ਐਨ ਐਨ ਬੀ
ਨਵੀਂ ਦਿੱਲੀ – ਕਈ ਦਿਨ ਕਾਂਗਰਸ ਤੇ ਹੋਰਨਾਂ ਸਿਆਸੀ ਵਿਰੋਧੀਆਂ ਦੇ ਸਿਆਸੀ ਦਬਾਅ ਸਾਹਮਣੇ ਅੜੀ ਕੇਂਦਰ ਸਰਕਾਰ ਨੇ ਆਖਿਰ 25 ਵਿਅਕਤੀਆਂ ਦੇ ਨਾਵਾਂ ਵਾਲੀ ਸੂਚੀ ਜਨਤਕ ਕਰ ਦਿੱਤੀ ਹੈ, ਜਿਨ੍ਹਾਂ’ਤੇ ਵਿਦੇਸ਼ਾਂ ਵਿੱਚ ਕਾਲਾ ਧਨ ਛੁਪਾਏ ਜਾਣ ਦਾ ਸ਼ੱਕ ਹੈ। ਇਨ੍ਹਾਂ ਕਾਰੋਬਾਰੀਆਂ ਵਿੱਚ ਸਿਆਸਤਦਾਨਾਂ ਦੇ ਨਾਮ ਸ਼ਾਮਲ ਨਹੀਂ ਹਨ। ਫ਼ਿਲਹਾਲ਼ ਇਸ ਸੂਚੀ ਵਿੱਚ ਡਾਬਰ ਗਰੁੱਪ ਦੇ ਪਰੋਮੋਟਰ ਪ੍ਰਦੀਪ ਬਰਮਨ, ਗੋਆ ਦੀ ਖਣਨ ਕੰਪਨੀ ਤੇ ਉਸ ਦੇ ਪੰਜ ਡਾਇਰੈਕਟਰਾਂ ਤੇ ਸ਼ੇਅਰ ਬਾਜ਼ਾਰ ਦੇ ਕਾਰੋਬਾਰੀ ਪੰਕਜ ਲੋਧੀਆ ਦੇ ਨਾਮ ਸ਼ਾਮਲ ਹਨ।
ਕੇਂਦਰ ਨੇ ਇਹ ਸੂਚੀ ਸੁਪਰੀਮ ਕੋਰਟ ਨੂੰ ਇਕ ਹਲਫਨਾਮੇ ਵਜੋਂ ਪੇਸ਼ ਕੀਤੀ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਿਨ੍ਹਾਂ ਵਿਦੇਸ਼ੀ ਬੈਂਕ ਖਾਤਿਆਂ ਬਾਰੇ ਜਾਂਚ ਪੂਰੀ ਹੋ ਚੁੱਕੀ ਹੋਵੇ, ਉਨ੍ਹਾਂ ਬਾਰੇ ਹੀ ਇਕ ਕਾਪੀ ਮੁਹੱਈਆ ਕਰਵਾਈ ਜਾਵੇ। ਹਲਫਨਾਮੇ ਵਿੱਚ ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਜੇਠਮਲਾਨੀ ਨੂੰ ਇਨ੍ਹਾਂ 25 ਵਿਅਕਤੀਆਂ ਬਾਰੇ ਹੀ ਜਾਣਕਾਰੀ ਦੇ ਸਕਦੀ ਹੈ, ਜਿਨ੍ਹਾਂ ’ਤੇ ਵਿਦੇਸ਼ਾਂ ’ਚ ਕਾਲਾ ਧਨ ਲੁਕੋਣ ਸਬੰਧੀ ਕਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਕੇਂਦਰ ਨੇ ਕਿਹਾ ਕਿ ਵੱਖ-ਵੱਖ ਸੰਧੀਆਂ ਤੇ ਸਮਝੌਤਿਆਂ ਅਧੀਨ ਇਹ ਦਸਤਾਵੇਜ਼ ਦੂਜੇ ਮੁਲਕਾਂ ਤੋਂ ਲਏ ਗਏ ਹਨ ਤੇ ਇਨ੍ਹਾਂ ਸਮਝੌਤਿਆਂ ਕਾਰਨ ਹੀ ਸਰਕਾਰ ਦੇ ਹੱਥ ਬੰਨ੍ਹੇ ਹੋਏ ਹਨ, ਕਿਉਂਕਿ ਸਾਰੇ ਖਾਤੇਦਾਰਾਂ ਦੇ ਨਾਮ ਜਨਤਕ ਕਰਨ ’ਤੇ ਇਨ੍ਹਾਂ ਬੈਂਕਾਂ ਤੇ ਅਦਾਰਿਆਂ ਤੋਂ ਹੋਰ ਜਾਣਕਾਰੀ ਨਹੀਂ ਮਿਲ ਸਕੇਗੀ। ਕੇਂਦਰ ਨੇ ਅਦਾਲਤ ’ਚ ਇਹ ਵੀ ਦੱਸਿਆ ਕਿ ਸਵਿੱਸ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਇਹ ‘ਚੋਰੀ ਹੋਏ ਅੰਕੜਿਆਂ’ ’ਤੇ ਵੀ ਜਾਣਕਾਰੀ ਦੇਣ ਲਈ ਤਿਆਰ ਹੈ।
ਓਧਰ ਸੁਪਰੀਮ ਕੋਰਟ ’ਚ ਖੁਲਾਸੇ ਤੋਂ ਥੋੜ੍ਹੇ ਸਮੇਂ ਮਗਰੋਂ ਹੀ ਡਾਬਰ ਇੰਡੀਆ ਦੇ ਪ੍ਰਮੋਟਰ ਬਰਮਨ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਖਾਤਾ ਕਾਨੂੰਨ ਮੁਤਾਬਕ ਸਹੀ ਹੈ। ਡਾਬਰ ਦੇ ਤਰਜ਼ਮਾਨ ਅਨੁਸਾਰ ਇਹ ਖਾਤਾ ਉਦੋਂ ਖੋਲ੍ਹਿਆ ਗਿਆ ਸੀ, ਜਦੋਂ ਪ੍ਰਦੀਪ ਐਨ ਆਰ ਆਈ ਸੀ ਤੇ ਉਸ ਨੂੰ ਕਾਨੂੰਨੀ ਤੌਰ ’ਤੇ ਇਹ ਖਾਤਾ ਖੋਲ੍ਹਣ ਦੀ ਆਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਠੀਕ ਤਰ੍ਹਾਂ ਆਮਦਨ ਕਰ ਵਿਭਾਗ ਨੂੰ ਹਰੇਕ ਜਾਣਕਾਰੀ ਦਿੱਤੀ ਹੋਈ ਹੈ। ਰਾਧਾ ਟਿੰਬਕੂ ਨੇ ਪੁੱਛੇ ਜਾਣ ’ਤੇ ਕੋਈ ਵੀ ਟਿੱਪਣੀ ਕਰਨੋਂ ਨਾਂਹ ਕਰ ਦਿੱਤੀ ਹੈ ਤੇ ਕਿਹਾ ਕਿ ਉਹ ਸਰਕਾਰ ਵੱਲੋਂ ਅਦਾਲਤ ’ਚ ਪੇਸ਼ ਹਲਫਨਾਮੇ ਦੇ ਅਧਿਐਨ ਮਗਰੋਂ ਹੀ ਕੁਝ ਕਹਿ ਸਕੇਗੀ।
ਸੀਨੀਅਰ ਐਡਵੋਕੇਟ ਤੇ ਕੇਸ ਦੇ ਪਟੀਸ਼ਨਰ ਰਾਮ ਜੇਠਮਲਾਨੀ ਨੇ ਐਨ ਡੀ ਏ ਸਰਕਾਰ ’ਤੇ ਆਪਣੇ ਸਟੈਂਡ ਤੋਂ ਫਿਰਨ ਅਤੇ ਯੂ ਪੀ ਏ ਸਰਕਾਰ ਤੋਂ ਵੀ ਪਿਛਾਂਹ ਜਾਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕੇਂਦਰ ਵੱਲੋਂ ਸੁਪਰੀਮ ਕੋਰਟ ’ਚ ‘ਅਦਾਲਤ ਦੇ ਨਿਰਦੇਸ਼ਾਂ ’ਚ ਤਬਦੀਲੀ ਕੀਤੇ ਜਾਣ ਦੀ’ ਬੇਨਤੀ ਦਾ ਵੀ ਵਿਰੋਧ ਕੀਤਾ। ਵਿੱਤ ਮੰਤਰੀ ਅਰੁਨ ਜੇਤਲੀ ਨੇ ਕਿਹਾ ਕਿ ਸਰਕਾਰ ਕੇਵਲ ਉਨ੍ਹਾਂ ਲੋਕਾਂ ਦੇ ਨਾਮ ਹੀ ਜ਼ਾਹਰ ਕਰੇਗੀ, ਜਿਨ੍ਹਾਂ ਵਿਰੁੱਧ ਵਿਦੇਸ਼ੀ ਖਾਤਿਆਂ ਦੇ ਸਬੰਧ ’ਚ ਕਾਰਵਾਈ ਕੀਤੇ ਜਾਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੋਵੇ।
ਕਾਂਗਰਸ ਤੇ ਹੋਰ ਪਾਰਟੀਆਂ ਨੇ ਵਿਦੇਸ਼ੀ ਬੈਂਕਾਂ ’ਚ ਧਨ ਛੁਪਾਉਣ ਵਾਲੇ ਸਾਰੇ ਖਾਤੇਦਾਰਾਂ ਦੇ ਨਾਮ ਜਨਤਕ ਕਰਨ ਲਈ ਕਿਹਾ ਸੀ। ਕਾਂਗਰਸ ਨੇ ਕਿਹਾ ਕਿ ਵਿਦੇਸ਼ੀ ਬੈਂਕਾਂ ’ਚ ਭਾਰਤੀਆਂ ਦੇ ਕਾਲੇ ਧਨ ਦੇ ਮਾਮਲੇ ਵਿੱਚ ਸਰਕਾਰ ਸਿਆਸੀ ਛੇੜਛਾੜ ਕਰਨ ਜਾਂ ਪ੍ਰੈੱਸ ਸਨਸਨੀ ਪੈਦਾ ਕਰਨ ਤੋਂ ਗੁਰੇਜ਼ ਕਰੇ ਤੇ ਨਾ ਹੀ ਇਸ ਨੂੰ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਖੇਡ ਖੇਡਣੀ ਚਾਹੀਦੀ ਹੈ। ਕਾਂਗਰਸ ਵੱਲੋਂ ਇਹ ਬਿਆਨ ਤਰਜ਼ਮਾਨ ਅਭਿਸ਼ੇਕ ਸਿੰਘਵੀ ਨੇ ਜਾਰੀ ਕੀਤਾ। ਸੀ ਪੀ ਆਈ ਵੱਲੋਂ ਪਾਰਟੀ ਦੇ ਕੌਮੀ ਸਕੱਤਰ ਡੀ-ਰਾਜਾ ਨੇ ਕਿਹਾ ਕਿ ਸਰਕਾਰ ਸਾਰੇ ਨਾਵਾਂ ਦਾ ਖੁਲਾਸਾ ਕਰੇ। ਜਨਤਾ ਦਲ (ਯੂਨਾਈਟਿਡ) ਦੇ ਆਗੂ ਨਿਤੀਸ਼ ਕੁਮਾਰ ਨੇ ਭਾਜਪਾ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਇਸ ਵੱਲੋਂ ਸੁਪਰੀਮ ਕੋਰਟ ’ਚ ਪੇਸ਼ ਹਲਫਨਾਮਾ ‘ਕਾਲੇ ਧਨ ਬਾਰੇ ਭਾਜਪਾ ਦਾ ਰੁਖ ਇਸ ਦੇ ਕਾਲੇ ਮਨ ਦਾ ਪ੍ਰਦਰਸ਼ਨ ਕਰਦਾ ਹੈ।’ ਉਨ੍ਹਾਂ ਨੇ ਫੇਸਬੁੱਕ ’ਤੇ ਭਾਜਪਾ ਨੂੰ ਭ੍ਰਿਸ਼ਟ ਝੂਠੀ ਪਾਰਟੀ ਕਰਾਰ ਦਿੱਤਾ।
ਮੇਰਾ ਤਾਂ ਵਿਦੇਸ਼ੀ ਬੈਂਕਾਂ ਵਿੱਚ ਖਾਤਾ ਹੀ ਨਹੀਂ : ਲੋਧੀਆ
ਰਾਜਕੋਟ – ਸ਼ਹਿਰ ਦੇ ਸ਼ੇਅਰ ਬਾਜ਼ਾਰ ਦੇ ਕਾਰੋਬਾਰੀ ਪੰਕਜ ਲੋਧੀਆ, ਜਿਸ ਦਾ ਨਾਮ ਕੇਂਦਰ ਵੱਲੋਂ ਸੁਪਰੀਮ ਕੋਰਟ ’ਚ ਪੇਸ਼ ਵਿਦੇਸ਼ਾਂ ’ਚ ਜਮ੍ਹਾਂ ‘ਕਾਲੀ ਕਮਾਈ’ ਵਾਲਿਆਂ ਦੇ ਨਾਵਾਂ ਵਿੱਚ ਸ਼ਾਮਲ ਹੈ, ਨੇ ਕਿਹਾ ਹੈ ਕਿ ਉਸ ਦਾ ਤਾਂ ਕਿਸੇ ਵਿਦੇਸ਼ੀ ਬੈਂਕ ਵਿੱਚ ਖਾਤਾ ਹੀ ਨਹੀਂ ਹੈ ਅਤੇ ਉਹ ਇਸ ਸੂਚੀ ’ਚ ਆਪਣਾ ਨਾਮ ਦੇਖ ਕੇ ਸੁੰਨ ਹੋ ਗਿਆ ਹੈ। ਉਸ ਨੇ ਆਮਦਨ ਕਰ ਵਿਭਾਗ ਕੋਲ ਆਪਣੀ ਸਾਰੀ ਆਮਦਨ ਦੱਸੀ ਹੋਈ ਹੈ। ਉਸ ਨੇ ਕਿਹਾ ਕਿ ਅਥਾਰਟੀਜ਼ ਨਾਲ ਸਹਿਯੋਗ ਕਰਦਿਆਂ ਉਹ ਵੀ ਕਾਨੂੰਨੀ ਰਾਹ ਅਖ਼ਤਿਆਰ ਕਰਨਗੇ।