ਸ਼ਿਵ ਸੈਨਾ ਸਵੈ-ਮਾਣ ਦੀ ਕੀਮਤ ‘ਤੇ ਸੱਤਾ ਦੀ ਭੁੱਖੀ ਨਹੀਂ ਹੈ : ਊਧਵ ਠਾਕਰੇ
ਐਨ ਐਨ ਬੀ
ਮੁੰਬਈ – ਜਦੋਂ ਕੇਂਦਰੀ ਵਜ਼ਾਰਤ ‘ਚ ਸ਼ਿਵ ਸੈਨਾ ਦੇ ਆਗੂ ਨੂੰ ਮੰਤਰੀ ਬਣਾਉਣ ਦੀ ਤਿਆਰੀ ਹੋ ਚੁੱਕੀ ਸੀ ਤਾਂ ਸ਼ਿਵ ਸੈਨਾ ਨੇ ਐਨ ਮੌਕੇ ‘ਤੇ ਅਨਿਲ ਦੇਸਾਈ ਨੂੰ ਵਾਪਸ ਮੁੰਬਈ ਸੱਦ ਲੈਣ ਤੋਂ ਜ਼ਾਹਰ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਸ਼ਕਤੀ ਪ੍ਰਦਰਸ਼ਨ ’ਤੇ ਉਤਰੀਆਂ ਭਾਜਪਾ ਅਤੇ ਸ਼ਿਵ ਸੈਨਾ ਦਾ ਰੇੜਕਾ ਬਰਕਰਾਰ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਭਾਜਪਾ ਕੇਂਦਰ ਅਤੇ ਰਾਜ ਲਈ ਵੱਖੋ-ਵੱਖਰੇ ਮਾਪਦੰਡ ਤੈਅ ਨਾ ਕਰੇ ਅਤੇ ਦੋ ਦਿਨਾਂ ਅੰਦਰ ਸਾਰੀ ਸਥਿਤੀ ਸਪਸ਼ਟ ਕਰੇ। ਓਧਰ ਭਾਜਪਾ ਨੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੁਰੇਸ਼ ਪ੍ਰਭੂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਕੈਬਨਿਟ ਮੰਤਰੀ ਦੇ ਅਹੁਦੇ ਨਾਲ਼ ਨਿਵਾਜ ਕੇ ਊਧਵ ਠਾਕਰੇ ਨੂੰ ਵੱਡਾ ਝਟਕਾ ਦਿੱਤਾ ਹੈ। ਉਹ ਮੰਤਰੀ ਬਣਨ ਦੀ ਸਵੇਰ ਵੇਲ਼ੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਹਾਰਾਸ਼ਟਰ ‘ਚ ਭਾਜਪਾ ਨੇ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਐਨ ਸੀ ਪੀ ਤੋਂ ਹਮਾਇਤ ਲਈ ਤਾਂ ਉਹ ਵਿਰੋਧੀ ਧਿਰ ‘ਚ ਬੈਠਣਾ ਪਸੰਦ ਕਰਨਗੇ। ਪਾਰਟੀ ਵਿਧਾਨਕਾਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਸਵੈ-ਮਾਣ ਦੀ ਕੀਮਤ ‘ਤੇ ਸੱਤਾ ਦੀ ਭੁੱਖੀ ਨਹੀਂ ਹੈ। ‘ਜੇਕਰ ਅਸੀਂ ਸੱਤਾ ਦੇ ਭੁੱਖੇ ਹੁੰਦੇ ਤਾਂ ਅਸੀਂ ਕੇਂਦਰੀ ਵਜ਼ਾਰਤ ‘ਚ ਵਿਸਥਾਰ ਦੌਰਾਨ ਕੁਝ ਵੀ ਕਬੂਲ ਕਰ ਲੈਂਦੇ।’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੇ ਦੋ ਦਿਨਾਂ ‘ਚ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਸ਼ਿਵ ਸੈਨਾ ਵਿਰੋਧੀ ਧਿਰ ‘ਚ ਬੈਠੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਐਨ ਸੀ ਪੀ ਦੀ ਹਮਾਇਤ ਲੈ ਲੈਂਦੀ ਹੈ ਤਾਂ ਇਹ ਰਾਜ ਅਤੇ ਦੇਸ਼ ਦੀ ਬਦਕਿਸਮਤੀ ਹੋਵੇਗੀ। ਊਧਵ ਨੇ ਇਹ ਵੀ ਜੋੜ ਦਿੱਤਾ ਕਿਹਾ ਕਿ ਹਿੰਦੂਤਵ ਤਾਕਤਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਪਰ ਜੇਕਰ ਭਾਜਪਾ, ਐਨ ਸੀ ਪੀ ਦੇ ਨਾਲ ਜਾਂਦੀ ਹੈ ਤਾਂ ਉਨ੍ਹਾਂ ਦੇ ਰਸਤੇ ਜੁਦਾ ਹੋਣਗੇ। ਇਸ ਸ਼ਰਤ ਤੋਂ ਜ਼ਾਹਰ ਹੈ ਕਿ ਸ਼ਿਵ ਸੈਨਾ ਹਾਲੇ ਵੀ ਦਬਾਅ ਦੀ ਨੀਤੀ ’ਤੇ ਚੱਲ ਰਹੀ ਹੈ, ਹਾਲਾਂਕਿ ਚੋਣ ਫ਼ਤਵੇ ਨੇ ਤਾਕਤ ਵਧਣ ਦੇ ਬਾਵਜੂਦ ਉਸਨੂੰ ਭਾਜਪਾ ਦੇ ਸਾਹਮਣੇ ਕਮਜ਼ੋਰ ਕਰ ਦਿੱਤਾ ਹੈ, ਜਿਸਨੇ ਤੋੜ-ਵਿਛੋੜੇ ਨੂੰ ਅਵਸਰ ਬਣਾ ਲਿਆ ਸੀ। ਠਾਕਰੇ ਨੇ ਕਿਹਾ, ”ਐਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਹੀ ‘ਭਗਵਾ ਅਤਿਵਾਦ’ ਦਾ ਨਾਅਰਾ ਬੁਲੰਦ ਕੀਤਾ ਸੀ। ਉਨ੍ਹਾਂ ਦੇ ਆਗੂ ਹੀ ਇਸ਼ਰਤ ਜਹਾਂ ਦੇ ਘਰ ਜਾਣ ਵਾਲਿਆਂ ‘ਚ ਸ਼ਾਮਲ ਸਨ।”