13.3 C
Chandigarh
spot_img
spot_img
spot_img

Top 5 This Week

Related Posts

ਭਾਰਤ-ਪਾਕਿ ਸਰਹੱਦੀ ਤਣਾਅ : ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਖਾਮੋਸ਼ੀ ਤੋੜੀ

 Follow us on Instagram, Facebook, X, Subscribe us on Youtube  

ਪਾਕਿਸਤਾਨ ਨੂੰ ਐਡਵੈਂਚਰ ਦਾ ਸ਼ੌਕ ਮਹਿੰਗਾ ਪੈ ਸਕਦਾ ਹੈ : ਅਰੁਣ ਜੇਤਲੀ

Arun-jaitly

ਐਨ ਐਨ ਬੀ

ਬਾਰਾਮਤੀ/ਨਵੀਂ ਦਿੱਲੀ – ਭਾਰਤ-ਪਾਕਿ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਦੇ ਤਿੱਖੇ ਬਿਆਨਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਰੋਧੀ ਧਿਰ ’ਤੇ ਜਵਾਬੀ ਫਾਇਰ ਕਰਦਿਆਂ ਕਿਹਾ ਕਿ ਭਾਰਤ ਪਾਕਿਸਤਾਨੀ ਹਮਲੇ ਦਾ ਦਲੇਰਾਨਾ ਜਵਾਬ ਦੇ ਰਿਹਾ ਹੈ। ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾਵਾਂ ਨੂੰ ਸੰਕੇਤਕ ਭਾਸ਼ਾ ਵਿੱਚ ਸਮਝਾਏ ਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਭਾਰਤ ਕਿਵੇਂ ਪਾਕਿਸਤਾਨ ਨੂੰ ਜਵਾਬ ਦੇ ਰਿਹਾ ਹੈ? ਉਨ੍ਹਾਂ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਕਿ ਭਾਰਤ ਉੱਤੇ ਗੋਲੀਬਾਰੀ ਦਾ ਇਹ ਸ਼ੌਕ ਉਸਨੂੰ ‘ਬਹੁਤ ਮਹਿੰਗਾ’ ਪੈ ਸਕਦਾ ਹੈ।

PM Modi at a campaign rallyਨਰਿੰਦਰ ਮੋਦੀ ਨੇ ਹਰ ਸੱਤਾਧਾਰੀ ਧਿਰ ਵਾਂਗ ਸਰਹੱਦੀ ਤਣਾਅ ਦੇ ਸਿਆਸੀਕਰਨ ਲਈ ਵਿਰੋਧੀ ਧਿਰ ਦੀ ਨਿਖੇਧੀ ਕੀਤੀ ਹੈ। ਉਹ ਇੱਥੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸਬੰਧੀ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਹੁਣ ਵਕਤ ਬਦਲ ਗਿਆ ਹੈ ਤੇ ਦੁਸ਼ਮਣ ਦੀਆਂ ਪੁਰਾਣੀਆਂ ਆਦਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਉਨ੍ਹਾਂ ਗੋਲੀਬਾਰੀ ਦੇ ਜਵਾਬ ਦੇ ਮੁੱਦੇ ਉੱਤੇ ਕਿਹਾ, ‘‘ਲੋਕਾਂ ਨੂੰ ਮੇਰੇ ਇਰਾਦਿਆਂ ਦਾ ਪਤਾ ਹੈ, ਮੈਨੂੰ  ਉਨ੍ਹਾਂ ਬਾਰੇ ਬੋਲਣ ਦੀ ਲੋੜ ਨਹੀਂ ਹੈ। ਜਿੱਥੇ ਜਵਾਨਾਂ ਨੂੰ ਬੰਦੂਕ ਦੀ ਭਾਸ਼ਾ ਬੋਲਣ ਦੀ ਲੋੜ ਪਵੇਗੀ ਉਹ ਬੋਲਦੇ ਰਹਿਣਗੇ…ਅੱਜ ਸਰਹੱਦ ਉੱਤੇ ਗੋਲੀਆਂ ਚੱਲ ਰਹੀਆਂ ਹਨ ਤੇ ਦੁਸ਼ਮਣ ਕੁਰਲਾ ਰਿਹਾ ਹੈ। ਸਾਡੇ ਜਵਾਨ ਪਾਕਿਸਤਾਨੀ ਹਮਲੇ ਦਾ ਦਲੇਰੀ ਨਾਲ ਜਵਾਬ ਦੇ ਰਹੇ ਹਨ।’’ ਉਨ੍ਹਾਂ ਕਿਹਾ, ‘‘ਅਜਿਹੇ ਮੁੱਦੇ ਨੂੰ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਜਵਾਨਾਂ ਦੇ ਹੌਸਲੇ ਡਿੱਗਦੇ ਹਨ।’’
ਨਵੀਂ ਦਿੱਲੀ ਵਿਖੇ ਸ੍ਰੀ ਜੇਤਲੀ ਨੇ ਕਿਹਾ, ‘‘ਇਸ ਗੋਲੀਬਾਰੀ ਤੋਂ ਸਾਫ ਹੈ ਕਿ ਪਾਕਿਸਤਾਨ ਹਮਲੇ ਕਰ ਰਿਹਾ ਹੈ, ਪਰ ਉਸ ਨੂੰ ਭਾਰਤ ਦੀ ਸੁਰੱਖਿਆ ਦਾ ਪਤਾ ਹੋਣਾ ਚਾਹੀਦਾ ਹੈ। ਜੇ ਪਾਕਿਸਤਾਨ ਨੇ ਗੋਲੀਬਾਰੀ ਦਾ ਇਹ ਸ਼ੌਕ ਜਾਰੀ ਰੱਖਿਆ ਤਾਂ  ਉਸ ਨੂੰ ਬਹੁਤ ਮਹਿੰਗਾ ਪਵੇਗਾ। ਭਾਰਤੀ ਫੌਜਾਂ ਅੱਗੇ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।’’

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ਨੂੰ ‘ਢੁਕਵਾਂ’ ਜਵਾਬ  ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ, ‘‘ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਦੇਸ਼ ਦਾ ਸਿਰ ਨੀਵਾਂ ਨਹੀਂ ਹੋਣ ਦੇਵਾਂਗੇ।’’

ਸਰਹੱਦ  ਉੱਤੇ ਦੋਵੇਂ ਪਾਸਿਓਂ ਜ਼ੋਰਦਾਰ ਗੋਲਾਬਾਰੀ

ਓਧਰ ਪਾਕਿਸਤਾਨ ਵੱਲੋਂ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ ਅਤੇ ਭਾਰਤ ਦੇ ਸਲਾਮਤੀ ਦਸਤੇ ਵੀ ਠੋਕਵਾਂ ਜਵਾਬ ਦੇ ਰਹੇ ਹਨ। ਪਾਕਿਸਤਾਨੀ ਦਸਤਿਆਂ ਨੇ ਕੱਲ੍ਹ ਰਾਤ ਤੋਂ ਗੋਲਾਬਾਰੀ ਰਾਹੀਂ ਜੰਮੂ, ਸਾਂਬਾ  ਤੇ ਕਠੂਆ ਜ਼ਿਲ੍ਹਿਆਂ ਦੇ 130 ਪਿੰਡਾਂ ਤੇ 60 ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਭਾਰਤ ਵੱਲ ਬੀ ਐਸ ਐਫ ਜਵਾਨਾਂ ਸਣੇ 12 ਵਿਅਕਤੀ  ਜ਼ਖ਼ਮੀ ਹੋ ਗਏ। ਇਹ ਦੁਵੱਲੀ ਗੋਲਾਬਾਰੀ ਦੇਰ ਰਾਤ ਸਵੇਰੇ 11 ਵਜੇ ਤੱਕ ਰੁਕ-ਰੁਕ ਕੇ ਜਾਰੀ ਰਹੀ। ਅਧਿਕਾਰੀਆਂ ਮੁਤਾਬਕ ਬਹੁਤੀ ਫਾਇਰਿੰਗ ਪਰਗਵਾਲ, ਕਾਨਾਚਕ ਅਤੇ ਰਾਮਗੜ੍ਹ ਸਬ ਸੈਕਟਰਾਂ ਵਿੱਚ ਹੋਈ। ਪਾਕਿਸਤਾਨੀ ਰੇਂਜਰਾਂ ਨੇ ਕੁੱਲ ਮਿਲਾ ਕੇ ਪੂਰੀ 192 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਉੱਤੇ ਗੋਲੇ ਵਰ੍ਹਾਏ ਹਨ।

