ਐਨ ਐਨ ਬੀ ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਦੇ ਇਕ ਕੇਸ ਵਿੱਚ ਦਿੱਲੀ ਪੁਲੀਸ ਦੇ ਤਿੰਨ ਅਫਸਰਾਂ ਸਮੇਤ ਚਾਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਲੌਅ ਨੇ ਨੰਗਲੋਈ ਪੁਲੀਸ ਸਟੇਸ਼ਨ ਦੇ ਤਤਕਾਲੀ ਐਸਐਚਓ ਰਾਮਪਾਲ ਸਿੰਘ ਰਾਣਾ, ਉਸ ਵੇਲੇ ਦੇ ਸਬ-ਇੰਸਪੈਕਟਰ ਦਲੇਲ ਸਿੰਘ, ਹੈੱਡ ਕਾਂਸਟੇਬਲ ਕਰਮ ਸਿੰਘ ਅਤੇ ਸਤਪਾਲ ਗੁਪਤਾ ਨੂੰ ਹੱਤਿਆ, ਦੰਗੇ, ਅਗਵਾ ਤੇ ਧਮਕੀਆਂ ਦੇਣ ਅਤੇ ਝੂਠੇ ਸਬੂਤ ਦੇਣ ਦੇ ਦੋਸ਼ਾਂ ‘ਚੋਂ ਬਰੀ ਕਰ ਦਿੱਤਾ। ਇਸ ਕੇਸ ਦੇ ਦੋ ਹੋਰ ਮੁਲਜ਼ਮਾਂ ਪ੍ਰੇਮ ਚੰਦ ਜੈਨ ਅਤੇ ਰਾਮ ਨਿਵਾਸ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ।
ਮੁਲਜ਼ਮਾਂ ਨੂੰ ਬਰੀ ਕਰਦਿਆਂ ਅਦਾਲਤ ਨੇ ਧਿਆਨ ਦਿਵਾਇਆ ਕਿ ਗੁਰਬਚਨ ਸਿੰਘ ਦੀ ਗਵਾਹੀ ਪੱਕੀ ਨਹੀਂ ਸੀ, ਸਗੋਂ ਉਹ ਆਪਣਾ ਸਟੈਂਡ ਵਾਰ-ਵਾਰ ਬਦਲਦਾ ਰਿਹਾ ਹੈ। ਗੁਰਬਚਨ ਸਿੰਘ ਦੇ ਪਰਿਵਾਰ ਦੇ ਤਿੰਨ ਜੀਆਂ ਨੂੰ ਮਾਰ ਦਿੱਤਾ ਗਿਆ ਸੀ। ਜੱਜ ਨੇ ਕਿਹਾ,”ਵਿਸ਼ੇਸ਼ ਸਰਕਾਰੀ ਵਕੀਲ ਅਤੇ ਪੀੜਤਾਂ ਦੇ ਵਕੀਲ ਵੱਲੋਂ ਸਰਕਾਰ ਨੂੰ ਦੋਸ਼ ਦੇਣਾ ਵਾਜਬ ਨਹੀਂ ਕਿਉਂਕਿ ਕਥਿਤ ਪੀੜਤ ਖੁਦ ਹੀ ਇਕ ਗੱਲ ’ਤੇ ਨਹੀਂ ਟਿਕੇ ਅਤੇ ਘਟਨਾ ਬਾਰੇ ਆਪਣਾ ਸਟੈਂਡ ਵਾਰ-ਵਾਰ ਬਦਲਦੇ ਰਹੇ ਅਤੇ ਆਪਣੇ ਪਹਿਲੇ ਪੱਖਾਂ ਦੀ ਪ੍ਰੋੜ੍ਹਤਾ ਨਹੀਂ ਕਰ ਸਕੇ।”
ਗੁਰਬਚਨ ਸਿੰਘ ਨੇ 1985 ਵਿੱਚ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ਵਿੱਚ ਕਿਹਾ ਸੀ ਕਿ ਤਿੰਨ ਪੁਲੀਸ ਕਰਮੀਆਂ ਅਤੇ ਸਤਪਾਲ ਗੁਪਤਾ ਨੇ ਉਸ ਦੇ ਪਿਤਾ ਅਤੇ ਦੋ ਭਰਾਵਾਂ ਨੂੰ ਕਤਲ ਕੀਤਾ ਸੀ ਪਰ 2004 ਵਿੱਚ ਅਦਾਲਤੀ ਕਾਰਵਾਈ ਦੌਰਾਨ ਉਹ ਮੁਲਜ਼ਮਾਂ ਦੇ ਸਹੀ ਨਾਂ ਨਹੀਂ ਦੱਸ ਸਕਿਆ ਸੀ ਅਤੇ ਉਸ ਨੇ ਆਪਣਾ ਪਹਿਲਾ ਬਿਆਨ ਵੀ ਵਾਪਸ ਲੈ ਲਿਆ ਸੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਜ਼ਿੰਦਾ ਸਾੜਿਆ ਗਿਆ ਸੀ।