ਬੀਬੀ ਉਪਿੰਦਰਜੀਤ ਕੌਰ ਦੋਸ਼ਾਂ ਨੂੰ ‘ਝੂਠ ਦਾ ਪੁਲੰਦਾ’ ਦੱਸਿਆ
ਐਨ ਐਨ ਬੀ ਚੰਡੀਗੜ੍ਹ – ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੱਜੋਕਾਲੀਆ ਵਾਸੀ ਐਨ ਆਰ ਆਈ ਔਰਤ ਅਤੇ ਉਸਦੇ ਪੁੱਤਰ ਨੇ ਪੰਜਾਬ ਦੀ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾ. ਉਪਿੰਦਰਜੀਤ ਕੌਰ ’ਤੇ ਗੰਭੀਰ ਦੋਸ਼ ਲਾਏ ਹਨ ਕਿ ਉਸਦੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਜ਼ਮੀਨ ਦੇ ਕੁਝ ਹਿੱਸੇ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬੀਬੀ ਵੱਲੋਂ ਉਨ੍ਹਾਂ ਦਾ ‘ਬਚਾਅ’ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਡਾ. ਉਪਿੰਦਰਜੀਤ ਕੌਰ ਨੇ ਸਾਰੇ ਦੋਸ਼ਾਂ ਨੂੰ ‘ਝੂਠ ਦਾ ਪੁਲੰਦਾ’ ਆਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਦੋਵੇਂ ਧਿਰਾਂ ਵਿੱਚੋਂ ਕਿਸੇ ਨੂੰ ਵੀ ਨਿੱਜੀ ਤੌਰ ’ਤੇ ਨਹੀਂ ਜਾਣਦੇ ਪ੍ਰੰਤੂ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਹੋਣ ਦੀ ਗੱਲ ਕਬੂਲਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਵਿਚਾਲੇ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘‘ਦੋਵਾਂ ਪਰਿਵਾਰਾਂ ਦੇ ਪਹਿਲਾਂ ਆਪਸ ਵਿੱਚ ਵਧੀਆ ਸਬੰਧ ਸਨ ਪਰ ਹੁਣ ਦੋਵੇਂ ਇੱਕ-ਦੂਜੇ ਦੇ ਵਿਰੁੱਧ ਹੋ ਗਏ ਹਨ। ਇਸ ਦਾ ਕਾਰਨ ਪੰਚਾਇਤੀ ਚੋਣਾਂ ਵਿੱਚ ਸ਼ਿਕਾਇਤਕਰਤਾ ਧਿਰ ਦੀ ਹੋਈ ਹਾਰ ਹੈ।’’
ਜ਼ਿਲ੍ਹਾ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਪਿੰਡ ਸੁੱਜੋਕਾਲੀਆ ਦੀ ਵਸਨੀਕ ਰਵਿੰਦਰ ਕੌਰ, ਜੋ ਅਮਰੀਕਾ ਦੇ ਨਿਊ ਜਰਸੀ ਵਿੱਚ ਰਹਿ ਰਹੀ ਹੈ ਅਤੇ ਉਸਦੇ ਪੁੱਤਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਦੇ ਗੁਰਦੁਆਰੇ ਨੇੜੇ ਸਾਢੇ ਚਾਰ ਏਕੜ ਵਾਹੀਯੋਗ ਜ਼ਮੀਨ ਹੈ ਅਤੇ ਇਸ ਵਿਚੋਂ 19 ਮਰਲਿਆਂ ਨੂੰ ਛੱਡ ਕੇ ਬਾਕੀ ਸਾਰੀ ਜ਼ਮੀਨ ਖੇਤੀ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾ. ਉਪਿੰਦਰਜੀਤ ਕੌਰ ਦਾ ਕਰੀਬੀ ਪਿੰਡ ਦੇ ਪੰਚਾਇਤ ਮੈਂਬਰ ਦਰਸ਼ਨ ਸਿੰਘ ਵੱਲੋਂ ਖਾਲ ਬਣਾਉਣ ਲਈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਂ ਵੱਲੋਂ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਵਿੰਦਰ ਕੌਰ ਨੇ ਕਿਹਾ ਕਿ ਉਸਦੇ ਪੁੱਤਰ ਨੂੰ ਪੁਲੀਸ ਵੱਲੋਂ ਥਾਣੇ ਬੁਲਾ ਕੇ ਸਿਆਸੀ ਦਬਾਅ ਹੇਠ ਤੰਗ ਪ੍ਰਸ਼ਾਨ ਕੀਤਾ ਜਾਂਦਾ ਸੀ।
ਦੂਜੇ ਪਾਸੇ ਦਰਸ਼ਨ ਸਿੰਘ ਨੇ ਕਿਹਾ ਕਿ ਰਵਿੰਦਰ ਕੌਰ ਅਤੇ ਉਸਦੇ ਪੁੱਤਰ ਵੱਲੋਂ ਬਿਨਾਂ ਕਿਸੇ ਮੁੱਦੇ ਤੋਂ ਰੌਲਾ ਪਾਇਆ ਜਾ ਰਿਹਾ ਹੈ। ਉਸਨੇ ਕਿਹਾ, ‘‘ਅਸੀਂ ਤਾਂ ਪੁਰਾਣੇ ਖਾਲ, ਜੋ ਫਰਵਰੀ ਤੱਕ ਚੱਲਦਾ ਸੀ ਅਤੇ ਰਵਿੰਦਰ ਕੌਰ ਦੇ ਪਰਿਵਾਰ ਵੱਲੋਂ ਖ਼ਤਮ ਕਰ ਦਿੱਤਾ ਗਿਆ ਸੀ, ਨੂੰ ਵੀ ਮੁੜ ਚਾਲੂ ਕਰਨ ਦਾ ਯਤਨ ਨਹੀਂ ਕੀਤਾ, ਹਾਲਿਂਕ ਸਾਡੀ ਡੇਢ ਏਕੜ ਜ਼ਮੀਨ ਨੂੰ ਪਾਣੀ ਨਹੀਂ ਲੱਗ ਰਿਹਾ। ਅਸੀਂ ਤਾਂ ਇਸ ਸਮੱਸਿਆ ਦੇ ਹੱਲ ਲਈ ਮਿਲ ਬੈਠ ਕੇ ਰਾਹ ਲੱਭਣਾ ਚਾਹੁੰਦੇ ਹਾਂ ਅਤੇ ਐਸ ਡੀ ਐਮ ਨੇ ਵੀ ਸਾਡੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ।
ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਦੋਵਾਂ ਪਰਿਵਾਰਾਂ ਦੇ ਵਧੀਆ ਸਬੰਧ ਸਨ, ਉਦੋਂ ਤੱਕ ਇਹ ਖਾਲ ਚੱਲਦਾ ਸੀ। ਹੁਣ ਪ੍ਰਸ਼ਾਸਨ ਵੱਲੋਂ ਜ਼ਮੀਨਦੋਜ਼ ਪਾਈਪਾਂ ਪਾ ਕੇ ਮਸਲਾ ਹੱਲ ਕਰਨ ਦਾ ਸੁਝਾਅ ਵੀ ਦਿੱਤਾ ਸੀ ਪਰ ਐਨ ਆਰ ਆਈ ਧਿਰ ਇਸ ਲਈ ਵੀ ਤਿਆਰ ਨਹੀਂ ਹੈ।