ਸਰਹੱਦ ਉੱਤੇ ਪੈਦਾ ਹੋਏ ਇਸ ਤਾਜ਼ਾ ਤਣਾਅ ਕਾਰਨ ਕਰੀਬ 30 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। ਦੋਵੇਂ ਮੁਲਕਾਂ ਵਿਚਕਾਰ 2003 ਤੋਂ ਜਾਰੀ ਗੋਲੀਬੰਦੀ ਦੀ ਇਹ ਸਭ ਤੋਂ ਭਿਆਨਕ ਉਲੰਘਣਾ ਕਾਰਨ ਪਹਿਲੀ ਅਕਤੂਬਰ ਤੋਂ ਭਾਰਤ ਵਾਲੇ ਪਾਸੇ ਅੱਠ ਵਿਅਕਤੀ ਮਾਰੇ ਗਏ ਹਨ ਅਤੇ ਨੌਂ ਸੁਰੱਖਿਆ ਜਵਾਨਾਂ ਸਣੇ 80 ਹੋਰ ਜ਼ਖ਼ਮੀ ਹੋਏ ਹਨ।
ਬੀ ਐਸ ਐਫ ਦੇ ਇਕ ਤਰਜ਼ਮਾਨ ਨੇ ਕਿਹਾ, ‘‘ਪਾਕਿਸਤਾਨੀ ਰੇਂਜਰਾਂ ਨੇ ਬਿਨਾਂ ਭੜਕਾਹਟ ਤੋਂ ਕੌਮਾਂਤਰੀ ਸਰਹੱਦ  ਉੱਤੇ ਭਾਰਤ ਦੀਆਂ ਸਾਰੀਆਂ ਚੌਕੀਆਂ ਉੱਤੇ ਤੋਪਾਂ  ਅਤੇ ਵੱਡੇ ਆਟੋਮੈਟਿਕ ਹਥਿਆਰਾਂ ਨਾਲ ਗੋਲਾਬਾਰੀ ਜਾਰੀ ਰੱਖੀ ਹੈ।

