ਦਮਦਮੀ ਟਕਸਾਲ ਵੱਲੋਂ ਦਲ ਖਾਲਸਾ ਦੇ ਇਨਸਾਫ਼ ਮਾਰਚ ਦੀ ਹਮਾਇਤ
ਐਨ ਐਨ ਬੀ
ਅੰਮ੍ਰਿਤਸਰ – ਦਮਦਮੀ ਟਕਸਾਲ ਨੇ ਦਲ ਖਾਲਸਾ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ 30 ਸਾਲ ਪੂਰੇ ਹੋਣ ਮੌਕੇ 2 ਨਵੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਦਿੱਲੀ ਸਥਿਤ ਯੂ.ਐਨ.ਓ. ਦੇ ਦੂਤਘਰ ਤੱਕ ਕੀਤੇ ਜਾਣ ਵਾਲੇ ‘ਹੱਕ ਅਤੇ ਇਨਸਾਫ’ ਮਾਰਚ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੀਤਾ। ਉਨ੍ਹਾਂ ਇਸ ਸਬੰਧੀ ਪੋਸਟਰ ਤੇ 4 ਸਫਿਆਂ ਦਾ ਪੈਂਫਲੈਟ ਵੀ ਜਾਰੀ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ 2 ਨਵੰਬਰ ਨੂੰ ‘ਦਿੱਲੀ ਚੱਲਣ’ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਨਵੰਬਰ ਵਿੱਚ ਸਿੱਖ ਕਤਲੇਆਮ ਦੇ 30 ਵਰ੍ਹੇ ਪੂਰੇ ਹੋਣਗੇ।
ਦਲ ਖਾਲਸਾ ਦੇ ਕਾਰਕੁੰਨਾਂ ਨੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਿੱਖ ਸੰਗਤਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੈਂਫਲੈਟ ਵੰਡੇ। ਪੈਂਫਲੈਟ ਵਿੱਚ ਸਿੱਖ ਕੌਮ ਦੀ ਪੀੜਾ ਦੱਸਣ, ਦੁਨੀਆਂ ਦੀ ਸਾਂਝੀ ਸੰਸਥਾ ਅੱਗੇ ਇਨਸਾਫ ਦੀ ਗੁਹਾਰ ਲਾਉਣ ਅਤੇ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਲੋਕਾਂ ਨੂੰ ਦਿੱਲੀ ਚੱਲਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਵਿੱਚ ਨਵੰਬਰ 1984 ਵਿੱਚ ਜੋ ਕੁਝ ਹੌਲਨਾਕ ਵਾਪਰਿਆ, ਉਸ ਦੇ ਵੇਰਵੇ ਸੰਖੇਪ ਵਿੱਚ ਤਸਵੀਰਾਂ ਦੇ ਨਾਲ ਦੱਸੇ ਗਏ ਹਨ।
ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਵੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਵਾਉਣ ਲਈ ਸਮਰਥਨ ਦੇਵੇ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਕਤਲ ਕੀਤੇ ਗਏ ਨਿਰਦੋਸ਼ਾਂ ਨਮਿਤ 2 ਨਵੰਬਰ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਮਾਰਚ ਰਵਾਨਾ ਹੋਵੇਗਾ ਅਤੇ ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇਗਾ। ਇਥੋਂ ਇਹ ਯੂ.ਐਨ.ਓ. ਦੇ ਦੂਤਘਰ ਲਈ ਰਵਾਨਾ ਹੋਵੇਗਾ, ਜਿਥੇ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇੱਕ ਯਾਦ-ਪੱਤਰ ਸੌਂਪਿਆ ਜਾਵੇਗਾ ਅਤੇ ਉਸੇ ਦਿਨ ਜੰਤਰ-ਮੰਤਰ ਵਿਖੇ ਇੱਕ ਰੈਲੀ ਵੀ ਕੀਤੀ ਜਾਵੇਗੀ।