ਸ਼ਬਦੀਸ਼
ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਜਮਾਲਪੁਰ ਕਾਂਡ ਨੂੰ ਲੈ ਕੇ ਰਾਜ ਦੇ ਜਿਲ੍ਹਾ ਕੇਂਦਰਾਂ ’ਤੇ ਰੋਸ ਧਰਨਾ ਦੇਣ ਦਾ ਸਿਲਸਿਲਾ ਛੇੜ ਦਿੱਤਾ ਹੈ। ਯਾਦ ਰਹੇ ਕਿ ਪੁਲੀਸ ਨੇ ਦੋ ਭਰਾਵਾਂ ਨੂੰ ਫਰਜ਼ੀ ਮੁਕਾਬਲੇ ਵਿਚ ਕਤਲ ਕਰਕੇ ਅਤਿਵਾਦ ਦੇ ਕਾਲੇ ਦਿਨਾਂ ਦਾ ਚੇਤਾ ਕਰਵਾ ਦਿੱਤਾ ਹੈ। ਆਮ ਆਦਮੀ ਪਾਰਟੀ ਪੰਜਾਬ ਵਿਚ ਨਿੱਤ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਲਈ ਸਰਕਾਰ ਨੂੰ ਦੋਸ਼ੀ ਠਹਿਰਾ ਰਹੀ ਹੈ। ਸੰਗਰੂਰ, ਬਰਨਾਲਾ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਅੱਗੇ ਰੋਸ ਧਰਨੇ ਦੇ ਕੇ ਆਪ ਨੇ ਮੰਗ ਕੀਤੀ ਕਿ ਦੋ ਭਰਾਵਾਂ ਨੂੰ ਕਤਲ ਕੀਤੇ ਜਾਣ ਦੀ ਘਟਨਾ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਕੇਸ ਫਾਸਟ ਟਰੈਕ ਅਦਾਲਤ ਵਿਚ ਜਲਦੀ ਨਿਪਟਾਉਣ ਦਾ ਹੁਕਮ ਦਿੱਤਾ ਜਾਵੇ।
ਸੰਗਰੂਰ ਵਿੱਚ ਆਪ ਦੇ ਵਫ਼ਦ ਨੇ ਰਾਜਪਾਲ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਏ ਡੀ ਸੀ ਪ੍ਰੀਤਮ ਸਿੰਘ ਜੌਹਲ ਨੂੰ ਸੌਂਪਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਬਜ਼ਰਵਰ ਜਸਵੀਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਘਟਨਾ ਨਾਲ ਪੂਰੇ ਪੰਜਾਬ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਲੋਕਾਂ ਦਾ ਪੰਜਾਬ ਸਰਕਾਰ ਤੇ ਪੁਲੀਸ ਤੋਂ ਵਿਸਵਾਸ਼ ਪੂ ਉਠ ਚੁੱਕਿਆ ਹੈ। ਇਸ ਰੋਸ ਧਰਨੇ ’ਚ ਪਾਰਟੀ ਆਗੂ ਪ੍ਰਿੰਸੀਪਲ ਗੁਰਦੇਵ ਸਿੰਘ, ਦਲਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ ਕਮਾਲਪੁਰ, ਕਮਲਜੀਤ ਸਿੰਘ ਕੁੱਕੀ, ਰਣਧੀਰ ਸਿੰਘ ਖਾਈ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
‘ਆਪ’ ਨੇ ਸੁਖ਼ਬੀਰ ਬਾਦਲ ਤੋਂ ਮੰਗਿਆ ਅਸਤੀਫ਼ਾ
ਆਮ ਆਦਮੀ ਪਾਰਟੀ ਨੇ ਬਰਨਾਲਾ ਦੇ ਏ ਡੀ ਸੀ ਨੂੰ ਮੰਗ ਪੱਤਰ ਦੇ ਕੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਦੌਰਾਨ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਵੀ ਮੰਗ ਕੀਤੀ ਗਈ। ‘ਆਪ’ ਦੇ ਆਗੂਆਂ ਨੇ ਦੱਸਿਆ ਕਿ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰੇ ਦੋਵੇਂ ਨੌਜਵਾਨ ਪਿੰਡ ਬੋਹਾਪੁਰ ਦੇ ਦਲਿਤ ਪਰਿਵਾਰ ’ਚੋਂ ਸਨ। ਉਹ ਪਹਿਲਾਂ ਅਕਾਲੀ ਵਰਕਰ ਸਨ, ਜਿਨ੍ਹਾਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਦੀ ਹਮਾਇਤ ਕੀਤੀ ਸੀ ਅਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਆਗੂ ਗੁਰਜੀਤ ਸਿੰਘ ਉਨ੍ਹਾਂ ਨਾਲ ਰੰਜ਼ਿਸ਼ ਰੱਖਦਾ ਸੀ ਅਤੇ ਉਸਨੇ ਹੀ ਪੁਲੀਸ ਨਾਲ ਮਿਲ ਕੇ ਅਜਿਹਾ ਕਾਰਾ ਕਰਵਾਇਆ ਹੈ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਆਗੂ ਪ੍ਰੇਮ ਕੁਮਾਰ, ਮਨਜੀਤ ਸਿੰਘ ਸਿੱਧੂ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ, ਧੀਰਜ ਕੁਮਾਰ, ਨਰਿੰਦਰ ਕੁਮਾਰ ਨੀਟਾ, ਇੰਦਰਜੀਤ ਤੇ ਗੁਰਮੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਪਟਿਆਲਾ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਮਿੰਨੀ ਸਕੱਤਰੇਤ ਵਿਖੇ ਪਿਛਲੇ ਦਿਨੀਂ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ’ਚ ਹੋਏ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਅਤੇ ਐਸ.ਐਸ.ਪੀ. ਸਮੇਤ ਸਾਰੇ ਕਕਿਛ ਦੋਸ਼ੀ ਅਫ਼ਸਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਬਾਦਲ ਸਰਕਾਰ ਪੰਜਾਬ ਵਿੱਚ ਬਿਹਾਰ ਦੀ ਤਰਜ਼ ’ਤੇ ਜੁਰਮ ਦਰ ਵਧਾ ਕੇ ਬੇਕਸੂਰ ਲੋਕਾਂ ਨੂੰ ਸ਼ਰੇਆਮ ਪੁਲੀਸ ਹੱਥੋਂ ਮਾਰਨ ਦੀ ਖੁੱਲ੍ਹ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ’ਚ ਹੋਏ ਫ਼ਰਜ਼ੀ ਪੁਲੀਸ ਮੁਕਾਬਲੇ ਨੇ ਪੰਜਾਬ ਪੁਲੀਸ ਤੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਮਾਲਪੁਰ ਵਿੱਖ ਪੁਲੀਸ ਵੱਲੋਂ ਫ਼ਰਜ਼ੀ ਮੁਕਾਬਲੇ ’ਚ ਮਾਰੇ ਗਏ ਹਰਿੰਦਰ ਸਿੰਘ ਉਰਫ਼ ਲਾਲੀ ਤੇ ਜਤਿੰਦਰ ਸਿੰਘ ਉਰਫ਼ ਗੋਲਡੀ ਨਾਮ ਦੇ ਦੋ ਸਕੇ ਭਰਾਵਾਂ ਦਾ ਕਸੂਰ ਸਿਰਫ਼ ਐਨਾ ਹੀ ਸੀ ਕਿ ਉਨ੍ਹਾਂ ਨੇ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਆਸੀ ਕਤਲੋ-ਗਾਰਦ ਬਹੁਤ ਹੀ ਮਾੜਾ ਸਭਿਆਚਾਰ ਹੈ, ਜਿਸ ਨੂੰ ਜੇਕਰ ਜਲਦ ਨਾ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਉਪਰੰਤ ਡਾ. ਧਰਮਵੀਰ ਗਾਂਧੀ ਤੇ ‘ਆਪ’ ਵਰਕਰਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੂੰ ਇਕ ਮੰਗ ਪੱਤਰ ਦਿੱਤਾ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਨਵੀਨਰ ਜਰਨੈਲ ਸਿੰਘ ਮਨੂੰ, ਹਰਜੀਤ ਸਿੰਘ ਅਦਾਲਤੀਵਾਲਾ, ਜੀ.ਐਸ. ਭਾਟੀਆ, ਡਾ. ਸ਼ਿਵਰਾਜ ਚੌਹਾਨ, ਡਾ. ਮੋਹਨਜੀਤ ਟਿਵਾਣਾ, ਮੇਜਰ ਮਲਹੋਤਰਾ, ਯਸ਼ ਪਵਾਰ, ਅਮਨਦੀਪ ਸਿੰਘ ਭੰਗੂ, ਸਰਬਜੀਤ ਉੱਖਲਾ, ਜਸਵੀਰ ਗਾਂਧੀ, ਡੀ.ਕੇ. ਸ਼ਰਮਾ, ਗੁਰਪ੍ਰੀਤ ਸਿੰਘ, ਮੇਘ ਚੰਦ ਸ਼ੇਰ ਮਾਜਰਾ, ਚੇਤਨ ਸਿੰਘ ਜੌੜਾ ਮਾਜਰਾ, ਸਾਬਕਾ ਐਕਸੀਅਨ ਐਮ.ਪੀ. ਸਿੰਘ, ਮੋਹਨ ਤਿਵਾੜੀ, ਸੱਤ ਪ੍ਰਕਾਸ਼, ਕੁਲਵੰਤ ਟਿਵਾਣਾ, ਜਸਵਿੰਦਰ ਕੁਮਾਰ ਤੇ ਭੋਲਾ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਪਾਰਟੀ ਦੇ ਵਰਕਰ ਮੌਜੂਦ ਸਨ।