ਪੰਜਾਬ ਕਾਂਗਰਸ ਕੇਡਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਤੱਕ ਜਾਵੇਗੀ : ਬਿੱਟੂ
ਐਨ ਐਨ ਬੀ
ਲੁਧਿਆਣਾ – ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਬਾਗ਼ੀ ਸੁਰਾਂ ਨੇ ਉਸ ਸਮੇਂ ਤੇਜ਼ੀ ਫੜ ਲਈ, ਜਦੋਂ ਨਾਰਾਜ਼ ਪਾਰਟੀ ਵਰਕਰਾਂ ਨੇ ਉਨ੍ਹਾਂ ਸਾਹਮਣੇ ‘ਗੋ ਬੈਕ’ ਦੇ ਨਾਅਰੇ ਲਾਏ ਅਤੇ ਕਾਲੇ ਝੰਡੇ ਦਿਖਾਏ। ਕਾਂਗਰਸ ਵਰਕਰਾਂ ਨੇ ‘ਬਾਜਵਾ ਹਟਾਓ, ਕਾਂਗਰਸ ਬਚਾਓ’ ਦੇ ਨਾਅਰਿਆਂ ਨਾਲ ਮਾਹੌਲ ਨੂੰ ਗਰਮਾ ਦਿੱਤਾ। ਇਸ ਦੌਰਾਨ ਕਾਂਗਰਸ ਦੇ ਦੋ ਗੁਟਾਂ ਵਿੱਚ ਹਲਕੀ ਝੜਪ ਵੀ ਹੋਈ ਅਤੇ ਪੁਲੀਸ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ। ਉਧਰ ਵਿਰੋਧ ਤੋਂ ਗੁੱਸੇ ’ਚ ਆਏ ਬਾਜਵਾ ਨੇ ਪੱਤਰਕਾਰਾਂ ਨਾਲ ਵੀ ਰੁੱਖਾ ਵਿਵਹਾਰ ਕੀਤਾ ਅਤੇ ਕਹਿ ਦਿੱਤਾ ਕਿ ਯੂ ਆਰ ਨਾਟ ਇਨਵਾਈਟਿਡ (ਤੁਹਾਨੂੰ ਸੱਦਾ ਨਹੀਂ ਦਿੱਤਾ ਗਿਆ ਹੈ)।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਕਸ਼ੈ ਭਨੋਟ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਅੱਜ ਬਾਜਵਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਫਿਰੋਜ਼ ਗਾਂਧੀ ਮਾਰਕੀਟ ’ਚ ਇਕ ਹੋਟਲ ਦੇ ਬਾਹਰ ਬਾਜਵਾ ਦਾ ਇੰਤਜ਼ਾਰ ਕਰ ਰਹੇ ਸਨ। ਹੋਟਲ ’ਚ ਪ੍ਰਧਾਨ ਅਤੇ ਪਾਰਟੀ ਵਰਕਰਾਂ ਵਿਚਕਾਰ ਦੁਪਹਿਰ ਦੇ ਖਾਣੇ ’ਤੇ ਬੈਠਕ ਸੀ। ਜਿਓਂ ਹੀ ਬਾਜਵਾ ਹੋਟਲ ਦੇ ਬਾਹਰ ਪਹੁੰਚੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਲੁਧਿਆਣਾ ਛੱਡਣ ਦੇ ਨਾਅਰੇ ਲਾਏ। ਇਕ ਵਰਕਰ ਨੇ ਕਾਰ ਦੇ ਵਾਈਪਰ ਨੂੰ ਚੁੱਕ ਕੇ ਉਸ ਉਪਰ ਪੋਸਟਰ ਚਿਪਕਾ ਦਿੱਤਾ ਜਿਸ ’ਤੇ ਲਿਖਿਆ ਹੋਇਆ ਸੀ ‘ਪ੍ਰਤਾਪ ਬਾਜਵਾ ਗੋ ਬੈਕ ਅਤੇ ਬਾਜਵਾ ਹਟਾਓ, ਕਾਂਗਰਸ ਬਚਾਓ।’
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬਾਜਵਾ ਦੇ ਕੁਝ ਸਮਰਥਕਾਂ ਨੇ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ। ਇਕ ਪਾਰਟੀ ਵਰਕਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਅਪਸ਼ਬਦ ਬੋਲੇ ਗਏ। ਵਿਵਾਦ ਭਖਦਾ ਵੇਖ ਕੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸ਼ਾਂਤ ਕੀਤਾ। ਭਨੋਟ ਨੇ ਕਿਹਾ,‘‘ਮੇਰੀ ਪ੍ਰਤਾਪ ਸਿੰਘ ਬਾਜਵਾ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਹੈ, ਪ੍ਰੰਤੂ ਮੈਂ ਚਾਹੁੰਦਾ ਹਾਂ ਕਿ ਬਾਜਵਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ, ਕਿਉਂਕਿ ਉਹ ਪਾਰਟੀ ਦੀ ਅਗਵਾਈ ਕਰਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਲਾਇਕ ਨਹੀਂ ਹਨ।’’
