ਐਨ ਐਨ ਬੀ
ਪਟਿਆਲਾ – ਐਸ.ਪੀ ਬਰਜਿੰਦਰ ਸਿੰਘ ਢਿੱਲੋਂ ਦੀ ਏ.ਕੇ. 47 ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਹੋਈ ਮੌਤ ਦਾ ਰਹੱਸ ਪੰਜਵੇ ਦਿਨ ਵੀ ਸਪੱਸ਼ਟ ਨਹੀਂ ਹੈ।ਐਸ.ਐਸ.ਪੀ ਹਰਦਿਆਲ ਸਿੰਘ ਮਾਨ ਇਸ ਸਬੰਧੀ ਸਾਰੇ ਪਹਿਲੂਆਂ ਨੂੰ ਬਾਰੀਕੀ ਨਾਲ ਘੋਖ-ਪੜਤਾਲ ਦੀ ਗੱਲ ਆਖ ਰਹੇ ਹਨ, ਪਰ ਅਮਲ ਵਿੱਚ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਹੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਐਸ ਪੀ ਢਿੱਲੋਂ ਦੀ 13 ਅਕਤੂਬਰ ਨੂੰ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਬੈੱਡਰੂਮ ਵਿੱਚੋਂ ਮਿਲੀ ਸੀ, ਜਿਸ ਦੇ ਨਜ਼ਦੀਕ ਹੀ ਏ.ਕੇ. 47 ਰਾਈਫਲ ਵੀ ਪਈ ਸੀ। ਗੋਲੀ ਉਨ੍ਹਾਂ ਦੀ ਠੋਡੀ ਦੇ ਹੇਠਾਂ ਗਲੇ ਵਿੱਚੋਂ ਦੀ ਲੰਘੀ ਹੋਈ ਸੀ। ਇਹ ਘਟਨਾ ਉਨ੍ਹਾਂ ਦੀ ਇੱਥੇ ਮਾਡਲ ਟਾਊਨ ਸਥਿਤ ਸਰਕਾਰੀ ਰਿਹਾਇਸ਼ ‘ਤੇ ਵਾਪਰੀ। ਪੁਲੀਸ ਅਧਿਕਾਰੀ ਦੀ ਪਤਨੀ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਆਖਿਆ ਗਿਆ ਹੈ ਕਿ ਘਟਨਾ ਮੌਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ। ਇਤਲਾਹ ਮਿਲਣ ‘ਤੇ ਜਦੋਂ ਉਸ ਨੇ ਘਰ ਆ ਕੇ ਦੇਖਿਆ ਤਾਂ ਉਹ ਬੈੱਡਰੂਮ ਵਿੱਚ ਮ੍ਰਿਤਕ ਦੇਹ ਦੇ ਕੋਲ਼ ਏ.ਕੇ.47 ਰਾਈਫਲ ਵੀ ਪਈ ਸੀ। ਇਹ ਤਾਂ ਸਪੱਸ਼ਟ ਹੈ ਕਿ ਰਾਈਫਲ ਢਿੱਲੋਂ ਦੇ ਗੰਨਮੈਨ ਦੀ ਹੈ, ਪਰ ਕੇਸ ਦੇ ਤਫਤੀਸ਼ੀ ਅਫਸਰ ਸਹੀ ਤੱਥ ਲੱਭਣ ਵਿੱਚ ਨਾਕਾਮ ਹਨ।