇਹਿਸਾਬੇ ਢੰਗ ਨਾਲ  ਵੰਡੇ ਕਰੋੜਾਂ ਰੁਪਏ ਦਾ ਕੈਗ ਰਾਹੀਂ ਆਡਿਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਦਲਾਂ ਵੱਲੋਂ ਉਨ੍ਹਾਂ ਕੋਲੋਂ ਮੰਗੇ ਸਪੈਸ਼ਲ ਵਿੱਤੀ ਪੈਕੇਜ ਦਾ ਕੋਈ ਹੁੰਗਾਰਾ ਨਹੀਂ ਦਿੱਤਾ।

ਬਾਜਵਾ ਨੂੰ ਨਹੀਂ ਪਤਾ ਪ੍ਰਨੀਤ ਕੌਰ ਕਦੋਂ ਚੁੱਕੇਗੀ ਸਹੁੰ

ਸ੍ਰੀ ਬਾਜਵਾ ਨੇ ਅੱਜ ਹੈਰਾਨੀ ਭਰੇ ਢੰਗ ਨਾਲ ਕਿਹਾ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਨਵੀਂ ਚੁਣੀ ਵਿਧਾਇਕਾ ਪ੍ਰਨੀਤ ਕੌਰ ਕਦੋਂ ਸਹੁੰ ਚੁੱਕ ਰਹੀ ਹੈ। ਦੱਸਣਯੋਗ ਹੈ ਕਿ ਦੂਸਰੇ ਪਾਸੇ ਸ੍ਰੀ ਜਾਖੜ ਵਲੋਂ ਪ੍ਰਨੀਤ ਕੌਰ ਵਲੋਂ 29 ਸਤੰਬਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਲੰਚ ਦਾ ਪ੍ਰੋਗਰਾਮ ਰੱਖਿਆ ਹੈ ਅਤੇ ਇਸ ਬਾਰੇ ਹਰੇਕ ਕਾਂਗਰਸੀ ਵਿਧਾਇਕ ਨੂੰ ਕਈ ਦਿਨ ਪਹਿਲਾਂ ਹੀ ਸੱਦਾ ਦਿੱਤਾ ਜਾ ਚੁੱਕਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਫਿਲਹਾਲ ਉਸ ਨੂੰ ਲੰਚ ਦਾ ਸੱਦਾ ਨਹੀਂ ਆਇਆ ਪਰ ਆਸ ਹੈ ਕਿ ਕਿਸੇ ਵੇਲੇ ਵੀ ਫੋਨ ਆ ਸਕਦਾ ਹੈ।

 Follow us on Instagram, Facebook, X, Subscribe us on Youtube  

Popular Articles