spot_img
22.5 C
Chandigarh
spot_img
spot_img
spot_img

Top 5 This Week

Related Posts

ਧਾਰਮਕ ਅਸਹਿਣਸ਼ੀਲਤਾ : ਨੂਰਮਹਿਲੀਆਂ ਤੇ ਸਿੱਖ ਕਾਰਕੁੰਨਾਂ ’ਚ ਟਕਰਾਅ ਵਿੱਚ 30 ਜ਼ਖਮੀ

ਤਰਨ ਤਾਰਨ ਦੇ ਜੋਧਪੁਰ ਵਿੱਚ ਸਤਿਸੰਗ ਰੋਕੇ ਜਾਣ ‘ਤੇ ਫਾਇਰਿੰਗ ਤੇ ਪਥਰਾਓ

Clash

ਐਨ ਐਨ ਬੀ

ਤਰਨ ਤਾਰਨ – ਇਥੋਂ ਚਾਰ ਕਿਲੋਮੀਟਰ ਦੂਰ ਜੋਧਪੁਰ ਵਿਖੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਨੂਰਮਹਿਲ ਆਧਾਰਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਨੂੰ ਰੋਕਣ ਦਾ ਯਤਨ ਕੀਤਾ, ਜਿਸ ਕਾਰਨ ਹਿੰਸਕ ਝੜਪਾਂ ਵਿੱਚ 30 ਵਿਅਕਤੀ ਜ਼ਖਮੀ ਹੋ ਗਏ ਹਨ। ਗੋਲੀਬਾਰੀ ਵਿੱਚ ਜਿੱਥੇ 20 ਦੇ ਕਰੀਬ ਸਿੱਖ ਕਾਰਕੁਨ ਜ਼ਖਮੀ ਹੋ ਗਏ, ਉੱਤੇ ਜਵਾਬੀ ਹਮਲੇ ਵਿੱਚ 10 ਦੇ ਕਰੀਬ ਨੂਰਮਹਿਲੀਏ ਸ਼ਰਧਾਲੂ ਵੀ ਜ਼ਖਮੀ ਹੋ ਗਏ।
ਇਸ ਧਾਰਮਕ ਅਸਹਿਣਸ਼ੀਲਤਾ ਦੀ ਵਾਰਦਾਤ ਨੇ ਸਮੁੱਚੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਹੁਣ ਜਦੋਂ ਹਾਲਾਤ ਵਿਗੜ ਗਏ ਹਨ, ਤਾਂ ਪਿੰਡ ’ਚ ਤਣਾਅ ਵਾਲੀ ਸਥਿਤੀ ਸਬੰਧੀ ਜਾਣਕਾਰੀ ਲੈਣ ਅਤੇ ਹਾਲਾਤ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ. ਮਨੋਹਰ ਲਾਲ ਸ਼ਰਮਾ ਸਮੇਤ ਸਮੁੱਚਾ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਿਆ ਹੈ। ਪਿੰਡ ਅੰਦਰ ਥਾਂ-ਥਾਂ ’ਤੇ ਪੁਲੀਸ ਦਾ ਪਹਿਰਾ ਲਗਾ ਦਿੱਤਾ ਗਿਆ ਹੈ।
ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਪਿੰਡ ਅੰਦਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸ਼ਰਧਾਲੂ ਹਰਜੀਤ ਸਿੰਘ ਦੇ ਘਰ ਸਤਿਸੰਗ ਕਰਵਾਇਆ ਜਾ ਰਿਹਾ ਸੀ, ਜਿਸ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਭਿੰਡਰਾਂਵਾਲਾ ਯੂਥ ਫੈਡਰੇਸ਼ਨ ਸ਼ਾਮ ਹਨ, ਨੇ ਸਤਿਸੰਗ ਸਮਾਗਮ ਨੂੰ ਰੋਕਣ ਦਾ ਯਤਨ ਕੀਤਾ। ਇਨ੍ਹਾਂ ਜਥੇਬੰਦੀਆਂ ਨੇ ਸਤਿਸੰਗ ਕਰਨ ਖ਼ਿਲਾਫ਼ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਸੀ। ਇਸੇ ਕਰਕੇ ਹੀ ਪਿੰਡ ’ਚ ਪੁਲੀਸ ਤਾਇਨਾਤ ਸੀ, ਜਿਸਨੇ ਵਿਰੋਧ ਕਰਦੀਆਂ ਜਥੇਬੰਦੀਆਂ ਨੂੰ ਰੋਕਣ ਦਾ ਢੁੱਕਵਾਂ ਯਤਨ ਹੀ ਨਹੀਂ ਕੀਤਾ, ਜਿਸ ਕਾਰਨ ਵਾਰਦਾਤ ਹੋ ਗਈ।
ਸ਼ਾਮ ਵੇਲੇ ਸਤਿਸੰਗ ਸ਼ੁਰੂ ਹੋਇਆ ਹੀ ਸੀ ਅਤੇ ਹਾਲੇ ਤੱਕ ਕੋਈ ਇਤਰਾਜ਼ਯੋਗ ਪ੍ਰਵਚਨ ਵੀ ਸਾਹਮਣੇ ਨਹੀਂ ਸੀ, ਇਹਦੇ ਬਾਵਜੂਦ ਹਥਿਆਰਬੰਦ ਸਿੱਖ ਕਾਰਕੁੰਨਾਂ ਦੀ ਧਾੜ ਮੌਕੇ ’ਤੇ ਜਾ ਪੁੱਜੀ ਅਤੇ ਨੂਰਮਹਿਲੀਆਂ ਦੇ ਪੈਰੋਕਾਰਾਂ ਉਪਰ ਤਲਵਾਰਾਂ, ਡਾਂਗਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿੱਖ ਕਾਰਕੁੰਨਾਂ ਦੀ ਗਿਣਤੀ 100 ਦੇ ਕਰੀਬ ਸੀ ਅਤੇ ਏਨੀ ਕੁ ਹੀ ਗਿਣਤੀ ਨੂਰਮਹਿਲੀ ਸੰਗਤ ਦੀ ਸੀ, ਜਿਨ੍ਹਾਂ ’ਚ ਅੱਧੀਆਂ ਔਰਤਾਂ ਸਨ। ਜਿਓਂ ਹੀ ਝੜਪ ਸ਼ੁਰੂ ਹੋਈ ਨੂਰਮਹਿਲੀਆਂ ਨੂੰ ਮਿਲੇ ਦੋ ਸੁੱਖਿਆ ਕਰਮਚਾਰੀਆਂ ਨੇ ਸਿੱਖ ਕਾਰਕੁਨਾਂ ਉਪਰ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਕਰਮਚਾਰੀਆਂ ਦੀਆਂ ਗੋਲੀਆਂ ਨਾਲ ਸਿੱਖ ਆਗੂ ਤਰਲੋਚਨ ਸਿੰਘ, ਨਿਸ਼ਾਨ ਸਿੰਘ, ਕੁਲਵੰਤ ਸਿੰਘ, ਰਣਵੀਰ ਸਿੰਘ, ਅਮਰੀਕ ਸਿੰਘ ਅਜਨਾਲਾ, ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਮੇਤ 20 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਥੋਂ ਗੁਰੂ ਨਾਨਕ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਤਰਲੋਚਨ ਸਿੰਘ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ। ਦਸ ਜ਼ਖਮੀਆਂ ਨੂੰ ਮੁੱਢਲੀ ਦਵਾਈਆਂ ਦੇ ਕੇ ਛੁੱਟੀ ਦੇ ਦਿੱਤੀ ਗਈ। ਇਸ ਵਾਰਦਾਤ ਵਿੱਚ ਨੂਰਮਹਿਲੀਏ ਦੇ ਪੈਰੋਕਾਰ ਭਗਤ, ਕਾਂਸ਼ੀ ਰਾਮ, ਜਸਮੇਰ ਸਿੰਘ ਸਮੇਤ 10 ਜਣੇ ਜ਼ਖਮੀ ਹੋ ਗਏ। ਸਤਿਸੰਗ ਵਿੱਚ ਸ਼ਾਮਲ ਡੇਰੇ ਦੀਆਂ ਪੈਰੋਕਾਰ ਔਰਤ-ਮਰਦਾਂ ਨੇ ਕੋਠਿਆਂ ’ਤੇ ਚੜ੍ਹ ਕੇ ਬਨੇਰੇ ਦੀਆਂ ਇੱਟਾਂ ਉਖਾੜ ਕੇ ਸਿੱਖ ਕਾਰਕੁਨਾਂ ਉਪਰ ਇੱਟਾਂ ਦਾ ਮੀਂਹ ਵਰ੍ਹਾ ਦਿੱਤਾ।
ਇਹ ਸਭ ਕੁਝ ਪੁਲੀਸ ਦੀ ਹਾਜ਼ਰੀ ’ਚ ਹੀ ਹੋਇਆ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਪੁਲੀਸ ਦੀ ਮੌਜੂਦਗੀ ਦੇ ਬਾਵਜੂਦ ਸਤਿਸੰਗ ਵਾਲ਼ੀ ਜਗ੍ਹਾ ਤੱਕ ਜਾ ਪਹੁੰਚੇ। ਜਦੋਂ ਹਿੰਸਕ ਝੜਪਾਂ ਹੋ ਗਈਆਂ ਤਾਂ ਪੁਲੀਸ ਦੀਆਂ ਧਾੜਾਂ ਪੁੱਜ ਗਈਆਂ। ਨੂਰਮਹਿਲੀਏ ਦੋਸ਼ ਲਗਾ ਰਹੇ ਹਨ ਕਿ ਇਹ ਸਭ ਕੁਝ ਪੁਲੀਸ ਦੀ ਅਣਗਹਿਲੀ ਤੇ ਮਿਲ਼ੀਭੁਗਤ ਕਾਰਨ ਵਾਪਰਿਆ। ਸੰਪਰਕ ਕਰਨ ’ਤੇ ਐਸ.ਐਸ.ਪੀ. ਮਨੋਹਰ ਲਾਲ ਸ਼ਰਮਾ ਨੇ ਇੰਨਾ ਹੀ ਆਖਿਆ ਕਿ ਪੁਲੀਸ ਬਣਦੀ ਕਾਰਵਾਈ ਕਰ ਰਹੀ ਹੈ।
ਇਸ ਵਾਰਦਾਤ ਕਾਰਨ ਪਿੰਡ ਦੀ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ ਅਤੇ ਭਾਰੀ ਪੁਲੀਸ ਫੋਰਸ ਦੇ ਬਾਵਜੂਦ ਚਾਰ-ਚੁਫੇਰੇ ਸਹਿਮ ਦਾ ਵਾਤਾਵਰਨ ਪਸਰਿਆ ਹੋਇਆ ਹੈ। ਤਰਨ ਤਾਰਨ ਵਿੱਚ ਨੂਰ ਮਹਿਲ ਸੰਸਥਾ ਦੇ ਪ੍ਰਬੰਧਕਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਏ ਟਕਰਾਅ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨੂਰ ਮਹਿਲ ਦੇ ਕਾਰਕੁੰਨਾਂ ਵੱਲੋਂ ਨਿਹੱਥੇ ਸਿੰਘਾਂ ’ਤੇ ਗੋਲੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਪਹਿਲਾਂ ਹੀ ਸਰਕਾਰ ਨੂੰ ਕਿਹਾ ਜਾ ਚੁੱਕਾ ਹੈ। ਉਨ੍ਹਾਂ ਗੋਲੀ ਚਲਾਉਣ ਵਾਲੇ ਤੇਜਿੰਦਰ ਸਿੰਘ ਸਿਪਾਹੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਦਿਆਂ ਨੌਕਰੀ ਤੋਂ ਬਰਖਾਸਤ ਕਰਨ ਅਤੇ ਕੇਸ ਚਲਾਉਣ ਦੀ ਮੰਗ ਕੀਤੀ ਹੈ।

Popular Articles