ਝੋਨੇ ਦੀ ਰਿਕਾਰਡ ਆਮਦ ਦੌਰਾਨ ਸਰਕਾਰੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

0
1445

ਸਰਕਾਰੀ ਦਾਅਵਿਆਂ ਦੇ ਬਾਵਜੂਦ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ, ਏਜੰਸੀਆਂ ਦਾ ਅਮਲਾ ਵੀ ਅਜੇ ਗਾਇਬ

 paddy

ਸ਼ਬਦੀਸ਼

ਚੰਡੀਗੜ੍ਹ – ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਰਿਕਾਰਡ ਆਮਦ ਨੇ ਮੁੱਢਲੇ ਪੜਾਅ ’ਤੇ ਸਰਕਾਰੀ ਪ੍ਰਬੰਧਾਂ ਦੇ ਦਾਅਵੇ ਝੁਠਲਾ ਦਿੱਤੇ ਹਨ, ਹਾਲਾਂਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਮੁਤਾਬਕ ਖ਼ਰੀਦ ਦੇ ਪਹਿਲੇ ਦਿਨ 94 ਹਜ਼ਾਰ ਮੀਟ੍ਰਿਕ ਟਨ ਝੋਨਾ ਖ਼ਰੀਦੇ ਜਾਣ ਦਾ ਹਵਾਲਾ ਦੇ ਕੇ ਆਪਣਾ ਗੁੱਡਾ ਬੰਨ੍ਹ ਰਹੇ ਹਨ। ਯਾਦ ਰਹੇ ਕਿ ਪਿਛਲੇ ਸਾਲ ਅੱਜ ਦੇ ਦਿਨ 64 ਹਜ਼ਾਰ ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ। ਸਰਕਾਰ ਦਾ ਦਾਅਵਾ ਹੈ ਕਿ ਮੰਡੀਆਂ ਵਿੱਚ ਆਏ ਝੋਨੇ ਵਿੱਚੋਂ 60 ਫੀਸਦੀ ਦੀ ਖ਼ਰੀਦ ਹੋ ਚੁੱਕੀ ਹੈ। ਓਧਰ ਮਾਝੇ-ਮਾਲਵੇ-ਦੁਆਬੇ ਦੇ ਕਿਸਾਨ ਮੰਡੀਆਂ ਵਿੱਚ ਬਾਸਮਤੀ ਸੁੱਟ ਕੇ ਪਰੇਸ਼ਾਨ ਹਨ। ਸਰਕਾਰੀ ਖ਼ਰੀਦ ਏਜੰਸੀਆਂ ਦੇ ਦਿਨ ਗਾਇਬ ਰਹਿਣ ਕਰਕੇ ਝੋਨਾ ਵਿਕ ਤਾਂ ਰਿਹਾ ਹੈ, ਵਪਾਰੀ ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਖ਼ਰੀਦ ਕਰ ਰਹੇ ਹਨ। ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਮੀਂਹ ਘੱਟ ਪੈਣ ਦੇ ਬਾਵਜੂਦ ਝੋਨੇ ਦੀ ਭਰਪੂਰ ਫ਼ਸਲ ਪੈਦਾ ਕੀਤੀ ਹੈ, ਜਿਸ ਲਈ 2330 ਕਰੋੜ ਰੁਪਏ ਦਾ ਵਾਧੂ ਭਾਰ ਪਿਆ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੇਨ ਅਜਮੇਰ ਸਿੰਘ ਲੱਖੋਵਾਲ ਦੇ ਰਸਮੀ ਉਦਘਾਟਨ ਪਿੱਛੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਖਰਚਿਆਂ ਦੇ ਹਿਸਾਬ ਨਾਲ ਝੋਨੇ ਦਾ ਘੱਟੋ-ਘੱਟ ਭਾਅ 2200 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਉਨ੍ਹਾਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ।

