31.1 C
Chandigarh
spot_img
spot_img

Top 5 This Week

Related Posts

ਮੋਦੀ ਦੇ ਵਜ਼ਾਰਤੀ ਵਿਸਥਾਰ ਤੇ ਫੇਰਬਦਲ ਵਿੱਚ 10 ਨਵੇਂ ਮੰਤਰੀ ਸ਼ਾਮਲ ਹੋਣਗੇ

 Follow us on Instagram, Facebook, X, Subscribe us on Youtube  

ਵਿਜੈ ਸਾਂਪਲਾ ਦਾ ਨੰਬਰ ਲੱਗਣ ’ਤੇ ਪੰਜਾਬ ਭਾਜਪਾ ਨੇਤਾ ਪਰੇਸ਼ਾਨ ਤੇ ਗੋਆ ਵਿੱਚ ਵੀ ਰੇੜਕਾ

Modi

ਐਨ ਐਨ ਬੀ

ਨਵੀਂ ਦਿੱਲੀ – ਕੇਂਦਰੀ ਵਜ਼ਾਰਤ ਦੇ ਵਿਸਥਾਰ ਤੇ ਅਤੇ ਫੇਰਬਦਲ ਵਿੱਚ 10 ਨਵੇਂ ਮੰਤਰੀਆਂ ਨੂੰ ਰਾਸ਼ਟਰਪਤੀ ਭਵਨ ’ਚ ਸਹੁੰ ਚੁਕਾਈ ਜਾਏਗੀ, ਜਿਨ੍ਹਾਂ ਵਿੱਚ ਪੰਜਾਬ ਭਾਜਪਾ ਦੇ ਵਿਜੈ ਸਾਂਪਲਾ ਵੀ ਸ਼ਾਮਲ ਹੋਣਗੇ। ਇਸਨੂੰ ਲੈ ਕੇ ਹੁਸ਼ਿਆਰਪੁਰ ਦੀ ਜਨਤਾ ਬਾਗੋਬਾਗ਼ ਹੈ, ਜਦਕਿ ਕਈ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਦੇ ਇੱਕ ਹਿੱਸੇ ਵਿੱਚ ਨਾ-ਖ਼ੁਸ਼ੀ ਵੀ ਵੇਖੀ ਜਾ ਰਹੀ ਹੈ। ਇਸੇ ਦੌਰਾਨ ਗੋਆ ਅੰਦਰ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਦੌੜ ਦਾ ਆਰੰਭ ਹੋ ਗਈ ਹੈ। ਵਜ਼ਾਰਤ ‘ਚ ਸ਼ਾਮਲ ਕੀਤੇ ਜਾਣ ਵਾਲੇ ਹੋਰਨਾਂ ਆਗੂਆਂ ‘ਚ ਸਾਬਕਾ ਮੰਤਰੀ ਮੁਖਤਾਰ ਅੱਬਾਸ ਨਕਵੀ, ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੇ ਲੜਕੇ ਜਯੰਤ ਸਿਨਹਾ, ਹਰਿਆਣਾ ਦੇ ਜਾਟ ਆਗੂ ਬੀਰੇਂਦਰ ਸਿੰਘ, ਬਿਹਾਰ ਦੇ ਗਿਰੀਰਾਜ ਸਿੰਘ ਜਾਂ ਭੋਲਾ ਸਿੰਘ, ਰਾਜਸਥਾਨ ਤੋਂ ਕਰਨਲ ਸੋਨਾਰਾਮ ਚੌਧਰੀ ਅਤੇ ਗਜੈਂਦਰ ਸਿੰਘ ਅਤੇ ਮਹਾਰਾਸ਼ਟਰ ਤੋਂ ਹੰਸਰਾਜ ਅਹੀਰ ਦੇ ਨਾਮ ਵੀ ਅੱਗੇ ਚੱਲ ਰਹੇ ਹਨ। ਭਾਈਵਾਲਾਂ  ਚੋਂ ਤੇਲਗੂਦੇਸਮ ਪਾਰਟੀ (ਟੀਡੀਪੀ)  ਦੇ ਵਾਈ.ਐਸ. ਚੌਧਰੀ ਜਾਂ ਰਾਮ ਮੋਹਨ ਨਾਇਡੂ ਅਤੇ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਅਨਿਲ ਦਿਸਾਈ ਵੀ ਕੁਰਸੀ ਦੀ ਦੌੜ ‘ਚ ਹਨ।
ਜੀ-20 ਸੰਮੇਲਨ ‘ਚ ਪ੍ਰਧਾਨ ਮੰਤਰੀ  ਦੇ ਸੱਜੇ ਹੱਥ ਸੁਰੇਸ਼ ਪ੍ਰਭੂ ਨੂੰ ਯੋਜਨਾ ਕਮਿਸ਼ਨ ਦੀ ਥਾਂ ਬਣਾਈ ਜਾ ਰਹੀ ਨਵੀਂ ਜਥੇਬੰਦੀ ਦਾ ਮੁਖੀ  ਥਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਛੇ ਤੋਂ ਵੱਧ ਮੰਤਰੀ ਇੱਕ ਤੋਂ ਵੱਧ ਵਿਭਾਗਾਂ ਦਾ ਕਾਰਜਭਾਰ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਹੌਲਾ ਕਰਨ ਲਈ ਉਨ੍ਹਾਂ ਦੇ ਵਿਭਾਗਾਂ ‘ਚ  ਫੇਰਬਦਲ ਕੀਤਾ ਜਾ ਸਕਦਾ ਹੈ। ਇਸ ਫੇਰਬਦਲ ਲਈ ਰਾਜ ਮੰਤਰੀਆਂ ਨੂੰ ਕੈਬਨਿਟ ਦਾ ਦਰਜਾ ਦੇਣ ਦੀ ਵੀ ਤਿਆਰੀ ਹੈ। ਕੇਂਦਰੀ  ਵਜ਼ਾਰਤ ‘ਚ ਇਸ ਸਮੇਂ 45 ਮੰਤਰੀ ਹਨ ਜਿਨ੍ਹਾਂ ‘ਚੋਂ 23  ਕੈਬਨਿਟ ਅਤੇ 22 ਰਾਜ ਮੰਤਰੀ ਹਨ। ਰਾਜ ਮੰਤਰੀਆਂ ‘ਚੋਂ 10 ਨੂੰ ਸੁਤੰਤਰ ਕਾਰਜਭਾਰ ਸੌਂਪਿਆ ਹੋਇਆ ਹੈ।

