ਰਾਜ ਅੰਦਰ ਹੋਵੇਗੀ 1000 ਮੈਗਾਵਾਟ ਸਮੱਰਥਾ ਵਾਲੇ ਸੂਰਜੀ ਊਰਜਾ ਪਾਰਕ ਦੀ ਸਥਾਪਨਾ ਬਿਕਰਮ ਸਿੰਘ ਮਜੀਠੀਆ
ਸੂਰਜੀ ਊਰਜਾ ਸਬੰਧੀ ਸਰਕਾਰ ਵੱਲੋਂ ਨੈਟ ਮਿਟਰਿੰਗ ਨੀਤੀ ਮੰਜੂਰ
ਖੇਤੀ ਖੇਤਰ ਲਈ ਸੂਰਜੀ ਊਰਜਾ ਨਾਲ ਪੈਦਾ ਕੀਤੀ ਜਾਵੇਗੀ ਬਿਜਲੀ
ਲੰਬੀ ਹਲਕੇ ਵਿਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ34 ਮੈਗਾਵਾਟ ਦੇ ਸੂਰਜੀ ਊਰਜਾ ਪ੍ਰੋਜੈਕਟ ਦਾ ਉਦਘਾਟਨ
ਲੰਬੀ (ਸ੍ਰੀ ਮੁਕਤਸਰ ਸਾਹਿਬ):
ਪੰਜਾਬ ਸਰਕਾਰ ਦੇ ਨਿੱਗਰ ਯਤਨਾਂ ਨਾਲ ਪੰਜਾਬ ਵਿਚ ਇਸ ਸਾਲ ਦੇ ਆਖੀਰ ਤੱਕ ਸੂਰਜੀ ਊਰਜਾ ਸ਼ੋ੍ਰਤ ਤੋਂ 250 ਮੈਗਾਵਾਟ ਬਿਜਲੀ ਪੈਦਾ ਹੋਣ ਲੱਗੇਗੀ ਜਦ ਕਿ ਅਗਾਮੀ ਦੋ ਸਾਲਾਂ ਵਿਚ ਸੂਰਜੀ ਊਰਜਾ ਦੇ ਗੈਰ ਰਵਾਇਤੀ ਸ਼ੋ੍ਰਤ ਤੋਂ ਪੰਜਾਬ ਵਿਚ 2000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ।
ਇਹ ਗੱਲ ਅੱਜ ਇੱਥੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਜਾਵਾ ਵਿਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਅਤੇ ਪੰਜਾਬ ਦੇ ਛੇਵੇਂ ਸੂਰਜੀ ਊਰਜਾ ਪ੍ਰੋਜੈਕਟ ਦੇ ਉਦਘਾਟਨ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਪਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿਚ ਸੇਮ ਪ੍ਰਭਾਵਿਤ ਖੇਤਰਾਂ ਦੀ ਗੈਰਉਪਜਾਊ ਜਮੀਨ ਵਿਚ ਵੀ ਸੂਰਜੀ ਊੁਰਜਾ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ ਤਾਂ ਜੋ ਬੇਅਬਾਦ ਪਈ ਜਮੀਨ ਤੋਂ ਕਿਸਾਨਾਂ ਨੂੰ ਵੀ ਆਮਦਨ ਮਿਲ ਸਕੇ ਅਤੇ ਰਾਜ ਦੀਆਂ ਭੱਵਿਖੀ ਲੋੜਾਂ ਲਈ ਬਿਜਲੀ ਦੀਆਂ ਜਰੂਰਤਾਂ ਵੀ ਪੂਰੀਆਂ ਹੋ ਸਕਣ।
ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚ ਟਿਊਬਵੈਲ ਚਲਾਊਣ ਲਈ ਉਨਾਂ ਦੇ ਖੇਤਾਂ ਵਿਚ ਹੀ ਲਘੂ ਸੂਰਜੀ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਇਸ ਤਰਾਂ ਕਿਸਾਨਾਂ ਨੂੰ ਮੁਫ਼ਤ ਦੇ ਭਾਅ ਨਿਯਮਿਤ ਅਤੇ ਸਾਫ ਸੁੱਥਰੀ ਬਿਜਲੀ ਮਿਲ ਸਕੇਗੀ। ਉਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂੁਬਾ ਹੋਵੇਗਾ ਜਿਸ ਵੱਲੋਂ ਨੈਟ ਮਿਟਰਿੰਗ ਨੀਤੀ ਲਾਗੂ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਕੋਈ ਵੀ ਵਿਅਕਤੀ ਆਪਣੇ ਘਰ ਜਾਂ ਇਮਾਰਤਾਂ ਦੀ ਛੱਤ ਤੇ ਸੂਰਜੀ ਉਰਜਾ ਪੈਦਾ ਕਰਨ ਲਈ ਸੋਲਰ ਪੈਨਲ ਸਥਾਪਿਤ ਕਰ ਸਕੇਗਾ। ਇਸ ਤਰਾਂ ਲੋਕ ਆਪਣੀ ਜਰੂਰਤ ਤੋਂ ਵੱਧ ਦੀ ਬਿਜਲੀ ਗਰਿੱਡ ਨੂੰ ਵੇਚ ਸਕਣਗੇ। ਇਸ ਤਰਾਂ ਜਿੱਥੇ ਬਿਜਲੀ ਦੀ ਖਪਤ ਘਟਣ ਨਾਲ ਬਿੱਲ ਘਟੇਗਾ ਉਥੇ ਹੀ ਗਰਿੱਡ ਨੂੰ ਵੇਚੀ ਬਿਜਲੀ ਬਦਲੇ ਆਮ ਲੋਕ ਆਮਦਨ ਵੀ ਹਾਸਲ ਕਰ ਸਕਣਗੇ।
ਇਸ ਮੌਕੇ ਉਪ ਮੁੱਖ ਮੰਤਰੀ ਸ: ਬਾਦਲ ਨੇ ਇਲਾਕਾ ਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਉਣ ਦੇ ਨਾਲ ਨਾਲ ਰਾਜ ਦੇ ਸਨਅਤੀ ਵਿਕਾਸ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਰਾਜ ਵਿਚ ਬਿਹਤਰ ਬੁਨਿਆਦੀ ਸਹੁਲਤਾਂ ਕਾਰਨ ਨਿਵੇਸ ਲਈ ਸੁਖਾਵਾ ਮਹੌਲ ਹੈ ਇਸੇ ਕਾਰਨ ਵੱਡੇ ਪੱਧਰ ਤੇ ਨਿਵੇਸ਼ਕ ਪੰਜਾਬ ਆ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਲੱਗਣਵਾਲੇ ਇੰਨਾਂ ਉਦਯੋਗਾਂ ਕਾਰਨ ਰਾਜ ਦਾ ਜਿੱਥੇ ਆਰਥਿਕ ਵਿਕਾਸ ਹੋਵੇਗਾ ਉੱਥੇ ਹੀ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਇਸ ਮੌਕੇ ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨਾਂ ਕਿਹਾ ਕਿ ਸੂਰਜੀ ਸ਼ੋ੍ਰਤ ਤੋਂ ਪੈਦਾ ਹੋਣ ਵਾਲੀ ਬਿਜਲੀ ਪੂਰੀ ਤਰਾਂ ਨਾਲ ਪ੍ਰਦੁਸ਼ਨ ਮੁਕਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਸਮੇਂ ਵੱਧ ਰਹੀ ਭੁਮੰਡਲੀ ਤਪਸ਼ ਵੱਡੀ ਕੌਮਾਂਤਰੀ ਚਿੰਤਾ ਹੈ ਅਜਿਹੇ ਵਿਚ ਸੂਰਜੀ ਊਰਜਾ ਸਭ ਤੋਂ ਬਿਹਤਰ ਵਿਕਲਪ ਹੈ। ਉਨਾਂ ਕਿਹਾ ਕਿ ਕੋਲੇ ਦੇ ਭੰਡਾਰ ਲਗਾਤਾਰ ਘਟਦੇ ਜਾਣੇ ਹਨ ਜਦ ਕਿ ਸੂਰਜੀ ਊਰਜਾ ਚਿਰਸਥਾਈ ਅਤੇ ਕਦੇ ਨਾ ਖਤਮ ਹੋਣ ਵਾਲਾ ਊਰਜਾ ਸ਼੍ਰੋਤ ਹੈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ 350 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇੱਥੋਂ 34 ਮੈਗਾਵਾਟ ਬਿਜਲੀ ਪੈਦਾ ਹੋ ਸਕੇਗੀ। ਇਹ ਸੋਲਰ ਪਾਵਰ ਪ੍ਰੋਜੈਕਟ ਅਜ਼ੂਰ ਪਾਵਰ ਕੰਪਨੀ ਨੇ ਸਥਾਪਿਤ ਕੀਤਾ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਇਸੇ ਸਾਲ ਜਨਵਰੀ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਖੁਦ ਰੱਖਿਆ ਸੀ ਅਤੇ ਇਹ ਪ੍ਰੋਜੈਕਟ ਆਪਣੇ ਨਿਰਧਾਰਿਤ ਸਮੇਂ ਤੋਂ 4 ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋ ਗਿਆ ਹੈ।
ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰੀ ਗੈਰ ਰਿਵਾਇਤੀ ਅਤੇ ਨਵਿਆਉਣਯੋਗ ਉਰਜਾ ਮੰਤਰਾਲੈ ਵਲੋਂ ਪਹਿਲੇ ਫੇਜ਼ ਤਹਿਤ ਪੰਜਾਬ ਵਿਚ 1000 ਮੈਗਾਵਾਟ ਸਮਰੱਥਾ ਦੇ ਅਤਿ ਆਧੂਨਿਕ ਸੂਰਜੀ ਉਰਜਾ ਪਾਰਕ ਨੂੰ ਪ੍ਰਵਾਨਗੀ ਦੇਣ ਉਪਰੰਤ ਪੰਜਾਬ ਸਰਕਾਰ ਨੇ ਇੱਕ ਵਿਆਪਕ ਅਧਿਐਨ ਉਪਰੰਤ ਰਾਜ ਅੰਦਰ ਉਪਲਭੱਧ ਪੰਚਾਇਤੀ ਅਤੇ ਗੈਰ ਕਾਸ਼ਤਯੋਗ ਜ਼ਮੀਨਾਂ ਦੀ ਸ਼ਨਾਖਤ ਦਾ ਕੰਮ ਮੁਕੰਮਲ ਕਰ ਲਿਆ ਹੈ ਤਾਂ ਜੋ ਜ਼ਮੀਨ ਦੀ ਉਪਲਭੱਧਤਾ ਅਨੁਸਾਰ ਸੂਰਜੀ ਉਰਜਾ ਪ੍ਰਾਜੈਕਟ ਲਾਏ ਜਾ ਸਕਣ। ਉਨਾਂ ਦੱਸਿਆ ਕਿ ਵਿਸ਼ਵ ਦਾ ਸਭ ਤੋਂ ਵੱਡਾ ਰੂਫ ਟਾਪ ਸੂਰਜੀ ਉਰਜਾ ਪ੍ਰਾਜੈਕਟ ਵੀ ਪੰਜਾਬ ਵਿਚ ਹੀ, ਜਿਸ ਦੀ ਸਮਰੱਥਾ 7.5 ਮੈਗਾਵਾਟ ਹੈ, ਬਿਆਸ ਵਿਖੇ ਬਣ ਕੇ ਤਿਆਰ ਹੋ ਗਿਆ ਅਤੇ ਹੁਣ ਇਸ ਦੀ ਸਮੱਰਥਾ ਦੁੱਗਣੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਅਜ਼ੂਰ ਪਾਵਰ ਕੰਪਨੀ ਦੇ ਚੇਅਰਮੈਨ ਸ੍ਰੀ ਐਚ. ਐਸ.ਵਧਵਾ ਨੇ ਸਭ ਨੂੰ ਜੀ ਆਇਆ ਨੂੰ ਆਖਿਆ ਤੇ 170 ਏਕੜ ਵਿਚ ਬਣੇ ਇਸ ਪਲਾਂਟ ਤੋਂ 250 ਪਿੰਡਾਂ ਦੀ ਜਰੂਰਤ ਲਈ ਬਿਜਲੀ ਪੈਦਾ ਹੋ ਸਕੇਗੀ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਕਾਰਨ ਉਨਾਂ ਦੀ ਕੰਪਨੀ ਪੰਜਾਬ ਵਿਚ ਅਜਿਹੇ ਹੋਰ ਪ੍ਰੋਜੈਕਟ ਵੀ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪੀ.ਆਰ.ਟੀ.ਸੀ. ਸ: ਅਵਤਾਰ ਸਿੰਘ ਬਰਾੜ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜੀ ਬਰਕੰਦੀ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਅਜ਼ੂਰ ਪਾਵਰ ਕੰਪਨੀ ਦੇ ਸੀ.ਈ.ਓ. ਸ੍ਰੀ ਇੰਦਰਪ੍ਰੀਤ ਵਧਵਾ ਅਤੇ ਕੋਫਾਉਂਡਰ ਸ੍ਰੀ ਪ੍ਰੀਤ ਸੰਧੂ , ਸ: ਸਤਿੰਦਰਜੀਤ ਸਿੰਘ ਮੰਟਾ, ਸ: ਨਵਦੀਪ ਸਿੰਘ ਬਰਾੜ, ਵੀਰਪਾਲ ਕੌਰ ਤਰਮਾਲਾ ਮੈਂਬਰ ਮਹਿਲਾ ਕਮਿਸ਼ਨ ਪੰਜਾਬ, ਪੇਡਾ ਦੇ ਐਮ.ਡੀ. ਸ: ਬਲੌਰ ਸਿੰਘ, ਚੇਅਰਮੈਨ ਸ: ਬਸੰਤ ਸਿੰਘ ਕੰਗ, ਜੱਥੇਦਾਰ ਨਵਤੇਜ ਸਿੰਘ ਕਾਊਣੀ, ਸ: ਰਣਜੋਧ ਸਿੰਘ ਲੰਬੀ, ਸ: ਮਨਜੀਤ ਸਿੰਘ ਲਾਲਬਾਈ, ਸ: ਸਤਿੰਦਰਜੀਤ ਸਿੰਘ ਸਵੀ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਜਸਵਿੰਦਰ ਸਿੰਘ ਧੌਲਾ, ਆਦਿ ਵੀ ਹਾਜਰ ਸਨ।