ਐਨ ਐਨ ਬੀ
ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਮਨਿੰਦਰ ਸਿੰਘ ਧੀਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਉਹ ਜੰਗਪੁਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਸਨ ਅਤੇ ਇਸ ਮਸਲੇ ‘ਤੇ ਉਹ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨਾਲ ਵੀ ਖਹਿਬੜ ਪਏ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹ ਆਪਣੀ ਦਲਬਦਲੀ ਨੂੰ ‘ਘਰ ਵਾਪਸੀ’ ਦੱਸ ਰਹੇ ਹਨ, ਜਦਕਿ ਆਪ ਦੇ ਸੂਤਰਾਂ ਮੁਤਾਬਕ ਟਿਕਟ ਨਾ ਮਿਲਣ ਦੀ ਸੰਭਾਵਨਾ ਵੇਖ ਕੇ ਹੀ ਧੀਰ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ। ਜਦੋਂ ਮੀਡੀਆ ਨੇ ਇਸ ਸਬੰਧੀ ਸਵਾਲ ਕੀਤੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਵੱਡੇ-ਵੱਡੇ ਨੇਤਾ ਦਲਬਦਲੀ ਕਰ ਸਕਦੇ ਹਨ ਤਾਂ ਮੇਰੇ ਆਪ ਛੱਡਣ ’ਤੇ ਵਾਵੇਲਾ ਕਿਉਂ ਪੈਦਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਭਾਰਤੀ ਡੇਵਿਸ ਕੱਪ ਟੀਮ ਦੇ ਸਾਬਕਾ ਕਪਤਾਨ ਰੋਹਿਤ ਰਾਜਪਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।