ਅਕਾਲੀ-ਭਾਜਪਾ ਤਣਾਅ : ਨਵਜੋਤ ਸਿੱਧੂ ਨੂੰ ਮਿਲੀ ‘ਵਾਈ’ ਸੁਰੱਖਿਆ ਛਤਰੀ ਵਾਪਸ ਹੋਈ

0
913

ਸਿੱਧੂ ਤੋਂ ਨਾਖੁਸ਼ ਅਕਾਲੀਆਂ ਦੀ ਕਾਰਵਾਈ ’ਤੇ ਔਖੀ ਹੈ ਪੰਜਾਬ ਭਾਜਪਾ

Navjot

ਸ਼ਬਦੀਸ਼

ਚੰਡੀਗੜ੍ਹ – ਲੰਮੇ ਸਮੇਂ ਤੋਂ ਭਰੇ-ਪੀਤੇ ਬੈਠੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਅਤੇ ਇਨ੍ਹਾਂ ਚੋਣਾਂ ਲਈ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਸ਼ਾਸਨਕ ਕਾਰਵਾਈ ਤਹਿਤ ਸਿੱਧੂ ਨੂੰ ਮੁਹਈਆ ਕੀਤੀ ਸੁਰੱਖਿਆ ਛਤਰੀ ਵਾਪਸ ਲੈਣ ਦਾ ਫੈਸਲਾ ਕਰਕੇ ਭਾਜਪਾ ਦੀ ਨਾਰਾਜ਼ਗੀ ਸਹੇੜ ਲਈ ਹੈ। ਸੰਸਦ ਮੈਂਬਰੀ ਦਾ ਸੇਵਾ ਕਾਲ ਖਤਮ ਹੋਣ ਮਗਰੋਂ ਸੁਰੱਖਿਆ ਛਤਰੀ ਵਿਚ ਕਟੌਤੀ ਕੀਤੀ ਗਈ ਸੀ, ਪਰ ਹੁਣ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਕੋਲ਼ ਬਚੇ ਹੲ ਚਾਰ ਅੰਗ ਰੱਖਿਅਕ ਵੀ ਅਚਨਚੇਤ ਵਾਪਸ ਲੈਣ ਦੀ ਕਾਰਵਾਈ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਇਸਨੂੰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਸੁਰਾਂ ਨੂੰ ਦਬਾਉਣ ਵਾਲੀ ਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਇਸ ਨੂੰ ‘ਅਕਾਲੀ ਦਲ ਬਰਾਂਡ ਸਿਆਸਤ’ ਦਾ ਨਾਂ ਦੇ ਪੰਜਾਬ ਸਰਕਾਰ ’ਤੇ ਕਟਾਖ਼ਸ਼ ਕੱਸਿਆ ਹੈ, ਜਿਸ ਤਹਿਤ ਵਿਰੋਧੀ ਸੁਰ ਨੂੰ ਦਬਾਉਣ ਲਈ ਵੱਖੋ-ਵੱਖਰੀ ਕਿਸਮ ਦੀਆਂ ਦਬਾਅ ਨੀਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਬਰਾਂਡ ਸਿਆਸਤ’ ਤਹਿਤ ਝੂਠੇ ਪੁਲੀਸ ਕੇਸ ਤੱਕ ਦਰਜ ਕਰਵਾਏ ਜਾਂਦੇ ਹਨ।

ਨਵਜੋਤ ਸਿੱਧੂ ਨੇ ਖੁਲਾਸਾ ਕੀਤਾ ਕਿ ਜਦੋਂ ਉਸਦੀ ਸੰਸਦ ਮੈਂਬਰੀ ਦਾ ਸੇਵਾ ਕਾਲ ਖਤਮ ਹੋਇਆ ਸੀ, ਤਾਂ ਉਨ੍ਹਾਂ ਸਮੁੱਚੀ ਸੁਰੱਖਿਆ ਛਤਰੀ ਵਾਪਸ ਲੈਣ ਲਈ ਆਖਿਆ ਸੀ, ਪਰ ਸਿਰਫ਼ ਕਟੌਤੀ ਹੀ ਕੀਤੀ ਗਈ ਸੀ। ਨਵਜੋਤ ਸਿੱਧੂ ਦੀ ਪਤਨੀ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਵੀ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇ ਉਸਦੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਉਸ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਇਸੇ ਦੌਰਾਨ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਆਖਿਆ ਕਿ ਉਨ੍ਹਾਂ ਨੂੰ ਵਵਜੋਤ ਸਿੱਧੂ ਦੀ ਸੁਰੱਖਿਆ ਛਤਰੀ ਵਾਪਸ ਲੈਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਸੁਰੱਖਿਆ ਛਤਰੀ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਸੁਰੱਖਿਆ ਵਿਵਸਥਾ ਦੀ ਸਮੀਖਿਆ ਰੁਟੀਨ ਦਾ ਮਾਮਲਾ ਹੈ, ਜਿਸ ਤਹਿਤ ਕਈ ਪੱਖਾਂ ਨੂੰ ਵਿਚਾਰਿਆ ਜਾਂਦਾ ਹੈ। ਫਿਲਹਾਲ਼ ਸੁਰੱਖਿਆ ਵਿਵਸਥਾ ਦੀ ਸਮੀਖਿਆ ਦੌਰਾਨ 400 ਸੁਰੱਖਿਆ ਕਰਮਚਾਰੀ ਵਾਪਸ ਲਏ ਗਏ ਹਨ ਅਤੇ ਹੋਰਨਾਂ ਕੰਮਾਂ ’ਤੇ ਤਾਇਨਾਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਡੀ ਜੀ ਪੀ ਨੂੰ ਸਪੱਸ਼ਟ ਹਦਾਇਤਾਂ ਹਨ ਕਿ ਜਦੋਂ ਵੀ ਨਵਜੋਤ ਸਿੱਧੂ ਸੂਬੇ ਵਿਚ ਆਉਂਦੇ ਹਨ, ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਛਤਰੀ ਓਸੇ ਵੇਲੇ ਮੁਹੱਈਆ ਕੀਤੀ ਜਾਵੇ।