ਐਨ ਐਨ ਬੀ
ਚੇਨਈ – ਐਨਾ ਡੀ ਐਮ ਕੇ ਸੁਪਰੀਮੋ ਜੈਲਲਿਤਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚਾਰ ਸਾਲ ਦੀ ਜੇਲ੍ਹ ਹੋਣ ਮਗਰੋਂ ਤਾਮਿਲਨਾਡੂ ਦੇ ਵਿੱਤ ਮੰਤਰੀ ਓ ਪਾਨੀਰਸੇਲਵਮ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਧਰ ਅੰਨਾ ਡੀ ਐਮ ਕੇ ਅਤੇ ਡੀ ਐਮ ਕੇ ਵਰਕਰਾਂ ’ਚ ਝੜਪਾਂ ਦੇ ਮਾਮਲੇ ’ਚ ਐਮ ਕਰੁਣਾਨਿਧੀ ਅਤੇ ਐਮ ਕੇ ਸਟਾਲਿਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜੈਲਲਿਤਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਤਾਮਿਲਨਾਡੂ ’ਚ ਹੋਈ ਹਿੰਸਾ ਹੁਣ ਸ਼ਾਂਤ ਹੋ ਗਈ ਹੈ ਅਤੇ ਆਮ ਜਨਜੀਵਨ ਲੀਹ ’ਤੇ ਆ ਗਿਆ ਹੈ।
ਨਰਮ ਸੁਭਾਅ ਮੰਨੇ ਜਾਂਦੇ 63 ਸਾਲਾ ਪਾਨੀਰਸੇਲਵਮ ਨੇ 2001 ’ਚ ਜੈਲਲਿਤਾ ਦੇ ਅਹੁਦੇ ਤੋਂ ਹਟਣ ਬਾਅਦ ‘ਅੰਤਰਮ ਮੁੱਖ ਮੰਤਰੀ ਵਜੋਂ ਛੇ ਮਹੀਨਿਆਂ ਲਈ ਕੁਰਸੀ ਸੰਭਾਲੀ ਸੀ ਅਤੇ ਕੇਸ ’ਚੋਂ ਬਰੀ ਹੋਣ ਬਾਅਦ ਉਨ੍ਹਾਂ ਜੈਲਲਿਤਾ ਲਈ ਅਹੁਦਾ ਖਾਲੀ ਕਰ ਦਿੱਤਾ ਸੀ। ਪਾਨੀਰਸੇਲਵਮ ਅਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਉਹ ਚੇਨਈ ਪੁੱਜ ਗਏ ਹਨ।
ਜੈਲਲਿਤਾ ਨੂੰ ਜੇਲ੍ਹ ਹੋਣ ਤੋਂ ਬਾਅਦ ਤਾਮਿਲਨਾਡੂ ’ਚ ਹਿੰਸਾ ਹੋਈ ਪਰ ਅੱਜ ਹਾਲਾਤ ਆਮ ਵਾਂਗ ਹੋ ਗਏ ਹਨ। ਬੰਗਲੌਰ ਲਈ ਅੰਤਰਰਾਜੀ ਬੱਸ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤਣਾਅ ਨੂੰ ਦੇਖਦਿਆਂ ਪੁਲੀਸ ਥਾਂ- ਥਾਂ ’ਤੇ ਚੌਕਸੀ ਰੱਖ ਰਹੀ ਹੈ।
ਜ਼ਮਾਨਤ ਲਈ ਹਾਈਕੋਰਟ ’ਚ ਅੱਜ ਪਾਏਗੀ ਅਰਜ਼ੀ
ਬੰਗਲੌਰ/ਚੇਨਈ : ਅੰਨਾ ਡੀ ਐਮ ਕੇ ਮੁਖੀ ਜੇ ਜੈਲਲਿਤਾ ਨੂੰ ਜ਼ਮਾਨਤ ਦਿਵਾਉਣ ਲਈ ਉਨ੍ਹਾਂ ਦੇ ਵਕੀਲ ਕਰਨਾਟਕ ਹਾਈਕੋਰਟ ਦਾ ਰੁਖ ਕਰਨਗੇ। ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ’ਚ ਹੋਈ ਸਜ਼ਾ ਦੇ ਫੈਸਲੇ ’ਤੇ ਰੋਕ ਲਈ ਵੀ ਰਣਨੀਤੀ ਘੜ ਰਹੇ ਹਨ ਅਤੇ ਪੁਨਰ ਵਿਚਾਰ ਪਟੀਸ਼ਨ ਵੀ ਪਾ ਸਕਦੇ ਹਨ। ਹਾਈ ਕੋਰਟ ’ਚ ਭਾਵੇਂ 29 ਸਤੰਬਰ ਤੋਂ 6 ਅਕਤੂਬਰ ਤੱਕ ਦੁਸਹਿਰੇ ਦੀਆਂ ਛੁੱਟੀਆਂ ਹੋ ਰਹੀਆਂ ਹਨ ਪਰ ਵੋਕੇਸ਼ਨ ਬੈਂਚ ਮੰਗਲਵਾਰ ਇਸ ਕੇਸ ਦੀ ਸੁਣਵਾਈ ਕਰ ਸਕਦਾ ਹੈ। ਜੈਲਲਿਤਾ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਹੋਣ ਕਰਕੇ ਉਨ੍ਹਾਂ ਨੂੰ ਜ਼ਮਾਨਤ ਹਾਈ ਕੋਰਟ ਹੀ ਦੇ ਸਕਦਾ ਹੈ।