ਐਨ ਐਨ ਬੀ
ਅੰਬਾਲਾ – ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਦੇਰ ਸ਼ਾਮ ਛਾਉਣੀ ਪਹੁੰਚੇ ਹਲਕਾ ਵਿਧਾਇਕ ਅਨਿਲ ਵਿਜ ਨੇ ਸਰਕਟ ਹਾਊਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਆਮ ਜਨਤਾ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਤਾਂ ਮੁਆਫ਼ ਨਹੀਂ ਕੀਤਾ ਜਾਵੇਗਾ। ਵਿਜ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਅਧਿਕਾਰੀਆਂ ਦੀ ਕੋਈ ਮਜਬੂਰੀ ਹੋ ਸਕਦੀ ਸੀ, ਪ੍ਰੰਤੂ ਹੁਣ ਭਾਜਪਾ ਸਰਕਾਰ ਸਮੇਂ ਉਨ੍ਹਾਂ ਨੂੰ ਕੋਈ ਮਜਬੂਰ ਨਹੀਂ ਕਰੇਗਾ, ਪਰ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਬਦਲਨਾ ਪਵੇਗਾ ਤੇ ਉਨ੍ਹਾਂ ਨੂੰ ਜਵਾਬਦੇਹ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੰਮ ਕਰਨ ਵਾਲੇ ਅਧਿਕਾਰੀ ਚਾਹੀਦੇ ਹਨ।
ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਹਰ ਦਫ਼ਤਰ ਵਿੱਚ ਇਕ ਰਜਿਸਟਰ ਰੱਖਣ ਅਤੇ ਇਹ ਸ਼ਿਕਾਇਤਾਂ ਸਮੇਂ ਸਿਰ ਹੱਲ ਕਰਨ ਦੀ ਹਦਾਇਤ ਕੀਤੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਅੰਬਾਲਾ ਛਾਉਣੀ ਦੀਆਂ ਗਲੀਆਂ ਵਿੱਚ ਨਾਜਾਇਜ਼ ਸ਼ਰਾਬ ਵਿਕ ਰਹੀ ਹੈ, ਜਿਸਦੇ ਅਪਰਾਧੀ ਚੁੱਕ ਕੇ ਅੰਦਰ ਸੁੱਟੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਕੋਲ ਕੋਈ ਸਿਫ਼ਾਰਸ਼ ਨਹੀਂ ਆਵੇਗੀ। ਉਨ੍ਹਾਂ ਸ਼ਰਾਬ, ਅਫੀਮ, ਗਾਂਜੇ ਤੇ ਸੱਟੇ ਦੀਆਂ ਦੁਕਾਨਾਂ ਬੰਦ ਕਰਵਾਉਣ ਦੇ ਹੁਕਮ ਵੀ ਦਿੱਤੇ।
ਵਿਜ ਨੇ ਕਿਹਾ ਕਿ ਉਹ ਘਰ ਵਿੱਚ ਬੈਠ ਕੇ ਰਾਜਨੀਤੀ ਕਰਨ ਵਾਲੇ ਨਹੀਂ ਹਨ, ਉਹ ਪੂਰੀ ਤਰ੍ਹਾਂ ਬਦਲਾਅ ਚਾਹੁੰਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਭਾਜਪਾ ਵਰਕਰਾਂ ਨੂੰ ਸਨਮਾਨ ਦੇਣ, ਕਿਸੇ ਦਾ ਕੰਮ ਨਾ ਰੋਕਣ ਤੇ ਨਾਲ ਹੀ ਕੋਈ ਕੋਈ ਗ਼ਲਤ ਕੰਮ ਵੀ ਨਾ ਕਰਨ। ਉਨ੍ਹਾਂ ਕਿਹਾ ਕਿ ਕਿਸੇ ਅਧਿਕਾਰੀ ਦੀ ਕੋਈ ਸ਼ਿਕਾਇਤ ਨਾ ਆਵੇ, ਜੇ ਆ ਗਈ ਤਾਂ ਉਹ ਉਸ ਨੂੰ ਮੁਆਫ ਨਹੀਂ ਕਰਨਗੇ।
ਇਸ ਮੌਕੇ ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਨੀਲਮ ਪ੍ਰਦੀਪ ਕਾਸਨੀ ਨੇ ਅਧਿਕਾਰੀਆਂ ਵੱਲੋਂ ਵਿਜ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਸਰਕਟ ਹਾਊਸ ਪਹੁੰਚਣ ’ਤੇ ਪੁਲੀਸ ਦੀ ਟੁਕੜੀ ਨੇ ਵਿਜ ਨੂੰ ਸਲਾਮੀ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਜ ਨੇ ਕਿਹਾ ਕਿ ਅੱਜ ਹਰਿਆਣਾ ਲਈ ਨਵੀਂ ਸਵੇਰ ਦਾ ਉਦੈ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਜੋ 70 ਹਜ਼ਾਰ ਏਕੜ ਜ਼ਮੀਨ ਗ੍ਰਹਿਣ ਕਰਨ ’ਚ ਭ੍ਰਿਸ਼ਟਾਚਾਰ ਹੋਇਆ ਹੈ, ਉਸ ਸਬੰਧੀ ਇਕ-ਇਕ ਇੰਚ ਜ਼ਮੀਨ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਜ਼ਿੰਮੇਵਾਰ ਪਾਇਆ ਗਿਆ ਫਿਰ ਚਾਹੇ ਉਹ ਅਧਿਕਾਰੀ ਹੋਵੇ ਜਾਂ ਸਿਆਸਤਦਾਨ, ਵਾਡਰਾ ਜਾਂ ਹੁੱਡਾ ਕਿਸੇ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸਵਾਗਤ ਲਈ ਜੁੜੇ ਵੱਡੇ ਗਿਣਤੀ ਲੋਕਾਂ ਨੂੰ ਸੰਬੋਧਨ ਕੀਤਾ।