ਵਿਜੇ ਸਾਂਪਲਾ ਨੂੰ ਝੰਡੀ ਵਾਲੀ ਕਾਰ ਹੁਸ਼ਿਆਰਪੁਰ ਵਾਸੀ ਬਾਗ਼ੋਬਾਗ਼

ਹੁਸ਼ਿਆਰਪੁਰ ਤੋਂ ਪਹਿਲੀ ਵਾਰ ਭਾਜਪਾ ਦੀ ਟਿਕਟ ਤੋਂ ਚੁਣੇ ਗਏ ਵਿਜੇ ਸਾਂਪਲਾ ਨੂੰ ਕੇਂਦਰੀ ਵਜ਼ਾਰਤ ‘ਚ  ਝੰਡੀ ਵਾਲੀ ਕਾਰ ਮਿਲਣ ਦੇ ਚਰਚੇ ਹਨ। ਵਿਜੈ ਸਾਂਪਲਾ ਆਰ ਐਸ ਐਸ ਪਿਛੋਕੜ ਵਾਲੇ ਆਗੂ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਵਜ਼ਾਰਤ ’ਚ ਸੰਘ ਦੇ ਦਬ-ਦਬਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜਦੋਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੇ ਸਾਂਪਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਤਾਂ ਭਾਜਪਾ ਵਰਕਰਾਂ ਨੂੰ ਵੀ ਉਨ੍ਹਾਂ ਦੇ ਜਿੱਤਣ ਦੀ ਉਮੀਦ ਨਹੀਂ ਸੀ, ਪਰ ਉਨ੍ਹਾਂ ਨੇ ਮੋਦੀ ਲਹਿਰ ’ਤੇ ਸਵਾਰ ਹੋ ਕੇ 13 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਉਮੀਦਵਾਰ ਨੂੰ ਮਾਤ ਦੇਣ ਵਿੱਚ ਸਫ਼ਲ ਰਹੇ। ਹੁਣ ਜਦੋਂ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਣਾਉਣ ਦੀ ਸੂਚਨਾ ਆਈ ਹੈ ਤਾਂ ਸਿਆਸੀ ਹਲਕਿਆਂ ਵਿੱਚ ਹਲਚਲ ਮਚ ਗਈ ਹੈ। ਸਾਂਪਲਾ ਦੇ ਸਮਰਥਕ ਬਾਗੋਬਾਗ ਹਨ, ਉੱਥੇ ਉਨ੍ਹਾਂ ਦੇ ਵਿਰੋਧੀਆਂ ਨੂੰ ਝਟਕਾ ਲੱਗਿਆ ਹੈ। ਹੁਸ਼ਿਆਰਪੁਰ ਵਾਸੀ ਖ਼ੁਸ਼ ਹਨ ਕਿ ਉਨ੍ਹਾਂ ਦਾ ਨੁਮਾਇੰਦਾ ਮੰਤਰੀ ਬਣਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਲਕੇ ਦੀ ਸੰਸਦ ਮੈਂਬਰ ਸੰਤੋਸ਼ ਚੌਧਰੀ ਯੂ.ਪੀ.ਏ ਸਰਕਾਰ ਦੇ ਅੰਤਲੇ ਸਮੇਂ ਵਿੱਚ ਕੈਬਨਿਟ ਮੰਤਰੀ ਬਣ ਗਏ ਸਨ। ਸਾਂਪਲਾ ਦੇ ਦਫ਼ਤਰ ਵੱਲੋਂ ਪੁਸ਼ਟੀ ਕੀਤੀ ਗਈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਤਰੀਕ ਨੂੰ ਸਹੁੰ ਚੁੱਕ ਸਮਾਗਮ ਵਿੱਚ ਸੱਦਿਆ ਹੈ।

