ਐਨ ਐਨ ਬੀ ਬਾਘਾ ਪੁਰਾਣਾ – ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜ਼ਾ ਦਹਿਸ਼ਤਗਰਦੀ ਦਾ ਦੁਖਾਂਤ ਨਹੀਂ ਹੈ, ਬਲਕਿ ਬਾਦਲ ਸਰਕਾਰ ਦੀਆਂ ਬੇਤਰਕ ਯੋਜਨਾਵਾਂ ਅਤੇ ਨੀਤੀਆਂ ਦਾ ਸਿੱਟਾ ਹੈ। ਇਹ ਇਲਜਾਮ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਲਗਾਏ ਹਨ। ਬੀਬੀ ਭੱਠਲ ਸਥਾਨਕ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਊ ਅਮਰਨਾਥ ਦੇ ਗ੍ਰਹਿ ਵਿੱਚ ਇੱਕ ਸਮਾਜਿਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਅਕਾਲੀ-ਭਾਜਪਾ ਦੇ ਬੇਅਸੂਲੇ ਅਤੇ ਸੁਆਰਥੀ ਗੱਠਜੋੜ ਬਾਰੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਹਰਿਆਣਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਖੇਰੂੰ-ਖੇਰੂੰ ਹੋ ਜਾਵੇਗਾ। ਉਨ੍ਹਾਂ ਕਾਂਗਰਸ ਪਾਰਟੀ ਦੀ ਜੱਗ-ਜ਼ਾਹਰ ’ਤੇ ਪਰਦਾਪੋਸ਼ੀ ਕਰਦਿਆਂ ਕਿਹਾ ਕਿ ਇਹ ਅਫਵਾਹਾਂ ਸੱਤਾਧਾਰੀ ਧਿਰਾਂ ਆਪਣੇ ਗੱਠਜੋੜ ’ਦੇ ਕਾਟੋ-ਕਲੇਸ਼ ਕਾਰਨ ਉਡਾ ਰਹੀਆਂ ਹਨ। ਬੀਬੀ ਭੱਠਲ ਨੇ ਸੂਬੇ ਪੰਜਾਬ ਅੰਦਰ 2017 ‘ਚ ਸਪੱਸ਼ਟ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਪੇਸ਼ੀਨਗੋਈ ਵੀ ਕੀਤੀ।