ਦਾਗ਼ੀਆਂ ਵਿੱਚ ਪੰਜਾਬ ਭਾਜਪਾ ਇੰਚਾਰਜ ਰਾਮ ਸ਼ੰਕਰ ਕਥੇਰੀਆ ਤੇ ਗਿਰੀਰਾਜ ਵੀ ਸ਼ਾਮਲ
ਐਨ ਐਨ ਬੀ
ਨਵੀਂ ਦਿੱਲੀ – ਕਾਂਗਰਸ ਨੇ ਕੇਂਦਰੀ ਵਜ਼ਾਰਤ ‘ਚ ਕਥਿਤ ਦਾਗੀ ਆਗੂਆਂ ਨੂੰ ਮੰਤਰੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਹੈ ਕਿ ਸੰਸਦ ਨੂੰ ਅਪਰਾਧੀਆਂ ਤੋਂ ਛੁਟਕਾਰਾ ਦਿਵਾਉਣ ਦਾ ਉਨ੍ਹਾਂ ਦਾ ਪ੍ਰਚਾਰ ਹੁਣ ਕਿਥੇ ਗਿਆ। ਚੋਣ ਵਾਅਦਿਆਂ ‘ਤੇ ਖ਼ਰਾ ਨਾ ਉਤਰਨ ਲਈ ਪ੍ਰਧਾਨ ਮੰਤਰੀ ਤੋਂ ਮੁਆਫੀ ਦੀ ਮੰਗ ਕਰਦਿਆਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਜੈ ਮਾਕਨ ਦੇ ਨਵੇਂ ਬਣਾਏ ਗਏ ਮੰਤਰੀ ਵਾਈ.ਐਸ. ਚੌਧਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਚੌਧਰੀ ਨੇ ਸੈਂਟਰਲ ਬੈਂਕ ਦਾ 317.6 ਕਰੋੜ ਦਾ ਕਰਜ਼ਾ ਨਹੀਂ ਮੋੜਿਆ।
ਉਨ੍ਹਾਂ ਕਿਹਾ ਕਿ ਇਕ ਹੋਰ ਮੰਤਰੀ ਰਾਮ ਸ਼ੰਕਰ ਕਥੇਰੀਆ ਖ਼ਿਲਾਫ਼ 23 ਕੇਸ ਦਰਜ ਹਨ ਜਿਨ੍ਹਾਂ ਦਾ ਜ਼ਿਕਰ ਹੋਣ ਕਮਿਸ਼ਨ ਕੋਲ ਦਾਖ਼ਲ ਹਲਫਨਾਮੇ ‘ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਅਜਿਹੇ ਅਪਰਾਧਕ ਰਿਕਾਰਡ ਵਾਲਾ ਹੋਰ ਕੋਈ ਸੰਸਦ ਮੈਂਬਰ ਨਹੀਂ ਹੋਏਗਾ। ਮਾਕਨ ਨੇ ਨਵੇਂ ਬਣੇ ਮੰਤਰੀ ਗਿਰੀਰਾਜ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਵਾ ਕਰੋੜ ਰੁਪਏ ਚੋਰੀ ਹੋਣ ਦਾ ਹਿਸਾਬ-ਕਿਤਾਬ ਨਹੀਂ ਦੇ ਸਕੇ ਹਨ। ਉਨ੍ਹਾਂ ਕਿਹਾ ਕਿ ਕੁੱਲ 66 ਮੰਤਰੀਆਂ ‘ਚੋਂ ਹੁਣ ਦਾਗੀ ਮੰਤਰੀਆਂ ਦੀ ਗਿਣਤੀ ਵਧ ਕੇ 15 ਤੋਂ 16 ਹੋ ਗਈ ਹੈ।
ਕੇਂਦਰੀ ਵਜ਼ਾਰਤ ‘ਚ ਵਿਸਥਾਰ ਮੌਕੇ ਕਾਂਗਰਸ ਆਗੂਆਂ ਦੇ ਗੈਰ-ਹਾਜ਼ਰ ਰਹਿਣ ਬਾਰੇ ਸ੍ਰੀ ਮਾਕਨ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਨਾ ਦੇਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਸਵਾਲ ਤਾਂ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਅਕਾਲੀ ਦਲ ਅਤੇ ਸ਼ਿਵ ਸੈਨਾ ਨੂੰ ਕੀਤਾ ਜਾਣਾ ਚਾਹੀਦਾ ਹੈ।
ਜੇਤਲੀ ਨੇ ਕਾਂਗਰਸ ਦੇ ਦੋਸ਼ਾਂ ਨੂੰ ਖਾਰਜ ਕੀਤਾ : ਕਾਂਗਰਸ ਵੱਲੋਂ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਆਗੂ ਦੀ ਯੋਗਤਾ ਅਤੇ ਉਨ੍ਹਾਂ ਬਾਰੇ ਤੱਥਾਂ ਦੀ ਜਾਂਚ ਕਰਕੇ ਆਪਣੀ ਟੀਮ ਚੁਣੀ ਹੈ। ਸਾਰੇ ਆਗੂਆਂ ਖ਼ਿਲਾਫ ਲੱਗੇ ਦੋਸ਼ਾਂ ਨੂੰ ਉਨ੍ਹਾਂ ਆਧਾਰਹੀਣ ਕਰਾਰ ਦਿੱਤਾ ਹੈ।