ਐਸ.ਏ.ਐਸ.ਨਗਰ: 11 ਨਵੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜਲੇ ਇਤਿਹਾਸਕ ਪਿੰਡ ਦਾਊਂ ਦਾ 350ਵਾਂ ਸਥਾਪਨਾ ਦਿਵਸ ਸਾਨੋ ਸੋਕਤ ਨਾਲ ਮਨਾਇਆ ਜਾਵੇਗਾ ਅਤੇ ਸਥਾਪਨਾ ਦਿਵਸ ਹਰ ਸਾਲ ਮਨਾਇਆ ਜਾਇਆ ਕਰੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਦਾਊਂ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਇਥੇ ਇਹ ਵਰਣਨਯੋਗ ਹੈ ਕਿ ਪ੍ਰੋ: ਚੰਦੂਮਾਜਰਾ ਨੇ ਇਤਿਹਾਸਕ ਪਿੰਡ ਦਾਊਂ ਨੂੰ ਸੰਸਦ ਆਦਰਸ ਗਰਾਮ ਯੋਜਨਾ ਤਹਿਤ ਅਪਣਾਇਆ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਤੋਂ ਕਰੀਬ 350 ਸਾਲ ਪਹਿਲਾ ਦਾਊਂ ਪਿੰਡ ਨੂੰ ਬਾਬਾ ਖੜਕ ਸਿੰਘ ਵੱਲੋਂ ਵਸਾਇਆ ਗਿਆ ਸੀ ਅਤੇ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਦੀਆਂ ਹਨ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਲਾਈ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾਊਂ ਦੇ ਇਤਿਹਾਸਕ ਪਿਛੋਕੜ ਨੂੰ ਵੇਖਦਿਆਂ ਇਸ ਨੂੰ ਸੰਸਦ ਆਦਰਸ ਗਰਾਮ ਯੋਜਨਾ ਤਹਿਤ ਅਪਣਾਇਆ ਗਿਆ ਹੈ ਤਾਂ ਜੋ ਇਸ ਇਤਿਹਾਸਕ ਪਿੰਡ ਦੀ ਕਾਇਆ ਕਲਪ ਕੀਤੀ ਜਾ ਸਕੇ ਅਤੇ ਇਸ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਇਆ ਜਾ ਸਕੇ।
%ਪ੍ਰੋ: ਚੰਦੂਮਾਜਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਇਸ ਪਿੰਡ ਦੇ ਵਿਕਾਸ ਕਾਰਜਾਂ ਲਈ ਧੰਨ ਦੀ ਕਮੀਂ ਨਹੀਂ ਆਉਣ ਦੇਣਗੇ ਅਤੇ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਵਿਕਾਸ ਕਾਰਜਾਂ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਿਸੇ ਕਿਸਮ ਦੀ ਧੱੜੇਬੰਦੀ ਵਿੱਚ ਨਾ ਪੈਣ ਸਗੋਂ ਇੱਕ ਜੁੱਟ ਹੋ ਕੇ ਪਿੰਡ ਨੂੰ ਆਦਰਸ ਪਿੰਡ ਬਣਾਉਣ ਲਈ ਪੂਰਨ ਸਹਿਯੋਗ ਦੇਣ। ਉਨ੍ਹਾਂ ਸੱਦਾ ਦਿੱਤਾ ਕਿ ਪਿੰਡ ਵਿੱਚ ਸਮਾਜਿਕ ਬੁਰਾਈਆਂ ਨੂੰ ਵੀ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਹੰਭਲਾ ਮਾਰਿਆ ਜਾਵੇ ਤਾਂ ਜੋ ਇਹ ਪਿੰਡ ਸਮਾਜਿਕ ਕੁਰਤੀਆਂ ਅਤੇ ਨਸ਼ਿਆਂ ਤੋਂ ਰਹਿਤ ਬਣ ਸਕੇ। ਉਨ੍ਹਾਂ ਇਸ ਮੌਕੇ ਸਾਹਿਤ ਦੇ ਖੇਤਰ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਵਾਲੇ ਅਤੇ ਪਿੰਡ ਦਾਊਂ ਦੇ ਜੰਮਪਲ ਸ੍ਰੋਮਣੀ ਸਾਹਿਤਕਾਰ ਮਾਸਟਰ ਮਨਮੋਹਣ ਸਿੰਘ ਦਾਊਂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ। ਪ੍ਰੋ: ਚੰਦੂਮਾਜਰਾ ਨੇ ਇਸ ਮੌਕੇ ਲਾਇਬਰੇਰੀ ਲਈ ਕਿਤਾਬਾਂ ਖਰੀਦਣ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਪਿੰਡ ਨਿਵਾਸੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਇਤਿਹਾਸਕ ਪਿੰਡ ਦਾਊਂ ਦੇ ਮਨਾਏ ਜਾਣ ਵਾਲੇ ਸਥਾਪਨਾ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ।