ਸ਼ਬਦੀਸ਼
ਚੰਡੀਗੜ੍ਹ-ਪੰਜਾਬੀ ਰੰਗਮੰਚ ਤੋਂ ਫਿਲਮ ਜਗਤ ਵਿੱਚ ਪੱਕੇ ਪੈਰੀਂ ਹੋਏ ਬੀਨੂ ਢਿਲੋਂ ਨੇ ਮੁੜ ਰੰਗਮੰਚ ਵੱਲ ਰੁਖ਼ ਕੀਤਾ ਹੈ। ਉਸਦਾ ਨਾਟਕ ‘ਐਨ ਆਰ ਆਈ-ਨਹੀਂ ਰਹਿਣਾ ਇੰਡੀਆ’ ਭਾਰਤੀ ਨਿਜਾਮ ’ਤੇ ਕਟਾਖ਼ਸ਼ ਹੋਵੇਗਾ, ਜਿਸਨੇ ਹਰ ਭਾਰਤੀ ਦੇ ਮਨ ਅੰਦਰ ਵਿਦੇਸ਼ ਜਾ ਕੇ ਸੈੱਟ ਹੋਣ ਦੀ ਲਲਕ ਪੈਦਾ ਕਰ ਦਿੱਤੀ ਹੈ। ਥੀਏਟਰ ਵਰਕਰਜ਼ ਵੈਲਫੇਅਰ ਸੋਸਾਇਟੀ ਵੱਲੋਂ ਤਿਆਰ ਕੀਤੇ ਗਏ ਨਾਟਕ ਵਿੱਚ ਬੀਨੂ ਢਿਲੋਂ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ ਤੇ ਰਾਵਿੰਦਰ ਮੰਡ ਸਮੇਤ ਨੌ ਕਲਾਕਾਰ ਕੰਮ ਕਰ ਰਹੇ ਹਨ। ਪ੍ਰਵਾਸੀ ਪੰਜਾਬੀਆਂ ਵੱਲੋਂ ਪਸੰਦ ਕੀਤੇ ਇਸ ਨਾਟਕ ਦਾ ਪਹਿਲਾ ਸ਼ੋਅ 1 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੋਵੇਗਾ ਅਤੇ 2 ਅਕਤੂਬਰ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਪੇਸ਼ ਕੀਤਾ ਜਾਵੇਗਾ।
ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਨੂ ਢਿਲੋਂ ਨੇ ਦੱਸਿਆ ਕਿ ਉਹ ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਹਨ ਅਤੇ ਇਸ ਵਿੱਚ ਭਾਰਤੀ ਸਿਸਟਮ ਦੀ ਖਾਮੀਆਂ ’ਤੇ ਚੋਟ ਕੀਤੀ ਗਈ ਹੈ। ਨਾਟਕ ਦੇ ਨੌ ਅਦਾਕਾਰ 25 ਤੋਂ ਵੱਧ ਕਿਰਦਾਰ ਨਿਭਾ ਰਹੇ ਹਨ ਅਤੇ ਦੇਸ਼ ਦੇ ਤੰਤਰ ਦੀਆਂ ਕਈ ਝਾਕੀਆਂ ਵਿਖਾ ਕੇ ‘ਨਹੀਂ ਰਹਿਣਾ ਇੰਡੀਆ’ ਦੀ ਮਨੋਦਸ਼ਾ ਪੇਸ਼ ਕਰ ਰਹੇ ਹਨ। ਉਸਨੇ ਥੀਏਟਰ ਵੱਲ ਵਾਪਸੀ ਦੇ ਸਵਾਲ ’ਤੇ ਜਵਾਬ ਦਿੰਦਿਆਂ ਕਿਹਾ ਕਿ ਰੰਗਮੰਚ ਦੀ ਪੈਦਾਇਸ਼ ਹਾਂ ਤੇ ਇਸ ਪ੍ਰਤੀ ਫ਼ਰਜ਼ ਹੀ ਸਾਨੂੰ ਵਾਪਸ ਖਿੱਚ ਕੇ ਲੈ ਆਇਆ ਹੈ। ਇਹ ਚੈਰਿਟੀ ਸ਼ੋਅ ਹੈ, ਹਾਲਾਂਕਿ ਐਂਟਰੀ ਮੁਫ਼ਤ ਮਿਲਣ ਵਾਲੇ ਪਾਸ ’ਤੇ ਹੋਵੇਗੀ।
ਬੀ ਐਨ ਸ਼ਰਮਾ ਨੇ ਦੱਸਿਆ ਕਿ ਉਹ ਰੰਗਮੰਚ ਦੇ ਦਿਨਾਂ ਨੂੰ ਭੁੱਲੇ ਨਹੀਂ ਹਨ ਅਤੇ 2 ਅਕਤੂਬਰ ਨੂੰ ਫਿਰ ਓਸੇ ਟੈਗੋਰ ਥੀਏਟਰ ਵਿੱਚ ਹਾਜ਼ਰ ਹੋਵਾਂਗਾ, ਜਿੱਥੋਂ ਸਫ਼ਰ ਦਾ ਆਗਾਜ਼ ਹੋਇਆ ਸੀ। ਇਹ ਜੜ੍ਹਾਂ ਵੱਲ ਵਾਪਸੀ ਵੀ ਹੈ ਅਤੇ ਪੇਸ਼ਕਾਰੀ ਦੌਰਾਨ ਮਿਲਣ ਵਾਲੇ ਹੁੰਗਾਰੇ ਦਾ ਸਰੂਰ ਮਾਨਣ ਦੀ ਚਾਹਤ ਵੀ ਹੈ, ਜਿਸ ਲਈ ਫਿਲਮਾਂ ਕਰਨ ਪਿੱਛੋਂ ਮਹੀਨਿਆਂ ਬੱਧੀ ਇੰਤਜਾਰ ਕਰਨਾ ਪੈਂਦਾ ਹੈ। ਇਸ ਸਮੇਂ ਕਰਮਜੀਤ ਅਨਮੋਲ ਨੇ ਵੀ ਆਪਣੇ ਪ੍ਰੋਡਕਟ ’ਤੇ ਮਾਣ ਹੋਣ ਦੀ ਗੱਲ ਸਾਂਝੀ ਕੀਤੀ।
ਟੈਗੋਰ ਤੋਂ ਮਿਲ਼ਣਗੇ ਪਾਸ
ਰੀਵੀਵਾ ਹੇਅਰ ਟ੍ਰਾਂਸਪਲਾਟਿੰਗ ਕਲੀਨਿਕ ਵੱਲੋਂ ਸਪਾਂਸਰ ਕੀਤੇ ਜਾ ਰਹੇ ਨਾਟਕ ਦੇ ਪਾਸ ਟੈਗੋਰ ਥੀਏਟਰ ’ਚੋਂ ਓਸੇ ਦਿਨ ਵੀ ਮਿਲ਼ ਸਕਦੇ ਹਨ।