ਮੰਡੀਆਂ ਵਿੱਚ ਝੋਨਾ ਭਿੱਜਿਆ, ਖੜ੍ਹੀ ਫ਼ਸਲਾਂ ਦਾ ਵੀ ਹੋਇਆ ਨੁਕਸਾਨ
ਐਨ ਐਨ ਬੀ
ਚੰਡੀਗੜ੍ਹ – ਪੰਜਾਬ ਦੇ ਕਈ ਖੇਤਰਾਂ ਵਿੱਚ ਤੂਫਾਨੀ ਹਵਾ ਤੇ ਮੋਹਲੇਧਾਰ ਮੀਂਹ ਕਾਰਨ ਝੋਨੇ ਤੇ ਬਾਸਮਤੀ ਤਾਂ ਕੀ, ਕਮਾਦ ਦੀ ਫ਼ਸਲ ਵਿਛ ਗਈ ਹੈ। ਆਲੂ ਅਤੇ ਮਟਰਾਂ ਦੀ ਬਿਜਾਈ ਵੀ ਰੁਕ ਗਈ ਹੈ ਅਤੇ ਮੰਡੀਆਂ ਵਿੱਚ ਬਾਰਸ਼ ਕਾਰਨ ਬਾਸਮਤੀ ਵਿਕਣੋਂ ਰਹਿ ਗਈ ਹੈ। ਜਿਨਸ ਵਿੱਚ ਵਧਰੇਰੇ ਨਮੀ ਤੇ 40 ਕਿਲੋ ਦੀ ਭਰਾਈ ਦੇ ਵਿਵਾਦ ਕਾਰਨ ਵੀ ਜਿਨਸ ਵਿਕਣ ਵਿੱਚ ਦਿੱਕਤ ਰਹੀ ਹੈ ਅਤੇ ਪ੍ਰਾਈਵੇਟ ਵਪਾਰੀਆਂ ਨੇ ਬੋਲੀ ਦੇਣ ਤੋਂ ਟਾਲਾ ਵੱਟੀ ਰੱਖਿਆ ਹੈ। ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀ ਬਾਸਮਤੀ ਦੀ ਕਟਾਈ ਵੀ ਰੁਕ ਗਈ ਹੈ। ਹੁਣ ਬਾਸਮਤੀ ਮੰਡੀਆਂ ਵਿੱਚ ਰੁਲ਼ ਗਈ ਹੈ ਅਤੇ ਝੋਨੇ ਦੀਆਂ ਦੂਜੀਆਂ ਵੰਨਗੀਆਂ ਵਾਢੀ ਤੋਂ ਪਹਿਲਾਂ ਹੀ ਨੁਕਸਾਨੀਆਂ ਗਈਆਂ ਹਨ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ 2 ਮਿਲੀਮੀਟਰ, ਲੁਧਿਆਣਾ ਵਿੱਚ ਇਕ ਮਿਲੀਮੀਟਰ, ਨਵਾਂ ਸ਼ਹਿਰ ਵਿੱਚ 3.2 ਮਿਲੀਮੀਟਰ, ਬਠਿੰਡਾ ਵਿੱਚ 2. 9 ਮਿਲੀਮੀਟਰ ਅਤੇ ਜਲੰਧਰ ਵਿੱਚ 3.4 ਮਿਲੀਮੀਟਰ ਬਾਰਸ਼ ਹੋਈ ਹੈ। ਪਟਿਆਲਾ, ਫ਼ਿਰੋਜ਼ਪੁਰ, ਮਾਨਸਾ, ਫ਼ਤਿਹਗੜ੍ਹ ਤੇ ਪਠਾਨਕੋਟ ਵਿੱਚ ਕਿਣਮਿਣ ਹੋਈ ਹੈ ਪਰ ਇਹ ਦਰਜ ਨਹੀਂ ਕੀਤੀ ਗਈ। ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਹਵਾ ਚੱਲੀ ਪਰ ਮੀਂਹ ਨਹੀਂ ਪਿਆ। ਹਰਿਆਣਾ ਵਿੱਚ ਅੰਬਾਲਾ ਸਮੇਤ ਦੂਜੇ ਜ਼ਿਲ੍ਹਿਆਂ ‘ਚ ਬਦਲਵਾਈ ਬਣੀ ਹੋਈ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ 3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।
ਜਲੰਧਰ ਖੇਤਰ ਵਿੱਚ ਤੇਜ਼ ਹਵਾ ਨਾਲ ਖੜ੍ਹੀ ਫ਼ਸਲ ਵਿਛ ਗਈ ਹੈ ਤੇ ਵਾਢੀ ਰੁਕ ਗਈ ਹੈ। ਜ਼ਿਲ੍ਹੇ ਦੀਆਂ 75 ਤੋਂ ਵੱਧ ਮੰਡੀਆਂ ਵਿੱਚ ਝੋਨਾ ਭਿੱਜ ਗਿਆ। ਇੱਥੇ ਬੱਦਲ ਹੋਣ ਕਾਰਨ ਮੀਂਹ ਦੇ ਪੂਰੇ ਆਸਾਰ ਸਨ। ਇਸ ਦੇ ਬਾਵਜੂਦ ਢੁਕਵੇਂ ਇੰਤਜ਼ਾਮ ਨਹੀਂ ਕੀਤੇ ਗਏ। ਦੁਪਹਿਰ ਬਾਅਦ ਆਏ ਜ਼ੋਰਦਾਰ ਮੀਂਹ ਤੋਂ ਝੋਨੇ ਨੂੰ ਬਚਾਉਣ ਲਈ ਤਰਪਾਲਾਂ ਵੀ ਘਟ ਗਈਆਂ। ਮੰਡੀਆਂ ਵਿੱਚੋਂ ਖ਼ਰੀਦੇ ਝੋਨੇ ਦੇ ਪਏ ਹੋਣ ਕਾਰਨ ਵੀ ਕਿਸਾਨਾਂ ਨੂੰ ਪ੍ਰੇਸ਼ਾਨੀ ਹੋਈ।
