ਐਨ ਐਨ ਬੀ
ਰਈਆ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜੰਡਿਆਲਾ ਗੁਰੂ ਵਿਧਾਨ ਸਭਾ ਦੇ ਵੱਖ ਵੱਖ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿਣ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਨਾਦਰਸ਼ਾਹੀ ਰਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਅੰਮ੍ਰਿਤਸਰ ਦੇ ਇੱਕਲੇ ਮਕਬੂਲਪੁਰਾ ਖੇਤਰ ਵਿੱਚ ਹੀ ਨਸ਼ਿਆਂ ਕਾਰਣ 800 ਦੇ ਕਰੀਬ ਔਰਤਾਂ ਵਿਧਵਾ ਹੋ ਚੁੱਕੀਆਂ ਹਨ। ਅਕਾਲੀ ਸਰਕਾਰ ਵੇਲੇ ਨਸ਼ਿਆਂ ਦਾ 6000 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦਾ ਭੁਗਤਾਨ ਤਕਰੀਬਨ 20 ਦਿਨਾਂ ਤੋਂ ਨਹੀਂ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਵਿਕਾਸ ਦੇ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਝੂਠ ਬੋਲ ਰਿਹਾ ਹੈ। ਰਾਜ 56000 ਕਰੋੜ ਦੇ ਨੀਹ ਪੱਥਰ ਰੱਖੇ ਗਏ ਹਨ ਪਰ ਅਸਲੀਅਤ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰੱਗ ਕੇਸ ਵਿੱਚ ਫ਼ੜੇ ਜਗਦੀਸ਼ ਭੋਲਾ ਵੱਲੋਂ ਜਿਨ੍ਹਾਂ ਵਿਅਕਤੀਆਂ ਦੇ ਨਸ਼ੇ ਦੀ ਸਮਗਲਿੰਗ ਵਿੱਚ ਨਾਂ ਲਏ ਗਏ ਹਨ, ਉਨ੍ਹਾਂ ਵਿੱਚੋਂ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਗਰ ਕੌਂਸਲ ਚੋਣਾਂ ਜਾਣਬੁੱਝ ਕੇ ਨਹੀਂ ਕਰਵਾ ਰਹੀ, ਜਿੱਥੇ ਕਾਂਗਰਸ ਮੂੰਹ ਤੋੜ ਜਵਾਬ ਦੇਵੇਗੀ ਅਤੇ ਇਹ ਚੋਣਾਂ ਗਠਜੋੜ ਸਰਕਾਰ ਦੇ ਪਤਨ ਦਾ ਕਾਰਣ ਬਣਨਗੀਆਂ। ਉਨ੍ਹਾਂ ਕਿਹਾ ਕਿ ਇਸ ਨਾਦਰਸ਼ਾਹੀ ਸ਼ਾਸਨ ਤੋਂ ਮੁਕਤੀ ਦਿਵਾਉਣ ਲਈ ਕਾਂਗਰਸ ਪਾਰਟੀ 14 ਨਵੰਬਰ ਨੂੰ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਤੇ ਪੰਜਾਬ ਬਚਾਉ ਜਨ ਮੁਹਿੰਮ ਸ਼ੁਰੂ ਕਰੇਗੀ।