spot_img
24.7 C
Chandigarh
spot_img
spot_img
spot_img

Top 5 This Week

Related Posts

ਪੰਜਾਬੀ ਮੂਲ ਦੇ ਖੱਟਰ ਹੋਣਗੇ ਹਰਿਆਣਾ ਦੇ ਪਹਿਲੇ ਭਾਜਪਾ ਮੁੱਖ ਮੰਤਰੀ

MANOHAR-LAL-KHATTAR

ਸ਼ਬਦੀਸ਼
ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਲਹਿਰ ’ਤੇ ਸਵਾਰ ਹੋ ਕੇ ਜਿੱਤੀ ਹੈ। ਇਸਦੀ ਸੂਬਾਈ ਲੀਡਰਸ਼ਿੱਪ ਅੰਦਰ ਇੱਕ ਵੀ ਚਿਹਰਾ ਨਹੀਂ ਸੀ, ਜਿਸਨੂੰ 10 ਸਾਲਾਂ ਬਾਅਦ ਸੱਤਾ ਤੋਂ ਬਾਹਰ ਜਾਣ ਵਾਲੀ ਕਾਂਗਰਸ ਦੇ ਬਦਲ ਵਜੋਂ ਖੜਾ ਕਰਕੇ ਵੋਟ ਖਿੱਚੀ ਜਾ ਸਕੇ। ਇਨ੍ਹਾਂ ਹਾਲਾਤ ਵਿੱਚ ਨਰਿੰਦਰ ਮੋਦੀ-ਅਮਿਤ ਸ਼ਾਹ ਜੋੜੀ ਦੀ ਪਸੰਦ ਹੀ ਮੁੱਖ ਮੰਤਰੀ ਦੇ ਅਹੁੱਦੇ ਦਾ ਆਧਾਰ ਬਣਨੀ ਸੀ। ਜੇ ਸੁਸ਼ਮਾ ਸਵਰਾਜ ਦੀ ਭੈਣ ਚੋਣ ਘੋਲ ਵਿੱਚ ਜੇਤੂ ਰਹਿੰਦੀ ਤਾਂ ਉਹ ਵੀ ਮੁੱਖ ਮੰਤਰੀ ਬਣ ਸਕਦੇ ਸਨ। ਹੁਣ 40 ਸਾਲਾਂ ਤੋਂ ਸੰਘ ਦੇ ਵਰਕਰ ਚਲੇ ਆ ਰਹੇ ਖੱਟਰ ਨੇ ਨਰਿੰਦਰ ਮੋਦੀ ਨਾਲ ਸਾਂਝ ਸਦਕਾ ਅਨਿਲ ਵਿੱਜ ਤੇ ਕੈਪਟਨ ਅਭਿਮੰਨਿਯੂ ਨੂੰ ਪਛਾੜਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਉਹ ਆਰ.ਐਸ.ਐਸ. ਪ੍ਰਚਾਰਕ ਰਹੇ ਹਨ ਅਤੇ ਕਰਨਾਲ ਵਿਧਾਨ ਸਭਾ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨੋਹਰ ਲਾਲ ਖੱਟਰ ਹਰਿਆਣਾ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਵਜੋਂ 26 ਅਕਤੂਬਰ ਨੂੰ ਪੰਚਕੂਲਾ ਦੇ ਤਾਊ ਦੇਵੀ ਸਟੇਡੀਅਮ ਵਿੱਚ ਅਹੁੱਦੇ ਦੀ ਸਹੁੰ ਚੁੱਕਣ ਜਾ ਰਹੇ ਹਨ।
ਮਨੋਹਰ ਲਾਲ ਖੱਟਰ ਨੂੰ ਯੂ.ਟੀ. ਗੈਸਟ ਹਾਊਸ ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵਿਧਾਇਕ ਦਲ ਦੇ ਨੇਤਾ ਚੁਣ ਲਿਆ ਗਿਆ ਸੀ। ਉਨ੍ਹਾਂ ਦਾ ਨਾਂ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਪ੍ਰਧਾਨ ਰਾਮ ਵਿਲਾਸ ਸ਼ਰਮਾ ਨੇ ਪੇਸ਼ ਕੀਤਾ, ਜੋ ਮੁੱਖ ਮੰਤਰੀ ਦੇ ਅਹੁੱਦੇ ਲਈ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਸਨ। ਇਸਦੀ ਤਾਈਦ ਕਰਨ ਵਾਲਿਆਂ ਵਿੱਚ ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਦਲ ਦੇ ਨੇਤਾ ਅਨਿਲ ਵਿਜ, ਓ.ਪੀ. ਧਨਖੜ, ਕੈਪਟਨ ਅਭਿਮੰਨਿਊ ਅਤੇ ਸੋਨੀਪਤ ਤੋਂ ਵਿਧਾਇਕਾ ਕਵਿਤਾ ਜੈਨ ਨੇ ਕੀਤੀ। ਜ਼ਾਹਰ ਹੈ ਕਿ ਇਹ ਭਾਜਪਾ ਹਾਈਕਮਾਨ ਦੀ ਇੱਛਾ ’ਤੇ ਲਗਾਈ ਮੋਹਰ ਦੀ ਰਸਮ ਅਦਾਇਗੀ ਹੀ ਸੀ, ਜਿਸਨੂੰ ਵਿਧਾਇਕ ਦਲ ਦੀ ਜਮਹੂਰੀ ਚੋਣ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਹੁਣ ਤੱਕ ਦੇ ਦਾਅਵੇਦਾਰਾਂ ਵੱਲੋਂ ਤਾਈਦ ਕੀਤੇ ਜਾਣ ਨੂੰ ਭਵਿੱਖੀ ਖ਼ਤਰਾ ਟਾਲਣ ਵਜੋਂ ਡਿਜ਼ਾਇਨ ਕੀਤਾ ਗਿਆ ਸੀ।
ਵਿਧਾਇਕ ਦਲ ਦਾ ਨੇਤਾ ਸ੍ਰੀ ਖੱਟਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਭੇਦ-ਭਾਵ ਖਤਮ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਯਕੀਨੀ ਬਣਾਇਅ ਜਾਵੇਗਾ ਅਤੇ ਰਾਜ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ’ਤੇ ਚਲੇਗੀ। ਕੇਂਦਰੀ ਮੰਤਰੀ ਤੇ ਭਾਜਪਾ ਵੱਲੋਂ ਮੁੱਖ ਮੰਤਰੀ ਦੀ ਚੋਣ ਲਈ ਭੇਜੇ ਨਿਗਰਾਨ ਵੈਂਕੇਈਆ ਨਾਇਡੂ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਪੰਚਕੂਲਾ ਦੇ ਤਾਊ ਦੇਵੀ ਸਟੇਡੀਅਮ ਵਿੱਚ ਦੀਵਾਲੀ ਤੋਂ ਬਾਅਦ 26 ਅਕਤੂਬਰ ਨੂੰ ਹੋਵੇਗਾ।
ਨਰਿੰਦਰ ਮੋਦੀ ਤੇ ਆਰ ਐਸ ਐਸ ਦੀ ਸਿੱਧੀ ਸਰਪ੍ਰਸਤੀ