ਮੰਡੀਆਂ ਵਿੱਚ ਦਿੱਕਤਾਂ ਦੇ ਹੇਰ-ਫੇਰ, ਫਫੜੇ ਭਾਈਕੇ ਵਿੱਚ ਲੱਗੇ ਪਾਥੀਆਂ ਦੇ ਢੇਰ

Mansa Mandi

ਜਦੋਂ ਪੰਜਾਬ ਵਿੱਚ ਸਰਕਾਰੀ ਖਰੀਦ ਦੇ ਦਾਅਵੇ ਹੋ ਰਹੇ ਹਨ,  ਮਾਨਸਾ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਤੋਂ ਵੀ ਭਾਰੀ ਦਿੱਕਤਾਂ ਦੇ ਢੇਰ ਵੇਖੇ ਜਾ ਸਕਦੇ ਹਨ। ਖਰੀਦ ਕੇਂਦਰ ਫਫੜੇ ਭਾਈਕੇ ਵਿੱਚ ਝੋਨੇ ਦੀ ਪਾਥੀਆਂ ਦੇ ਢੇਰ ਵੇਖੇ ਜਾ ਰਹੇ ਹਨ। ਕਈ ਮੰਡੀਆਂ ਵਿੱਚ ਸਰਕਾਰੀ ਅਧਿਕਾਰੀ ਦੇ ਖਾਨਾਪੂਰਤੀ ਚੱਕਰਾਂ ਦੀ ਚਰਚਾ ਹੋ ਰਹੀ ਹੈ ਅਤੇ  ਕੰਬਾਈਨਾਂ ਨਾਲ ਕੰਮ ਨਿਬੇੜਨ ਦੀ ਚਾਹਤ ਰੱਖਣ ਵਾਲੇ ਕਿਸਾਨ ਸਰਕਾਰੀ ਏਜੰਸੀਆਂ ਦੀ ਉਡੀਕ ਕਰਦੇ-ਕਰਦੇ ਮੰਡੀਆਂ ਵਿੱਚ ਝੋਨਾ ਸੁੱਟ ਕੇ ਘਰਾਂ ਨੂੰ ਪਰਤ ਗਏ ਹਨ। ਇਸਦੀ ਰਾਖੀ ਲਈ ਗਵਾਂਢੀ ਢੇਰੀਆਂ ਵਾਲੇ ਨਜ਼ਰ ਰੱਖ ਰਹੇ ਹਨ। ਜ਼ਿਲ੍ਹੇ ਵਿੱਚ ਭੀਖੀ ਦੀ ਅਨਾਜ ਮੰਡੀ ਅਤੇ ਫਫੜੇ ਭਾਈਕੇ ਦੇ ਖਰੀਦ ਕੇਂਦਰ ਵਿੱਚ ਸਭ ਤੋਂ ਪਹਿਲਾਂ ਝੋਨਾ ਆਉਂਦਾ ਹੈ, ਪਰ ਉਥੇ ਪਹਿਲੇ ਦਿਨ ਕੋਈ ਕਿਸਾਨ ਆਪਣੀ ਜਿਣਸ ਵੇਚਣ ਲਈ ਨਾ ਲਿਆਇਆ। ਮੰਡੀਆਂ ਵਿੱਚ ਅਜੇ ਤੱਕ ਬਾਰਦਾਨਾ ਵੀ ਨਹੀਂ ਪਹੁੰਚਿਆ ਅਤੇ ਨਾ ਕਿਧਰੇ ਲਾਈਟਾਂ ਲਾਈਆਂ ਗਈਆਂ ਹਨ। ਕਿਸੇ ਵੀ ਮੰਡੀ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੇ ਪ੍ਰਬੰਧ ਹੋਏ ਵੀ ਵਿਖਾਈ ਨਹੀਂ ਦਿੰਦੇ। ਜ਼ਿਲ੍ਹੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਅੱਜ ਕਿਸੇ ਵੀ ਸਰਕਾਰੀ ਏਜੰਸੀ ਦੇ ਅਧਿਕਾਰੀ ਨੇ ਗੇੜਾ ਨਹੀਂ ਮਾਰਿਆ ਅਤੇ ਨਾ ਮੰਡੀਆਂ ਵਿੱਚ ਪਈਆਂ ਪਾਥੀਆਂ ਤੇ ਰੂੜੀਆਂ ਚੁਕਵਾਈਆਂ। ਆੜ੍ਹਤੀਆਂ ਨੂੰ ਥਾਂ ਦੀ ਅਲਾਟਮੈਂਟ ਵੀ ਨਹੀਂ ਕੀਤੀ ਗਈ।