ਪ੍ਰਦੇਸ਼ ਕਾਂਗਰਸ ਪ੍ਰਧਾਨ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ’ਚ ਜਾਨ ਫੂਕਣ ਅਤੇ ਇਕਜੁੱਟਤਾ ਦਾ ਪਾਠ ਪੜ੍ਹਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਲੁਧਿਆਣੇ ਵਿੱਚ ਹਨ, ਜਿਨ੍ਹਾਂ ਨੂੰ ਨਵਾਂ ਪ੍ਰਧਾਨ ਥਾਪੇ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਹਟਾਉਣ ਲਈ ਦਸਤਖ਼ਤੀ ਮੁਹਿੰਮ ਸ਼ੁਰੂ ਹੋਈ ਸੀ ਅਤੇ ਫਿਰ ਪੁਤਲੇ ਵੀ ਫੂਕੇ ਗਏ ਸਨ ਅਤੇ ਗੁਣ ਗੱਡੀ ਘੇਰ ਕੇ ‘ਗੋ ਬੈਕ’ ਦੇ ਨਾਅਰੇ ਲਗਾਏ ਗਏ ਹਨ।
ਪੰਜਾਬ ਕਾਂਗਰਸ ਕੇਡਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਤੱਕ ਜਾਵੇਗੀ : ਬਿੱਟੂ
ਮੁੱਲਾਂਪੁਰ ਦਾਖਾ – ਜੇ ਸੰਨ 2017 ਦੀਆਂ ਵਿਧਾਨ ਸਭਾ ਚੋਣ ਜਿੱਤਣੀ ਹੈ ਅਤੇ ਕਾਂਗਰਸ ਪਾਰਟੀ ਨੂੰ ਮੁੜ ਸਹੀ ਲੀਹ ’ਤੇ ਲਿਆਉਣਾ ਹੈ ਤਾਂ ਕਾਂਗਰਸੀ ਆਗੂ ਆਪਣੇ ਬਿਆਨ ਪ੍ਰੈਸ ਨੂੰ ਦੇਣ ਤੋਂ ਸੰਕੋਚ ਕਰਨ ਅਤੇ ਪਾਰਟੀ ਦੀਆਂ ਆਪਸੀ ਸਮੱਸਿਆਵਾਂ ਦਾ ਹੱਲ ਸੂਝ-ਬੂਝ ਨਾਲ ਮਿਲ ਬੈਠ ਕੇ ਕੀਤਾ ਜਾਵੇ। ਉਕਤ ਵਿਚਾਰ ਲੋਕ ਸਭਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਿੰਡ ਮੁੱਲਾਂਪੁਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਪ੍ਰਗਟ ਕੀਤੇ।
ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਸੂਬੇ ਅੰਦਰ ਕਾਂਗਰਸੀ ਕੇਡਰ ਨੂੰ ਮਜ਼ਬੂਤ ਕਰਨ ਲਈ ਹੁਣ ਜ਼ਮੀਨੀ ਪੱਧਰ ਤੱਕ ਜਾ ਕੇ ਨਵੀਂ ਭਰਤੀ ਕਰੇਗੀ ਤਾਂ ਜੋ 2017 ਦੀਆਂ ਵਿਧਾਨ ਸਭਾ ਚੋਣ ਜਿੱਤ ਸਕੇ। ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਜ਼ਿਲ੍ਹਾ ਪੱਧਰ ਤੇ ਫਿਰ ਬਲਾਕ ਪੱਧਰ ’ਤੇ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਅਕਾਲੀ-ਭਾਜਪਾ ਰਿਸ਼ਤੇ ਵਿੱਚ ਆ ਰਹੀ ਤਰੇੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਸਿਆਸੀ ਡਰਾਮਾ ਹੈ, ਜੋ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਖੇਡਿਆ ਜਾ ਰਿਹਾ ਹੈ, ਜਦ ਕਿ ਹਕੀਕਤ ਵਿੱਚ ਭਾਜਪਾ ਸ਼ਹਿਰੀ ਹਿੰਦੂ ਵੋਟਾਂ ਅਤੇ ਅਕਾਲੀ ਪਿੰਡਾਂ ਵਿੱਚੋਂ ਸਿੱਖ ਵੋਟ ਬਟੋਰਨ ਲਈ ਇਕੱਠੇ ਹੋਣ ਦਾ ਨਾਟਕ ਕਰਨਗੇ। ਬਿੱਟੂ ਨੇ ਕਾਲੇ ਧਨ ਬਾਰੇ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਮੁੰਗੇਰੀ ਲਾਲ ਵਾਲੇ ਸੁਪਨੇ ਦਿਖਾ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।