NewZNew (Amritsar) : ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਗ਼ੈਰਮਾਨਤਾ ਪ੍ਰਾਪਤ ਕਲੋਨੀਆਂ ਦੇ ਪਲਾਟ ਤੇ ਹੋਰ ਜਾਇਦਾਦ ਹੋਲਡਰਾਂ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕਰਨ ਵਿੱਚ ਹੋ ਰਹੀ ਦੇਰੀ ਲਈ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਵਿੱਚ ਲੱਗੀ ਦੌੜ ਨੂੰ ਜ਼ਿੰਮੇਵਾਰ ਦੱਸਿਆ ਹੈ।
ਇੱਕ ਬਿਆਨ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਪ੍ਰੇਸ਼ਾਨ ਹਨ ਅਤੇ ਇਸ ਦਾ ਪ੍ਰਾਪਟੀ ਦੀ ਖ਼ਰੀਦੋ ਫਰੋਖ਼ਤ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਛੋਟੇ ਪੱਧਰ ‘ਤੇ ਪ੍ਰਾਪਰਟੀ ਦੇ ਲੈਣ ਦੇਣ ਵੀ ਰੁੱਕ ਗਏ ਹਨ, ਜਿਸ ਕਾਰਨ ਛੋਟੇ ਵਪਾਰੀਆਂ ਤੋਂ ਇਲਾਵਾ ਵਿਅਕਤੀਗਤ ਇਸਤੇਮਾਲ ਲਈ ਪਲਾਟ ਜਾਂ ਮਕਾਨ ਖ੍ਰੀਦਣ ਜਾਂ ਵੇਚਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਸਰਕਾਰ ਵੱਲੋਂ ਕਈ ਵਾਅਦੇ ਕਰਨ ਤੋਂ ਬਾਅਦ ਗੈਰ ਮਾਨਤਾ ਪ੍ਰਾਪਤ ਕਲੋਨੀਆਂ ਨੂੰ ਰੈਗੁਲਰ ਕਰਨ ਲਈ ਐਨ.ਓ.ਸੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਹੋ ਰਹੀ ਦੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਤੇ ਭਾਜਪਾ ਆਗੂਆਂ ਵਿੱਚ ਬੇਭਰੋਸੇਗੀ ਕਾਰਨ ਅਕਾਲੀ ਆਗੂ ਅਜਿਹਾ ਕੋਈ ਵੀ ਫ਼ੈਸਲਾ ਲੈਣ ਤੋਂ ਬੱਚ ਰਹੇ ਹਨ।