ਡਿਪਟੀ ਕਮਿਸ਼ਨਰ ਵੱਲੋਂ ਝੂਠੇ ਦਾਅਵੇ
ਉਧਰ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਭਾਵੇਂ ਝੋਨੇ ਦੀ ਕੋਈ ਢੇਰੀ ਵਿਕਣ ਲਈ ਨਹੀਂ ਆਈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰ ਕਿਸਮ ਦੇ ਬੰਦੋਬਸਤ ਕੀਤੇ ਹੋਏ ਹਨ। ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਮੰਡੀ ਅਫਸਰ ਸ਼ਿਵ ਕੁਮਾਰ ਕੌੜਾ ਦਾ ਕਹਿਣਾ ਹੈ ਕਿ ਝੋਨੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਰਦਾਨੇ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜ਼ਿਲ੍ਹੇ ਵਿੱਚ 114 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਮੰਡੀਆਂ ਵਿੱਚ ਫੀਲਡ ਸਟਾਫ਼ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਲੇਬਰ ਅਤੇ ਢੋਆ ਢੁਆਈ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਮ ਕਿਸਮ ਦੇ ਝੋਨੇ ਦੀ ਕੀਮਤ 1360 ਰੁਪਏ ਪ੍ਰਤੀ ਕੁਇੰਟਲ ਅਤੇ ਗਰੇਡ ਏ ਝੋਨੇ ਦੀ ਕੀਮਤ 1400 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ। ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਗੁਰਦਿੱਤਾ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਮੰਡੀਆਂ ਵਿੱਚ ਝੋਨੇ ਦੀ ਆਮਦ ਨਹੀਂ ਹੋਈ। ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਇਕਬਾਲ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਹਰ ਸਾਲ ਵਾਂਗ ਅਕਤੂਬਰ ਮਹੀਨੇ ਦੇ ਪਹਿਲੇ ਦੋ ਹਫ਼ਤੇ ਸ਼ੈਲਰ ਮਾਲਕਾਂ ਤੋਂ ਛਿੱਲ ਲੁਹਾਉਣੀ ਪੈ ਸਕਦੀ ਹੈ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੀ ਦੁਖੀ

Moga Mandi

ਮੋਗਾ ਮੰਡੀ ਵਿੱਚ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਵੀ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਝੋਨੇ ਦੇ ਖਰੀਦ ਪ੍ਰਬੰਧਾਂ ’ਤੇ ਰੋਸ ਪ੍ਰਗਟਾਇਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਵਪਾਰੀ ਪੂਲ ਬਣਾ ਕੇ ਬਾਸਮਤੀ ਘੱਟ ਭਾਅ ’ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਸੂਬੇ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਜ਼ਿਲ੍ਹੇ ਵਿੱਚ ਪਹਿਲੇ ਦਿਨ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਵੇਖੀ ਗਈ। ਜ਼ਿਲ੍ਹੇ ਦੀਆਂ ਸੱਤ ਮੁੱਖ ਮੰਡੀਆਂ ਮੋਗਾ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਅਜੀਤਵਾਲ, ਬੱਧਨੀ ਕਲਾਂ ਤੇ ਕੋਟ ਈਸੇ ਖਾਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ ਅਤੇ ਖਰੀਦ ਪ੍ਰਬੰਧਾਂ ਤੋਂ ਕਿਸਾਨ ਦੁਖੀ ਹਨ। ਮੰਡੀਆਂ ਦੇ ਗੇਟਾਂ ਉਤੇ ਟਰਾਲੀਆਂ ਰੋਕ ਕੇ ਨਮੀ ਚੈੱਕ ਕਰਨ ਲਈ ਵੀ ਪਹਿਲੇ ਦਿਨ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਨਹੀਂ ਪੁੱਜਿਆ। ਕਿਸਾਨ ਆਗੂ ਗੁਲਜ਼ਾਰ ਸਿੰਘ ਘਾਲੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਬਾਸਮਤੀ ਖੁੱਲ੍ਹੀ ਬੋਲੀ ਰਾਹੀਂ ਵੇਚਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਝੋਨੇ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਬਾਸਮਤੀ 3500 ਤੋਂ 4000 ਰੁਪਏ ਕੁਇੰਟਲ ਵਿਕੀ ਪਰ ਇਸ ਵਾਰ ਵਪਾਰੀਆਂ ਦਾ ਪੂਲ ਹੋਣ ਕਰ ਕੇ 2200 ਤੋਂ 2600 ਰੁਪਏ ਤੱਕ ਹੀ ਖਰੀਦ ਜਾ ਰਹੀ ਹੈ। ਮੋਗਾ ਦੀ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆਏ ਪਿੰਡ ਕੋਰੇਵਾਲਾ ਦੇ ਕਿਸਾਨ ਕੁਲਦੀਪ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਹੁਣ ਤੱਕ ਨਾ ਸਰਕਾਰੀ ਤੇ ਨਾ ਗ਼ੈਰ ਸਰਕਾਰੀ ਬੋਲੀ ਲੱਗੀ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਰਜਨੀਸ਼ ਕੁਮਾਰੀ ਨੇ ਦਾਅਵਾ ਕੀਤਾ ਕਿ ਸਰਕਾਰੀ ਖਰੀਦ ਜ਼ਰੂਰ ਸ਼ੁਰੂ ਹੋਵੇਗੀ। ਜ਼ਿਲ੍ਹਾ ਮੰਡੀ ਅਫ਼ਸਰ ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਰਕਾਰੀ ਖਰੀਦ ਬਾਰੇ ਕੋਈ ਰਿਪੋਰਟ ਨਹੀਂ ਆਈ।

ਮੰਡੀਆਂ ਵਿੱਚ ਬਿਜਲੀ, ਪਾਣੀ, ਸਫ਼ਾਈ ਦੇ ਅਗਾਊਂ ਪ੍ਰਬੰਧ

Mandi

ਲਹਿਰਾਗਾਗਾ ਵਿੱਚ ਵੀ ਝੋਨੇ ਦੀ ਸਰਕਾਰੀ ਖਰੀਦ ਦੀ ਪੋਲ ਪਹਿਲੇ ਦਿਨ ਹੀ ਖੁੱਲ੍ਹ ਗਈ ਹੈ। ਦਿਨ ਦੇ ਛਿਪਾ ਤੱਕ ਮੁੱਖ ਅਨਾਜ ਮੰਡੀ ਵਿੱਚ ਜਸਵੰਤ ਰਾਏ ਐਂਡ ਕੰਪਨੀ ਨਾਮੀ ਆੜ੍ਹਤੀਏ ਕੋਲ ਇੱਕ ਕਿਸਾਨ ਝੋਨਾ ਵੇਚਣ ਲਈ ਲੈ ਕੇ ਆਇਆ ਹੈ, ਪਰ ਝੋਨੇ ਦੀ ਸਰਕਾਰੀ ਬੋਲੀ ਅਤੇ ਮੰਡੀਆਂ ਦੀ ਸਫ਼ਾਈ ਦਾ ਨਾਮੋ-ਨਿਸ਼ਾਨ ਨਹੀਂ ਸੀ। ਖੁਰਾਕ ਐਂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅਨਾਜ ਮੰਡੀਆਂ ’ਚੋਂ ਖਰੀਦ ਕਰਨ ਵਾਲੀਆਂ ਏਜੰਸੀਆਂ ਦੀ ਅਲਾਟਮੈਂਟ ਦੀ ਕੋਈ ਲਿਸਟ ਚੰਡੀਗੜ੍ਹ ਤੋਂ ਨਹੀਂ ਆਈ, ਜਿਸ ਕਰਕੇ ਉਹ ਝੋਨੇ ਦੀ ਖਰੀਦ ਕਿਵੇਂ ਸ਼ੁਰੂ ਕਰਨੀ ਸੰਭਵ ਹੀ ਨਹੀਂ ਹੈ। ਪਹਿਲੀ ਅਕਤੂਬਰ ਤੱਕ ਐਸ.ਡੀ.ਐਮ. ਨੇ ਨਾ ਖਰੀਦ ਏਜੰਸੀਆਂ ਨਾਲ ਤੇ ਨਾ ਟਰੱਕ ਯੂਨੀਅਨਾਂ ਨਾਲ ਕੋਈ ਰਸਮੀ ਮੀਟਿੰਗ ਕੀਤੀ ਹੈ।  ਮਾਰਕੀਟ ਕਮੇਟੀ ਤੇ ਇਸ ਅਧੀਨ ਆਉਂਦੇ 27 ਖਰੀਦ ਕੇਂਦਰਾਂ ਵਿੱਚ ਤਿੰਨ ਖਰੀਦ ਕੇਂਦਰ ਅੜਕਵਾਸ, ਲਦਾਲ ਅਤੇ ਰਾਮਗੜ੍ਹ ਸੰਧੂਆਂ ਦੇ ਖਰੀਦ ਕੇਂਦਰ ਕੱਚੇ ਹਨ। ਲਹਿਰਾਗਾਗਾ ਦੀ ਨਵੀਂ ਅਨਾਜ ਮੰਡੀ ਵਿੱਚ ਸਫ਼ਾਈ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਹੈ, ਬਸ ਸਿਰਫ਼ ਬਾਗੜੀਆਂ ਦੀ ਰਿਹਾਇਸ਼ੀ ਥਾਂ ’ਤੇ ਕਬਜ਼ਾ ਹੈ। ਓਥੇ ਵੀ ਗੰਦਗੀ ਫੈਲੀ ਹੋਈ ਹੈ ਅਤੇ ਉਹ ਕਹਿੰਦੇ ਹਨ ਕਿ ਝੋਨਾ ਤਾਂ ਆਉਣ ਦਿਓ ਉਹ ਛੱਡ ਕੇ ਚਲੇ ਜਾਣਗੇ।
ਮਾਰਕੀਟ ਕਮੇਟੀ ਦੇ ਲੇਖਾਕਾਰ ਪ੍ਰਿਥੀ ਪਾਲ ਜਲੂਰ ਦਾ ਕਹਿਣਾ ਹੈ ਕਿ ਲਦਾਲ ਪਿੰਡ ਦੀ ਅਨਾਜ ਮੰਡੀ ਕੋਲ ਸ਼ਾਮਲਾਟ ਜ਼ਮੀਨ ਨਾ ਹੋਣ ਕਰਕੇ ਪੱਕੀ ਨਹੀਂ ਹੋ ਸਕੀ ਅਤੇ ਰਾਮਗੜ੍ਹ ਸੰਧੂਆਂ ਮੰਡੀ ਪੱਕੀ ਕਰਨ ਦਾ ਕੇਸ ਮੰਡੀ ਬੋਰਡ ਕੋਲ ਭੇਜਿਆ ਹੋਇਆ ਹੈ, ਜੋ ਕਣਕ ਦੇ ਸੀਜ਼ਨ ਤੋਂ ਪਹਿਲਾਂ ਬਣ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਫ਼ਾਈ, ਬਿਜਲੀ, ਪਾਣੀ, ਬਾਥਰੂਮ ਦਾ ਕੰਮ ਠੇਕੇ ’ਤੇ ਦਿੱਤਾ ਹੋਇਆ ਹੈ ਅਤੇ ਰਵਾਇਤੀ ਝੋਨਾ ਅਗਲੇ ਸੋਮਵਾਰ ਤੋਂ ਬਾਅਦ ਹੀ ਮੰਡੀਆਂ ਵਿੱਚ ਆਏਗਾ, ਪਰ ਇਸ ਵਾਰ ਰਵਾਇਤੀ ਝੋਨਾ ਮਹਿਜ਼ 30-40 ਫੀਸਦੀ ਹੀ ਆਵੇਗਾ ਜਦਕਿ ਇਲਾਕੇ ਵਿੱਚੋਂ ਵੱਡੀ ਪੱਧਰ ’ਤੇ ਬਾਸਮਤੀ ਆ ਰਹੀ ਹੈ।

LEAVE A REPLY

Please enter your comment!
Please enter your name here

three × four =