ਜਿਲ੍ਹਾ ਕਪੂਰਥਲਾ ਵਿੱਚ ਵੀ ਤੇਜ਼ ਹਨ੍ਹੇਰੀ ਅਤੇ ਬਾਰਸ਼ ਨੇ ਮੰਡੀਆਂ ਵਿੱਚ ਝੋਨਾ ਵੇਚਣ ਗਏ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਤੇ ਝੋਨੇ ਦੀ ਪੱਕੀ ਖੜ੍ਹੀ ਫ਼ਸਲ ਦਾ ਵੀ ਨੁਕਸਾਨ ਹੋ ਗਿਆ। ਦਾਣਾ ਮੰਡੀ ਟਿੱਬਾ, ਤਲਵੰਡੀ ਚੌਧਰੀਆਂ, ਕਬੀਰਪੁਰ, ਡੱਲਾ ਤੇ ਸੁਲਤਾਨਪੁਰ ਲੋਧੀ ਆਦਿ ਵਿੱਚ ਕਿਸਾਨਾਂ ਨੇ ਦੱਸਿਆ ਕਿ ਉਹ ਬੇਸ਼ੱਕ ਪੂਰੀ ਤਰ੍ਹਾਂ ਪੱਕਣ ਮਗਰੋਂ ਹੀ ਝੋਨਾ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ ਪਰ ਸਰਕਾਰੀ ਏਜੰਸੀਆਂ ਸੋਨੇ ਵਰਗੀ ਫ਼ਸਲ ਖ਼ਰੀਦਣ ਤੋਂ ਮੂੰਹ ਫੇਰ ਰਹੀਆਂ ਹਨ। ਇਸ ਕਰਕੇ ਉਨ੍ਹਾਂ ਨੂੰ ਹਫ਼ਤਾ ਭਰ ਮੰਡੀ ਵਿੱਚ ਬੈਠਣ ਮਗਰੋਂ ਵੀ ਪ੍ਰਾਈਵੇਟ ਵਪਾਰੀਆਂ ਨੂੰ ਘੱਟ ਮੁੱਲ ‘ਤੇ ਝੋਨਾ ਦੇਣਾ ਪੈ ਰਿਹਾ ਹੈ। ਹੁਣ ਮੀਂਹ ਪੈਣ ਨਾਲ ਪ੍ਰਾਈਵੇਟ ਵਪਾਰੀਆਂ ਦੀ ਹੋਰ ਵੀ ਚਾਂਦੀ ਹੋ ਗਈ ਹੈ।
ਨਡਾਲਾ ਵਿੱਚ ਤੇਜ਼ ਬਾਰਸ਼ ਤੇ ਹਨ੍ਹੇਰੀ ਨੇ ਕਿਸਾਨਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਅਚਾਨਕ ਬਾਰਸ਼ ਕਾਰਨ ਮੰਡੀਆਂ ਵਿੱਚ ਝੋਨਾ ਭਿੱਜ ਗਿਆ। ਕਿਸਾਨ ਤੇ ਮਜ਼ਦੂਰ ਝੋਨੇ ਦੀਆਂ ਢੇਰੀਆਂ ਨੂੰ ਢਕਣ ਲਈ ਦੌੜ-ਭੱਜ ਕਰਦੇ ਰਹੇ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਜਲੰਧਰ ਦੀ ਆਦਮਪੁਰ ਮੰਡੀ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਕਿਸਾਨ ਤੇ ਆੜ੍ਹਤੀ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢਕਣ ਵਿੱਚ ਲੱਗੇ ਰਹੇ। ਦਾਣਾ ਮੰਡੀ ਵਿੱਚ ਇਕ ਆੜ੍ਹਤੀ ਨੇ ਦੱਸਿਆ ਕਿ ਖ਼ਰੀਦੇ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਇਸਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਸਿਰ ਹੈ। ਇਸੇ ਤਰ੍ਹਾਂ ਬੋਹਦੀਨਪੁਰ, ਅਲਾਵਲਪੁਰ, ਧੀਰੋਵਾਲ ਤੇ ਹੋਰ ਫੋਕਲ ਪੁਆਇੰਟਾਂ ‘ਤੇ ਵੀ ਮੀਂਹ ਕਾਰਨ ਝੋਨਾ ਭਿੱਜ ਗਿਆ। ਮੀਂਹ ਨਾਲ ਚੱਲੀ ਤੇਜ਼ ਹਵਾ ਕਾਰਨ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਵਿਛ ਗਈ।