ਸ਼ਰੀਫ਼ ਨੇ ਅੱਜ ਐਨ ਐਸ ਸੀ ਦੀ ਮੀਟਿੰਗ ਸੱਦੀ

Nawaz Sharif

ਇਸਲਾਮਾਬਾਦ – ਸਰਹੱਦੀ ਤਣਾਅ ਦੇ ਮਸਲੇ ਉੱਤੇ ਪਾਕਿਤਸਾਨ ਦੀ ਹਕੂਮਤ ਵੀ ਵਿਰੋਧੀ ਧਿਰ ਦੇ ਹਮਲੇ ਦਾ ਸ਼ਿਕਾਰ ਹੈ। ਇਸੇ ਦਾ ਸਾਹਮਣਾ ਕਰਨ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕੌਮੀ ਸਲਾਮਤੀ ਕਮੇਟੀ ਦੀ ਮੀਟਿੰਗ ਸੱਦੀ ਹੈ। ਅੱਜ ਹੋਣ ਵਾਲੀ ਇਸ ਮੀਟਿੰਗ ਵਿੱਚ ਉਹ ਚੋਟੀ ਦੇ ਫੌਜੀ ਅਧਿਕਾਰੀਆ ਤੇ ਸਿਆਸੀ ਆਗੂਆਂ ਨਾਲ ਇਸ ਮਾਮਲੇ ਉੱਤੇ ਵਿਚਾਰ-ਵਟਾਂਦਰਾ ਕਰਨਗੇ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਮੀਟਿੰਗ ਵਿੱਚ ਹਾਲ ਹੀ ’ਚ ਭਾਰਤ ਵੱਲੋਂ ਸਰਹੱਦ ਅਤੇ ਐਲ ਓ ਸੀ ਉੱਤੇ ਗੋਲੀਬੰਦੀ ਦੀ ਵਾਰ-ਵਾਰ ਕੀਤੀ ਜਾ ਰਹੀ ਉਲੰਘਣਾ ਦਾ ਮੁੱਦਾ ਵਿਚਾਰਿਆ ਜਾਵੇਗਾ।’’

ਇਸ ਬਿਆਨ ਤੋਂ ਸਪੱਸ਼ਟ ਹੈ ਕਿ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਬਾਬਤ ਭਾਰਤ ਤੇ ਪਾਕਿਸਤਾਨ, ਦੋਵਾਂ ਦਾ ਰੁਖ਼ ਇੱਕ-ਦੂਜੇ ਨੂੰ ਕਟਿਹਰੇ ਵਿੱਚ ਖੜੇ ਕਰਨ ਵਾਲਾ ਹੈ। ਪਾਕਿਸਤਾਨ ਵੀ ਭਾਰਤ ਦੇ ਹਮਲਿਆਂ ਦਾ ਪਾਕਿਸਤਾਨ ਵੱਲੋਂ ‘ਢੁਕਵਾਂ’ ਜਵਾਬ ਦੇਣ ਦੀ ਗੱਲ ਆਖ ਰਿਹਾ ਹੈ। ਇਹ ‘ਢੁੱਕਵਾਂ ਜਵਾਬ’ ਭਾਰਤ-ਪਾਕਿ ਸਰਹੱਦ ਦੇ ਨਜ਼ਦੀਕ ਵੱਸਦੇ ਲੋਕਾਂ ਲਈ ਭਾਰੀ ਮੁਸੀਬਤ ਬਣ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਭਾਰਤ ਉੱਤੇ ਗੋਲੀਬੰਦੀ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੌਮਾਂਤਰੀ ਸਰਹੱਦ ਉੱਤੇ ਭਾਰਤ ਦੀ ਗੋਲਾਬਾਰੀ ਕਾਰਨ ਹੁਣ ਤੱਕ 28 ਪਾਕਿਸਤਾਨੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਇਕ ਬਿਆਨ ਵਿੱਚ ਕਿਹਾ, ‘‘ਭਾਰਤੀ ਫੌਜਾਂ ਵੱਲੋਂ ਸਰਹੱਦ ਤੇ ਐਲ ਓ ਸੀ ਉੱਤੇ ਪਾਕਿਸਤਾਨ ਵੱਲ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ।’’ ਉਨ੍ਹਾਂ ਹਾਲਾਤ ਨੂੰ ਜਜ਼ਬਾਤੀ ਰੰਗਤ ਚਾੜ੍ਹਦਿਆਂ ਕਿਹਾ ਕਿ ਈਦ ਵਾਲੇ ਦਿਨ ਵੀ ਗੋਲਾਬਾਰੀ ਜਾਰੀ ਰਹੀ ਤੇ ਕਈ ਮਾਸੂਮ ਮਾਰੇ ਗਏ।

 

 Follow us on Instagram, Facebook, X, Subscribe us on Youtube  

Popular Articles