28.9 C
Chandigarh
spot_img
spot_img

Top 5 This Week

Related Posts

ਸੁਖਬੀਰ ਸਿੰਘ ਬਾਦਲ ਪਿੰਡ ਵਿੱਚ ਹੀ ਨਾ ਧਰ ਸਕੇ ਨੀਂਹ ਪੱਥਰ

 Follow us on Instagram, Facebook, X, Subscribe us on Youtube  

 

sukhbir Badal

ਐਨ ਐਨ ਬੀ

ਲੰਬੀ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ‘ਵੀ.ਆਈ.ਪੀ’ ਛੱਪੜ ਨੂੰ ਪਾਰਕ ਵਿੱਚ ਬਦਲਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਗਏ ਸੁਖਬੀਰ ਸਿੰਘ ਬਾਦਲ ਨੂੰ ਕਦਮ ਪਿਛਾਂਹ ਖਿੱਚਣੇ ਪਏ, ਜਦੋਂ ਪਿੰਡ ਦੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਛੱਪੜ ਦੇ ਨਵੀਨੀਕਰਨ ਪਾਰਕ ਦੀ ਉਸਾਰੀ ਲਈ ਨੀਂਹ-ਪੱਥਰ ਰੱਖਿਆ ਜਾਣਾ ਸੀ। ਬਠਿੰਡਾ ਰੋਡ ’ਤੇ ਸਥਿਤ ਛੱਪੜ ਦੇ ਬਾਹਰਲੇ ਪਾਸੇ ਬਾਕਾਇਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਵੱਲੋਂ ਟੈਂਟ ਵਗੈਰਾ ਲਗਾ ਕੇ ਪੂਰੀ ਤਿਆਰੀ ਕੀਤੀ ਹੋਈ ਸੀ। ਇਹ ਛੱਪੜ ਮੀਂਹਾਂ ਸਮੇਂ ਪਿੰਡ ਬਾਦਲ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੱਡਾ ਜ਼ਰੀਆ ਹੈ। ਜਿੱਥੋਂ ਮੋਟਰਾਂ ਜ਼ਰੀਏ ਪਾਣੀ ਅਗਾਂਹ ਸੇਮ ਨਾਲੇ ਵਿਚ ਛੱਡ ਦਿੱਤਾ ਜਾਂਦਾ ਹੈ। ਪਿੰਡ ਬਾਦਲ ਮੁੱਖ ਸੜਕ ’ਤੇ ਪੈਂਦੇ ਇਸ ਛੱਪੜ ਨੂੰ ਪਿੰਡ ਦੀ ‘ਵੀ.ਆਈ.ਪੀ. ਲੁੱਕ’ ’ਚ ਅੜਿੱਕਾ ਮੰਨਦਿਆਂ ਕੰਧਾਂ ਉਸਾਰ ਕੇ ਕਿਲ੍ਹਾਨੁਮਾ ਬਣਾ ਦਿੱਤਾ ਗਿਆ ਸੀ। ਪਹਿਲਾਂ ਤੋਂ ਵੱਡੇ ਲੋਕਾਂ ਦੇ ਕਬਜ਼ਿਆਂ ਦੀ ਮਾਰ ਝੱਲ ਰਹੇ ਇਸ ਛੱਪੜ ’ਤੇ 24 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਪਾਰਕ ਦਾ ਨੀਂਹ-ਪੱਥਰ ਰੱਖੇ ਜਾਣ ਦੀ ਤਿਆਰੀਆਂ ਵੇਖ ਕੇ ਪਿੰਡ ਦੇ ਆਮ ਲੋਕ ਇਕੱਠੇ ਹੋਏ। ਉਨ੍ਹਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁੱਖ ਜ਼ਰੀਏ ਉਕਤ ਛੱਪੜ ਵਾਲੀ ਜਗ੍ਹਾ ’ਤੇ ਪਾਰਕ ਬਣਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਨੀਂਹ-ਪੱਥਰ ਸਮਾਗਮ ਲਈ ਲਾਏ ਟੈਂਟ ਮੂਹਰੇ ਬੈਠ ਕੇ ਰੋਸ ਪ੍ਰਗਟਾਉਣ ਲੱਗੇ। ਇਸ ਟੈਂਟ ਦੇ ਅੰਦਰ ਪਾਰਕ ਦੀ ਉਸਾਰੀ ਅਤੇ ਛੱਪੜ ਦੇ ਨਵੀਨੀਕਰਨ ਲਈ ਉਪ ਮੁੱਖ ਮੰਤਰੀ ਦੇ ਨਾਂ ਵਾਲਾ ਨੀਂਹ-ਪੱਥਰ ਲਗਾਇਆ ਗਿਆ ਸੀ।
