32 ਹਜ਼ਾਰ ਅੱਤਵਾਦ ਪੀੜਤ ਹਿੰਦੁ ਪਰਿਵਾਰਾਂ ਨੂੰ ਮੋਦੀ ਮੁਆਵਜਾ ਦੇਵੇ : ਬਾਜਵਾ

0
703

Bajwa

ਐਨ ਐਨ ਬੀ

ਤਰਨ ਤਾਰਨ – ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਪ੍ਰਭਾਵਿਤ ਹੋਏ 32 ਹਜ਼ਾਰ ਦੇ ਲਗਭਗ ਹਿੰਦੁ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕਰੇ, ਕਿਉਂਕਿ ਖਾਲਿਸਤਾਨੀ ਦਹਿਸ਼ਤਗਰਦੀ ਦੌਰਾਨ ਹਿੰਦੂਆਂ ਦਾ ਧਾਰਮਿਕ ਜਨੂੰਨੀਆਂ ਵੱਲੋਂ ਕਤਲੇਆਮ ਕੀਤਾ ਗਿਆ ਸੀ। ਇਸ ਵਿੱਚ ਬੱਸਾਂ ’ਚੋਂ ਕੱਢ ਕੇ ਮਾਰਨ ਦੀਆਂ ਵਾਰਦਾਤਾਂ ਸਭ ਦੇ ਸਾਹਮਣੇ ਹਨ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਨਿਰਵੈਲ ਸਿੰਘ ਪੰਨੂ ਚੇਅਰਮੈਨ ਪੇਂਡੂ ਵਿਕਾਸ ਸੈੱਲ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਵਲੋਂ ਰਖਾਈ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਉਪਰੰਤ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕਰਦਿਆਂ ਪੰਜਾਬ ਪ੍ਰਧਾਨ ਬਾਜਵਾ ਨੇ ਕਿਹਾ ਕਿ ਅੱਤਵਾਦ ਹੀ ਕਾਲੀ ਹਨੇਰੀ ਦੌਰਾਨ ਸਿੱਖ, ਹਿੰਦੁ ਅਤੇ ਈਸਾਈ ਧਰਮ ਦੇ ਪਰਿਵਾਰਾਂ ਨੂੰ ਵੱਡੀ ਸੱਟ ਵੱਜੀ ਸੀ ਅਤੇ ਸਿੱਖਾਂ ਦੇ ਨਾਲ ਨਾਲ ਹੁਣ ਹਿੰਦੂ ਪਰਿਵਾਰਾਂ ਨੂੰ ਮੋਦੀ ਸਰਕਾਰ ਨੂੰ ਮੁਆਵਜਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਦਰਕਿਨਾਰ ਕੀਤਾ ਹੈ ਅਤੇ 100 ਦਿਨਾਂ ਵਿਚ ਕਾਲਾ ਧਨ ਵਾਪਸ ਲਿਆਉਣ ਦੇ ਸਪਨੇ ਨੂੰ ਕੇਵਲ ਸਪਨਾ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਪਿਛਲੇ 8 ਸਾਲਾਂ ਤੋਂ ਰਾਜ ਕਰ ਰਹੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਤੇ ਪ੍ਰਤੀਕਰਮ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਸਨਅਤ ਨੂੰ ਵੱਡੀ ਢਾਅ ਲਗਾਈ ਹੈ ਅਤੇ ਸੂਬੇ ਵਿਚ ਕੰਮ ਕਰਦੇ 19 ਹਜ਼ਾਰ ਦੇ ਕਰੀਬ ਕਾਰਖਾਨੇ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਸਨਅਤ ਸੰਮੇਲਨ ਕਰਵਾਕੇ ਕਰੋੜਾਂ ਰੁਪਏ ਸੂਬੇ ਦੀ ਜਨਤਾ ਦੇ ਖਜਾਨੇ ਵਿਚੋਂ ਕੇਵਲ ਖਰਾਬ ਕੀਤਾ ਗਿਆ ਹੈ ਅਤੇ ਕੇਵਲ ਆਪਣੇ ਹਿੱਤਾਂ ਦੀ ਪੂਰਤੀ ਲਈ ਬਾਦਲ ਪਰਿਵਾਰ ਵਲੋਂ ਪੈਸਾ ਖਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜੁਰਗਾਂ, ਅੰਗਹੀਣਾਂ, ਵਿਧਵਾਵਾਂ ਦੀਆਂ ਪੈਨਸ਼ਨਾਂ ਲਾਭਪਾਤਰੀਆਂ ਨੂੰ ਪਿਛਲੇ ਲੰਮੇਂ ਸਮੇਂ ਤੋਂ ਨਹੀਂ ਮਿਲ ਰਹੀਆਂ ਅਤੇ ਸ਼ਗਨ ਸਕੀਮ ਵੀ ਕੇਵਲ ਕਾਗਜਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜਮ ਵਰਗ ਨੂੰ ਚਾਰ-ਚਾਰ ਮਹੀਨੇ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਪੰਜਾਬ ਸਰਕਾਰ ਦਾ ਇਸ ਵੇਲੇ ਦੀਵਾਲੀਆ ਨਿਕਲ ਚੁੱਕਾ ਹੈ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਔਰੰਗਜੇਬ ਦਾ ਨਾਮ ਦਿੰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਰੂਹ ਵਿਚ ਔਰੰਗਜੇਬ ਵਰਗੇ ਰਾਜੇ ਦੀ ਰੂਹ ਆ ਗਈ ਹੈ, ਜਿਸਨੂੰ ਕੱਢਣ ਲਈ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੋ ਕਾਂਗਰਸ ਸਰਕਾਰ ਵੇਲੇ ਦੇਸ਼ ਦਾ ਮੋਹਰੀ ਸੂਬਾ ਸੀ ਅੱਜ ਦੇਸ਼ ਭਰ ਵਿਚ 15ਵੇਂ ਨੰਬਰ ‘ਤੇ ਆ ਗਿਆ ਹੈ ਅਤੇ ਜੇਕਰ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜਾਰੀ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਦਾ ਸਭ ਤੋਂ ਅਖੀਰਲਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਵਲੋਂ ਕਿਸਾਨਾਂ ਦੇ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੁ ਸੱਚ ਇਸ ਤੋਂ ਕਿਤੇ ਪਰੇ ਹੈ।