ਗਰੀਬ ਘਰ ਵਿੱਚ ਪੈਦਾ ਹੋਇਆ ਸ਼ਖ਼ਸ, ਜੋ ਕਿਸੇ ਵੇਲੇ ਰੋਜ਼ੀ ਰੋਟੀ ਕਮਾਉਣ ਲਈ ਪਲੰਬਰ ਵਜੋਂ ਕੰਮ ਕਰਦਾ ਸੀ, ਹੁਣ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਕਾਰਜਕਾਰਨੀ ਦਾ ਹਿੱਸਾ ਬਣਨ ਜਾ ਰਿਹਾ ਹੈ। ਸਾਂਪਲਾ ਜ਼ਿਲ੍ਹਾ ਜਲੰਧਰ ਦੇ ਪਿੰਡ ਸੋਫੀ ਦੇ ਸਰਪੰਚ ਰਹੇ। ਆਪਣੀ ਮਿਹਨਤ ਸਦਕਾ ਉਨ੍ਹਾਂ ਭਾਜਪਾ ਵਿੱਚ ਕਦਮ ਜਮਾਏ ਅਤੇ ਸੂਬੇ ਦੇ ਐਸ.ਸੀ ਮੋਰਚੇ ਦੇ ਪ੍ਰਧਾਨ ਬਣ ਗਏ। ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਖਾਦੀ ਬੋਰਡ ਅਤੇ ਵਣ ਨਿਗਮ ਦੇ ਚੇਅਰਮੈਨ ਦਾ ਅਹੁਦਾ ਵੀ ਦਿੱਤਾ ਗਿਆ। ਸਾਂਪਲਾ ਵਿਧਾਨ ਸਭਾ ਚੋਣ ਲੜਨਾ ਚਾਹੁੰਦੇ ਸੀ, ਪਰ ਓਦੋਂ ਉਨ੍ਹਾਂ ਨੂੰ ਟਿਕਟ ਨਾ ਮਿਲ਼ ਸਕੀ।

ਸਾਂਪਲਾ ਦਾ ਸੰਸਦ ਮੈਂਬਰ ਬਣਨਾ ਹੈਰਾਨੀਜਨਕ ਨਹੀਂ ਸੀ, ਕਿਉਂਕਿ ਨਰਿੰਦਰ ਮੋਦੀ ਦੀ ਲਹਿਰ ਪੂਰੇ ਦੇਸ਼ ਵਿੱਚ ਸੀ, ਪਰ ਪਹਿਲੀ ਵਾਰ ਸੰਸਦ ਪਹੁੰਚੇ ਸਾਂਪਲਾ ਨੂੰ ਮੰਤਰੀ ਮੰਡਲ ਵਿੱਚ ਲੈ ਲਏ ਜਾਣ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਇਹੀ ਸਮਝਿਆ ਜਾ ਰਿਹਾ ਸੀ ਕਿ ਪੰਜਾਬ ਵਿੱਚੋਂ ਕੋਈ ਮੰਤਰੀ ਲਿਆ ਗਿਆ ਤਾਂ ਗੁਰਦਾਸਪੁਰ ਦੇ ਐਮ.ਪੀ. ਵਿਨੋਦ ਖੰਨਾ ਜਾਂ ਹੁਸ਼ਿਆਰਪੁਰ ਤੋਂ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦਾ ਨੰਬਰ ਹੀ ਲੱਗੇਗਾ।  ਅਨੁਸੂਚਿਤ ਜਾਤੀ ਨਾਲ ਸਬੰਧਤ ਸਾਂਪਲਾ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦਾ ਫ਼ੈਸਲਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਸੇਧ ਲਏ ਹਨ। ਉਨ੍ਹਾਂ ਦਾ ਨਿਸ਼ਾਨਾ ਜਿੱਥੇ ਪੰਜਾਬ ਵਿੱਚ ਅਗਲੀਆਂ ਚੋਣਾਂ ਆਪਣੇ ਬਲਬੂਤੇ ’ਤੇ ਲੜਨ ਦਾ ਹੈ, ਉੱਥੇ ਅਨੁਸੂਚਿਤ ਜਾਤੀ ਦੇ ਵੋਟਰਾਂ ਨੂੰ ਵੀ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਦਲਿਤਾਂ ਦੀ ਹਿਤੈਸ਼ੀ ਹੈ। ਪੰਜਾਬ ਦੇ ਦੋਆਬਾ ਹਲਕੇ ਵਿੱਚ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜੋ ਹਾਰ ਜਿੱਤ ਨੂੰ ਫ਼ੈਸਲਾਕੁਨ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਹ ਤੀਰ ਬਸਪਾ ਲਈ ਹੋਰ ਝਟਕਾ ਬਣ ਸਕਦਾ ਹੈ, ਜੋ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਵੀ ਹੈ ਅਤੇ ਵੰਡ ਦਾ ਸ਼ਿਕਾਰ ਵੀ ਹੈ।