60 ਸਾਲਾਂ ਖੱਟਰ ਰੋਹਤਕ ਜ਼ਿਲ੍ਹੇ ਦੇ ਪਿੰਡ ਨਿਨਦਾਨਾ ਦੇ ਵਾਸੀ ਹਨ ਤੇ ਉਹ 1977 ਵਿੱਚ ਆਰ.ਐਸ.ਐਸ. ਦੇ ਸੰਪਰਕ ਵਿੱਚ ਆਏ ਸਨ। ਉਸ ਤੋਂ ਬਾਅਦ ਉਹ 1980 ਵਿੱਚ ਸੰਘ ਦੇ ਪ੍ਰਚਾਰਕ ਬਣ ਗਏ। ਉਨ੍ਹਾਂ ਨੂੰ 1994 ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣਾ ਦਾ ਜਨਰਲ ਸਕੱਤਰ ਬਣਾਇਆ ਗਿਆ। 1996 ਵਿੱਚ ਉਨ੍ਹਾਂ ਨੂੰ ਇਕ ਹੋਰ ਪ੍ਰਚਾਰਕ ਤੇ ਹਰਿਆਣਾ ਭਾਜਪਾ ਮਾਮਲਿਆਂ ਦੇ ਇੰਚਾਰਜ ਨਰਿੰਦਰ ਮੋਦੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸ ਦੌਰ ਦੀ ਸਾਂਝ ਹੀ ਕੰਮ ਆਈ ਹੈ।

ਇਕਲੌਤੇ ਬਸਪਾ ਵਿਧਾਇਕ ਤੇ ਤਿੰਨ ਆਜ਼ਾਦ ਵੀ ਸਮਰਥਕ ਬਣੇ

ਬਹੁਜਨ ਸਮਾਜ ਪਾਰਟੀ ਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ। ਬਸਪਾ ਦੇ ਇਕਲੌਤੇ ਵਿਧਾਇਕ ਟੇਕ ਚੰਦ ਸ਼ਰਮਾ, ਜੋ ਪ੍ਰਿਥਲਾ ਸੀਟ ਤੋਂ ਪਾਰਟੀ ਵੱਲੋਂ ਜਿੱਤੇ ਹਨ, ਨੇ ਅਚਾਨਕ ਭਾਜਪਾ ਸਰਕਾਰ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਇਹਦੇ ਨਾਲ ਹੀ ਤਿੰਨ ਆਜ਼ਾਦ ਵਿਧਾਇਕ ਰਵਿੰਦਰ ਮਛਰੌਲੀ (ਸਮਾਲਖਾ ਸੀਟ), ਰਾਇਸ ਖਾਨ (ਪੁਨਹਾਨਾ) ਤੇ ਦਿਨੇਸ਼ ਕੌਸ਼ਿਕ (ਪੁੰਡਰੀ) ਨੇ ਵੀ ਭਾਜਪਾ ਦੇ ਸਮਰਥਨ ਵਿੱਚ ਸੂਬੇ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਪੱਤਰ ਸੌਂਪ ਦਿੱਤੇ ਹਨ।

Popular Articles