ਇਸ ਨਵੀਨੀਕਰਨ ਦਾ ਵਿਰੋਧ ਕਰ ਰਹੇ ਪਿੰਡ ਵਾਸੀ ਮੇਜਰ ਸਿੰਘ, ਮਹਿੰਦਰਪਾਲ, ਪਾਲ ਸਿੰਘ, ਸੀਤਾ ਬਾਦਲ, ਸੁਖਬੀਰ ਬਾਦਲ, ਦਰਸ਼ਨ ਸਿੰਘ, ਕਾਲਾ ਸਿੰਘ, ਕੁੰਦਨ ਸਿੰਘ, ਸ਼ਿਵਰਾਜ ਸਿੰਘ, ਸੁਖਪਾਲ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ ਅਤੇ ਜੀਤ ਸਿੰਘ ਨੇ ਆਖਿਆ ਕਿ ਪਿੰਡ ਬਾਦਲ ’ਚ ਮੀਂਹਾਂ ਮੌਕੇ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਰਕੇ ਇਹ ਛੱਪੜ ਹੀ ਪਾਣੀ ਨੂੰ ਸਾਂਭਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਛੱਪੜ ਨਾ ਹੋਵੇ ਤਾਂ ਪਿੰਡ ਦੇ ਬਹੁਗਿਣਤੀ ਘਰਾਂ ਵਿੱਚ ਪਾਣੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਛੱਪੜ ਦਾ ਰਕਬਾ ਲਗਪਗ 5 ਏਕੜ ਸੀ, ਜੋ ਕਿ ਕੁਝ ਲੋਕਾਂ ਵੱਲੋਂ ਕਬਜ਼ਾ ਕੀਤੇ ਜਾਣ ਕਰਕੇ ਹੁਣ ਸਿਰਫ਼ 2 ਏਕੜ ਤੱਕ ਸੀਮਤ ਹੋ ਕੇ ਰਹਿ ਗਿਆ।  ਪਿੰਡ ਵਾਸੀਆਂ ਨੇ ਆਖਿਆ ਕਿ ਇੱਕ ਪਾਸੇ ਤਾਂ ਚੌਰਾਹਿਆਂ ’ਤੇ ਸਵੱਛ ਭਾਰਤ ਮੁਹਿੰਮ ਦੇ ਹੋਰਡਿੰਗ ਲਗਾ ਕੇ ਸਾਫ਼-ਸਫ਼ਾਈ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ, ਦੂਜੇ ਪਾਸੇ ਛੱਪੜ ਦੀ ਥਾਂ ’ਚ ਪਾਰਕ ਬਣਾ ਕੇ ਪਿੰਡ ਦੇ ਲੋਕਾਂ ਨੂੰ ਜਿਉਂਦੇ ਜੀਅ ਨਰਕ ਵਿਚ ਧੱਕਿਆ ਜਾ ਰਿਹਾ ਹੈ।
ਇਨ੍ਹਾਂ ਲੋਕਾਂ ਨੇ ਆਖਿਆ ਕਿ ਸਰਕਾਰ ਵੱਲੋਂ ਕਰੋੜਾਂ ਫੂਕ ਕੇ ਬਣਾਇਆ ਸੀਵਰੇਜ ਸਿਸਟਮ ਮੁੱਢਲੇ ਪੜਾਅ ’ਤੇ ਫੇਲ੍ਹ ਹੋ ਚੁੱਕਿਆ ਹੈ ਅਤੇ ਮੀਂਹਾਂ ਮੌਕੇ ਓਵਰਫਲੋਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਵਸੋਂ ਦੇ ਮੁਤਾਬਕ 10 ਇੰਚ ਚੌੜੀ ਪਾਈਪ ਪਾਉਣੀ ਚਾਹੀਦੀ ਸੀ, ਪਰ 6 ਇੰਚੀ ਪਾਈਪ ਪਾ ਕੇ ਬੁੱਤਾ ਸਾਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਉਹ ਛੱਪੜ ਵਾਲੀ ਜਗ੍ਹਾ ’ਤੇ ਕਿਸੇ ਕੀਮਤ ਪਾਰਕ ਨਹੀਂ ਬਣਨ ਦੇਣਗੇ।

 Follow us on Instagram, Facebook, X, Subscribe us on Youtube  

Popular Articles