ਕੁਝ ਮੁਕਾਮੀ ਭਾਜਪਾ ਆਗੂ ਨਾਖ਼ੁਸ਼

ਵਿਜੈ ਸਾਂਪਲਾ ਨੂੰ ਮੰਤਰੀ ਬਣਾਏ ਜਾਣ ਦੇ ਪ੍ਰਭਾਵਾਂ ਤੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਦੇ ਹਮਾਇਤੀਆਂ ਨੂੰ ਜਿੱਥੇ ਖ਼ੁਸ਼ੀ ਹੈ, ਉੱਥੇ ਉਨ੍ਹਾਂ ਦੇ ਵਿਰੋਧੀ, ਖਾਸ ਕਰਕੇ ਕੁਝ ਸਥਾਨਕ ਭਾਜਪਾ ਆਗੂ ਨਾਖ਼ੁਸ਼ ਹਨ। ਇਹ ਆਗੂ ਹੁਣ ਤਕ ਉਨ੍ਹਾਂ ਨੂੰ ਬਾਹਰੀ ਬੰਦਾ ਕਹਿੰਦੇ ਆਏ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਮੰਤਰੀ ਬਣਨ ਤੋਂ ਬਾਅਦ ਇਸ ਹਲਕੇ ਵਿੱਚ ਸਾਂਪਲਾ ਦੇ ਪੈਰ ਹੋਰ ਪੱਕੇ ਹੋ ਜਾਣਗੇ।

ਗੋਆ ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਰੇੜਕਾ

ਓਧਰ  ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਕੇਂਦਰ ‘ਚ ਰੱਖਿਆ ਮੰਤਰੀ ਬਣਾਏ ਜਾਣ ਦੀ ਚਰਚਾ ਤੋਂ ਬਾਅਦ ਰਾਜ ਅੰਦਰ  ਜਾਨਸ਼ੀਨੀ ਨੂੰ ਲੈ ਕੇ ਬਗਾਵਤੀ ਸੁਰ ਉਠ ਖੜ੍ਹੇ ਹੋਏ ਹਨ। ਉਂਜ ਸਿਹਤ ਮੰਤਰੀ ਲਕਸ਼ਮੀਕਾਂਤ ਪਰਸੇਕਰ ਅਤੇ ਸਪੀਕਰ ਰਾਜਿੰਦਰ ਅਰਲੇਕਰ ਦੇ ਨਾਮ ਸਭ ਤੋਂ ਅੱਗੇ ਚੱਲ ਰਹੇ ਹਨ, ਪਰ ਉਪ ਮੁੱਖ ਮੰਤਰੀ ਫਰਾਂਸਿਸ ਡਿਸੂਜ਼ਾ ਨੇ ਵੀ ਆਪਣੀ ਦਾਅਵੇਦਾਰੀ  ਠੋਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ  ਚਾਰ ਵਾਰ ਵਿਧਾਇਕ ਰਹੇ ਹਨ ਅਤੇ ਤਿੰਨ ਵਾਰ ਮੰਤਰੀ ਬਣੇ ਹਨ ਉਨ੍ਹਾਂ ਦਾ ਕਹਿਣਾ ਹੈ, “ਜੇਕਰ ਮੈਨੂੰ ਮੁੱਖ ਮੰਤਰੀ  ਨਾ ਬਣਾਇਆ ਗਿਆ ਤਾਂ ਮੈਂ ਗੋਆ ਸਰਕਾਰ ‘ਚ ਰਹਿਣ ਬਾਰੇ ਦੋ ਵਾਰ ਸੋਚਾਂਗਾ।”

 Follow us on Instagram, Facebook, X, Subscribe us on Youtube  

Popular Articles