ਜਨਰਲ ਬਰਾੜ ਕੇਸ : ਬਰਤਾਨਵੀ ਅਦਾਲਤ ਵੱਲੋਂ ਹਮਲਾਵਰ ਸਿੱਖਾਂ ਦੀ ਅਪੀਲ ਰੱਦ

0
779

UK

ਐਨ ਐਨ ਬੀ

ਲੰਡਨ -ਭਾਰਤੀ ਸੈਨਾ ਦੇ ਸਾਬਕਾ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ’ਤੇ ਹਮਲੇ ਦੇ ਮਾਮਲੇ ’ਚ ਚਾਰ ਸਿੱਖਾਂ ਵੱਲੋਂ ਪਾਈ ਗਈ ਅਪੀਲ ਨੂੰ ਬਰਤਾਨੀਆ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਅਦਾਲਤ ਵੱਲੋਂ ਸਖ਼ਤ ਸਜ਼ਾ ਸੁਣਾਏ ਜਾਣ ਬਾਅਦ ਮਨਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (37), ਹਰਜੀਤ ਕੌਰ  (39) ਅਤੇ ਬਰਜਿੰਦਰ ਸਿੰਘ ਸੰਘਾ (33) ਨੇ ਇਹ ਅਪੀਲ ਪਾਈ ਸੀ।
ਜਨਰਲ ਕੁਲਦੀਪ ਬਰਾੜ (78) ’ਤੇ ਕੇਂਦਰੀ ਲੰਡਨ ’ਚ 2012 ਦੌਰਾਨ ਹਮਲਾ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਪਤਨੀ ਵੀ ਹਾਜ਼ਰ ਸੀ। ਯੂਕੇ ਅਦਾਲਤ ਵੱਲੋਂ ਸ੍ਰੀ ਬਰਾੜ ’ਤੇ ਹਮਲੇ ਦੇ ਦੋਸ਼ਾਂ ਤਹਿਤ ਚਾਰੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਸਨ। ਇਸ ਦੀ ਚੁਫੇਰਿਓਂ ਨਿੰਦਾ ਹੋਈ ਸੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਰੋਹ ਪ੍ਰਗਟ ਕੀਤਾ ਸੀ ਕਿ ਅਦਾਲਤ ਨੇ ਕਠੋਰ ਫੈਸਲਾ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਸੰਧੂ ਅਤੇ ਦਿਲਬਾਗ ਸਿੰਘ ਨੂੰ  14-14 ਸਾਲ, ਹਰਜੀਤ ਕੌਰ ਨੂੰ 11 ਸਾਲ ਅਤੇ ਬਰਜਿੰਦਰ ਸਿੰਘ ਸੰਘਾ ਨੂੰ  ਸਾਢੇ 10 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਪੰਜਵੇਂ ਵਿਅਕਤੀ ਲਖਬੀਰ ਸਿੰਘ ਨੂੰ ਸਾਊਥਵਾਰਕ ਕਰਾਉਨ ਕੋਰਟ ਨੇ 21 ਮਾਰਚ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸ  ’ਤੇ ਬਰਾੜ ਨੂੰ ਸਰੀਰਕ ਤੌਰ ’ਤੇ ਨੁਕਸਾਨ  ਪਹੁੰਚਾਉਣ ਦਾ ਦੋਸ਼ ਲੱਗਾ ਹੈ। ਚੇਤੇ ਰਹੇ ਕਿ ਕਈ ਸਿੱਖ ਜਥੇਬੰਦੀਆਂ ਨੇ ਵੀ ਅਦਾਲਤ ਵੱਲੋਂ ਇੰਨੀ ਜ਼ਿਆਦਾ ਸਜ਼ਾ ਸੁਣਾਉਣ ਬਾਰੇ ਗ਼ਿਲਾ ਜ਼ਾਹਿਰ ਕੀਤਾ ਸੀ।