ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਅਕਤੂਬਰ
ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਵੱਲੋਂ ਸਾਂਝੇ ਤੌਰ ਤੇ ਕਮਾਂਡੋ ਕੰਪਲੈਕਸ, ਫੇਸ-11, ਮੋਹਾਲੀ ਵਿਖੇ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ ਵਿੱਚ ਸ਼ਹੀਦੀ ਦਿਵਸ, ਮਨਾਇਆ ਗਿਆ। ਜਿਸ ਵਿੱਚ ਸ੍ਰੀ ਗੁਰਪ੍ਰੀਤ ਸਿੰਘ, ਗਿੱਲ ਆਈਪੀਐਸ, ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ, ਸ੍ਰੀ ਹਰਚਰਨ ਸਿੰਘ ਭੁੱਲਰ ਆਈਪੀਐਸ, ਕਮਾਂਡੈਂਟ, ਚੌਥੀ ਕਮਾਂਡੋ ਬਟਾਲੀਅਨ, ਸ੍ਰੀ ਮਨੋਹਰ ਲਾਲ ਪੀਪੀਐਸ,ਕਪਤਾਨ ਪੁਲਿਸ,ਸ੍ਰੀ ਦਲਵੀਰ ਸਿੰਘ,ਪੀਪੀਐਸ,ਡੀਐਸਪੀ ਅਤੇ ਦੋਨਾਂ ਬਟਾਲੀਅਨ ਦੇ ਕਰੀਬ 200 ਜਵਾਨ ਸ਼ਾਮਲ ਹੋਏ । ਬਟਾਲੀਅਨਜ਼ ਦੇ ਅਫਸਰਾਂ ਅਤੇ ਜਵਾਨਾਂ ਵੱਲੋ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ ਅਤੇ ਜਵਾਨਾਂ ਦੀ ਇੱਕ ਟੁਕੜੀ ਵੱਲੋ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ੋਕ ਸਲਾਮੀ ਦਿੱਤੀ ਗਈ ।
ਇਸ ਮੌਕੇ ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਫੋਰਸ ਨੂੰ ਸੌਪੀਂ ਗਈ ਸੀ । 21 ਅਕਤੂਬਰ ਸੰਨ 1959 ਨੂੰ ਜਦੋ ਭਾਰਤੀ ਪੁਲਿਸ ਦੀ ਇੱਕ ਟੁਕੜੀ ਆਪਣੀ ਹੱਦ ਵਿੱਚ ਗਸਤ ਕਰ ਰਹੀ ਸੀ,ਤਾਂ ਚੀਨ ਦੀ ਫੋਜ ਨੇ ਬਿਨ੍ਹਾਂ ਕੋਈ ਸੰਕੇਤ ਦਿੱਤੇ ਘਾਤ ਲਗਾ ਕੇ ਸਵੈ ਚਾਲਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਚੀਨੀ ਫੋਜ ਦੀ ਤਦਾਦ ਵੱਧ ਸੀ,ਜਦੋ ਕਿ ਭਾਰਤੀ ਪੁਲਿਸ ਫੋਰਸ ਦੇ ਜਵਾਨ ਬਹੁਤ ਘੱਟ ਸਨ । ਇਸ ਦੇ ਬਾਵਜੂਦ ਵੀ ਚੀਨੀ ਫੋਜ ਦੇ ਹਮਲੇ ਦਾ ਭਾਰਤੀ ਪੁਲਿਸ ਜਵਾਨਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਮੋਰਚਾ ਨਹੀਂ ਛੱਡਿਆ ਅਤੇ ਆਪਣੀਆਂ ਕੀਮਤੀ ਜਾਨਾਂ ਦੇਸ਼ ਲਈ ਵਾਰ ਦਿੱਤੀਆਂ । ਸਾਡੇ 10 ਪੁਲਿਸ ਜਵਾਨ ਸ਼ਹੀਦ ਹੋਏ ਅਤੇ 9 ਜਵਾਨਾਂ ਨੂੰ ਘੇਰੇ ਵਿੱਚ ਲੈ ਕੇ ਬੰਦੀ ਬਣਾ ਲਿਆ ਗਿਆ । ਸਾਰੇ ਭਾਰਤੀਆਂ ਨੇ ਇਸ ਘਟਨਾ ਦਾ ਸੋਗ ਮਨਾਇਆ ਅਤੇ ਚੀਨ ਦੀ ਨਿੰਦਾ ਕੀਤੀ । ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ । ਉਹ ਮਰੇ ਨਹੀਂ ਸਗੋਂ ਹਮੇਸ਼ਾਂ ਲਈ ਅਮਰ ਹਨ , ਉਹਨਾਂ ਦੇ ਨਾਮ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖੇ ਗਏ ਹਨ ।
ਇਸ ਤੋ ਇਲਾਵਾ ਪੂਰੇ ਭਾਰਤ ਦੇਸ਼ ਵਿੱਚ ਸ਼ਹੀਦ ਹੋਏ ਸੈਕੜੇਂ ਪੁਲਿਸ ਜਵਾਨਾਂ ਨੂੰ ਵੀ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਿਹਾ ਕਿ ਇਸ ਦਿਨ ਹਰ ਇੱਕ ਭਾਰਤੀ ਦਾ ਫਰਜ ਬਣਦਾ ਹੈ ਕਿ ਉਹਨਾਂ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੇ।