ਐਨ ਐਨ ਬੀ
ਫਿਰੋਜ਼ਪੁਰ- ਪੁਲਸ ਨੇ ਥਾਣਾ ਮੱਖੂ ਦੇ ਅਧੀਨ ਹਰੀਕੇ ਪਤਨ ਪੁੱਲ ‘ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਅਸਫਲ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਸਮੇਤ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੀ ਹੱਥੋਂਪਾਈ ‘ਚ ਇੰਦਰਜੀਤ ਸਿੰਘ ਦੀ ਪਗੜੀ ਵੀ ਡਿੱਗ ਗਈ। ਕਿਸਾਨਾਂ ਵਲੋਂ ਮੰਗਲਵਾਰ ਨੂੰ ਇੰਦਰਜੀਤ ਸਿੰਘ ਦੀ ਅਗਵਾਈ ‘ਚ ਧਰਨਾ ਦਿੱਤਾ ਜਾਣਾ ਸੀ। ਅਨਾਜ ਮੰਡੀਆਂ ‘ਚ ਧਾਨ ਦੀ ਖਰੀਦ ‘ਚ ਕਿਸਾਨਾਂ ਨਾਲ ਹੋ ਰਹੀ ਲੁੱਟ-ਖੋਹ ਨੂੰ ਲੈ ਕੇ ਕੁਝ ਦਿਨ ਪਹਿਲਾਂ ਹਰੀਕੇ ਪਤਨ ਪੁੱਲ ‘ਤੇ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ‘ਚ ਕਿਸਾਨਾਂ ਨੇ ਧਰਨਾ ਦਿੱਤਾ ਸੀ। ਉਸ ਸਮੇਂ ਪੁਲਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਸੀ। ਪੁਲਸ ਨੇ ਪੁੱਲ ‘ਤੇ ਧਰਨਾ ਦੇ ਕੇ ਆਵਾਜਾਈ ਨੂੰ ਠੱਪ ਕਰਨ ਦੇ ਦੋਸ਼ ‘ਚ ਇੰਦਰਜੀਤ ਸਿੰਘ ਸਮੇਤ 2 ਦਰਜਨ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਕਿਸਾਨਾਂ ‘ਤੇ ਦਰਜ ਹੋਏ ਮਾਮਲੇ ਰੱਦ ਕਰਾਉਣ ਲਈ ਮੰਗਲਵਾਰ ਨੂੰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ‘ਚ ਕਿਸਾਨ ਹਰੀਕੇ ਪਤਨ ਪੁੱਲ ‘ਤੇ ਧਰਨਾ ਦੇਣ ਪਹੁੰਚੇ ਸਨ। ਉਦੋਂ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।